ਨਿਹਾਲ ਸਿੰਘ ਵਾਲਾ: ਸਾਂਝੇ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਮਜ਼ਦੂਰ ਦੀਆਂ ਮੰਗਾਂ ਮਸਲਿਆਂ ਦੇ ਹੱਲ ਲਈ ਪਟਿਆਲਾ ਵਿੱਚ 9,10 ਅਤੇ 11 ਅਗਸਤ ਦੇ ਤਿੰਨ ਰੋਜ਼ਾ ਧਰਨੇ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਬਲਾਕ ਪ੍ਰਧਾਨ ਮਨਜੀਤ ਕੌਰ ਦੀ ਅਗਵਾਈ ਹੇਠ ਬਾਬਾ ਜੀਵਨ ਸਿੰਘ ਨਗਰ ਨਿਹਾਲ ਸਿੰਘ ਵਾਲਾ ਵਿੱਚ ਜਾਗੋ ਤੇ ਝੰਡਾ ਮਾਰਚ ਕੱਢਿਆ ਗਿਆ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਰਮਨ ਦੀਪ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਜਾਗੋ ਮੌਕੇ ਲੋਕ ਬੋਲੀਆਂ ਸਿੱਠਣੀਆਂ ਰਾਹੀਂ ਕੇਂਦਰ ਸਰਕਾਰ ਤੇ ਮੋਦੀ ਨੂੰ ਖਰੀਆਂ ਖਰੀਆਂ ਬੋਲੀਆਂ ਸੁਣਾਈਆਂ। ਝੰਡਾ ਮਾਰਚ ਦੌਰਾਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਗੁਰਪ੍ਰੀਤ ਕੌਰ, ਕਿਰਨ ਕੌਰ ਨੇ ਕਿਹਾ ਕਿ ਬਗੈਰ ਮਾਈਕਰੋ ਕੰਪਨੀਆਂ ਦਾ ਕਰਜ਼ਾ ਮੁਆਫ਼ ਕੀਤੇ ਸਰਕਾਰ ਦੀ ਕਰਜ਼ਾ ਮੁਕਤੀ ਯੋਜਨਾ ਅਧੂਰੀ ਹੈ। 9,10,11 ਅਗਸਤ ਦੇ ਪਟਿਆਲਾ ਪ੍ਰੋਗਰਾਮ ਲਈ ਸਰਗਰਮ ਲਹਿਰ ਚੱਲ ਰਹੀ ਹੈ। -ਪੱਤਰ ਪ੍ਰੇਰਕ