ਜੋਗਿੰਦਰ ਸਿੰਘ ਮਾਨ
ਮਾਨਸਾ, 20 ਸਤੰਬਰ
ਪੰਜਾਬ ਵਿੱਚ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਵੱਲੋਂ ਅੱਜ ਸਵੇਰ ਤੋਂ ਹੀ ਹੜਤਾਲ ਆਰੰਭ ਕਰ ਦਿੱਤੀ ਗਈ, ਜਿਸ ਕਾਰਨ ਸਵਾਰੀਆਂ ਨੂੰ ਸਭ ਤੋਂ ਵੱਧ ਪ੍ਰੇਸ਼ਾਨ ਹੋਣਾ ਪਿਆ। ਭਾਵੇਂ ਇਹ ਹੜਤਾਲ ਸ਼ਾਮ ਨੂੰ ਖੋਲ੍ਹ ਦਿੱਤੀ ਗਈ ਪਰ ਉਦੋਂ ਤੱਕ ‘ਸਾਡੀ ਸਵਾਰੀ ਸਭ ਤੋਂ ਪਿਆਰੀ’ ਦਾ ਨਾਅਰਾ ਲਾਉਣ ਵਾਲੀ ਪੈਪਸੂ ਕਾਰਪੋਰੇਸ਼ਨ ਵੱਲੋਂ ਬੱਸਾਂ ਬੰਦ ਕਾਰਨ ਲੋਕਾਂ ਨੂੰ ਅੱਡਿਆਂ ’ਤੇ ਖੱਜਲ-ਖੁਆਰ ਹੋਣਾ ਪਿਆ।
ਇਹ ਹੜਤਾਲ ਕੱਚੇ ਕਾਮਿਆਂ ਵੱਲੋਂ ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਨਾ ਮੰਨਣ ਦੇ ਵਿਰੋਧ ਵਿਚ ਕੀਤੀ ਗਈ ਹੈ। ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਹੜਤਾਲ ਦਾ ਸਭ ਤੋਂ ਵੱਧ ਖੁਮਿਆਜ਼ਾ ਮਹਿਲਾ ਸਵਾਰੀਆਂ ਨੂੰ ਝੱਲਣਾ ਪੈ ਰਿਹਾ ਹੈ, ਜਿਨ੍ਹਾਂ ਨੂੰ ਸਰਕਾਰੀ ਬੱਸਾਂ ਵਿਚ ਟਿਕਟ ਮੁਆਫ਼ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪੱਕੇ ਮੁਲਾਜ਼ਮਾਂ ਦੇ ਆਸਰੇ ਹਰ ਰੂਟ ਉਤੇ ਬੱਸ ਸੇਵਾ ਨੂੰ ਜਾਰੀ ਰੱਖਣ ਦਾ ਹਰ ਉਪਰਾਲਾ ਕੀਤਾ ਗਿਆ ਹੈ। ਪੀਆਰਟੀਸੀ ਬੁਢਲਾਡਾ ਡਿਪੂ ਦੇ ਇੱਕ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਲੋਕ ਸੇਵਾ ਲਈ ਬੱਸਾਂ ਨੂੰ ਚਲਾਉਣ ਦਾ ਹਰ ਉਪਰਾਲਾ ਕੀਤਾ ਗਿਆ ਹੈ।
ਬਠਿੰਡਾ (ਮਨੋਜ ਸ਼ਰਮਾ): ਇੱਥੇ ਪੀਆਰਟੀਸੀ ਅਤੇ ਪਨਬੱਸ ਯੂਨੀਅਨ ਵੱਲੋਂ ਹੜਤਾਲ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਬੱਸਾਂ ਦਾ ਚੱਕਾ ਜਾਮ ਕੀਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੀਆਰਟੀਸੀ ਯੂਨੀਅਨ ਦੇ ਪ੍ਰਧਾਨ ਕੁਲਵੰਤ ਸਿੰਘ ਮਨੇਸ, ਰਵਿੰਦਰ ਸਿੰਘ, ਮੀਤ ਪ੍ਰਧਾਨ ਸਰਬਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਸਵੇਰ ਤੋਂ ਪਹਿਲਾਂ ਟਾਈਮ 4 ਵਜੇ ਤੋਂ ਲੈ ਕਿ ਸ਼ਾਮ 4 ਵਜੇ ਤੱਕ ਬੱਸਾਂ ਚੱਕਾ ਜਾਮ ਰੱਖਿਆ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਯੂਨੀਅਨ ਦੀ ਮੀਟਿੰਗ ਵਿਚ ਮੰਗਾਂ ਲਾਗੂ ਕਰਨ ਦਾ ਸੁਨੇਹਾ ਮਿਲਣ ’ਤੇ ਜਾਮ ਖੋਲ੍ਹਿਆ ਗਿਆ। ਗੌਰਤਲਬ ਹੈ ਕਿ ਕਾਮਿਆਂ ਦੀਆਂ ਤਨਖ਼ਾਹਾਂ ਵਿਚ ਸਾਲਾਨਾ ਪੰਜ ਫ਼ੀਸਦੀ ਵਾਧੇ ਅਤੇ ਰਿਪੋਰਟਾਂ ਬਣਾ ਕੇ ਨੌਕਰੀ ਤੋਂ ਫ਼ਾਰਗ ਕੀਤੇ ਗਏ ਮੁਲਜ਼ਮਾਂ ਨੂੰ ਦੁਬਾਰਾ ਦੀ ਆਗੂਆਂ ਵੱਲੋਂ ਪੁਸ਼ਟੀ ਕੀਤੀ ਗਈ। ਪੀਆਰਟੀਸੀ ਅਤੇ ਪਨਬੱਸ ਕਾਮਿਆਂ ਦੇ ਹੜਤਾਲ ’ਤੇ ਜਾਣ ਕਾਰਨ ਨਿੱਜੀ ਬੱਸਾਂ ਨੂੰ ਆਰਥਿਕ ਹੁਲਾਰਾ ਮਿਲਿਆ ਅਤੇ ਆਮ ਲੋਕ ਖੱਜਲ-ਖ਼ੁਆਰ ਹੁੰਦੇ ਰਹੇ।