Vita Plant Gheraoed: ਪਸ਼ੂ ਪਾਲਕਾਂ ਅਤੇ ਕਿਸਾਨਾਂ ਨੇ ਵੀਟਾ ਪਲਾਂਟ ਦਾ ਘਿਰਾਓ ਕੀਤਾ
ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ; ਦੁੱਧ ਦੇ ਰੇਟ ਵਧਾਉਣ ਦੀ ਕੀਤੀ ਮੰਗ, ਤਿੰਨ ਰੋਜ਼ਾ ਹੜਤਾਲ ਦਾ ਕੀਤਾ ਐਲਾਨ
ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦੀ ਮੰਗ ਲਈ ਪਸ਼ੂ ਪਾਲਕਾਂ ਅਤੇ ਕਿਸਾਨਾਂ ਨੇ ਵੀਟਾ ਮਿਲਕ ਪਲਾਂਟ ਦਾ ਘਿਰਾਓ ਕੀਤਾ ਤੇ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਸ਼ੂ ਪਾਲਕ ਤੇ ਕਿਸਾਨ ਦੁੱਧ ਦਾ ਰੇਟ ਵਧਾਏ ਜਾਣ ਦੀ ਮੰਗ ਕਰ ਰਹੇ ਹਨ। ਧਰਨਾਕਾਰੀਆਂ ਨੇ ਤਿੰਨ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਉਨ੍ਹਾਂ ਅੱਜ ਵੀਟਾ ਮਿਲਕ ਪਲਾਂਟ ’ਚ ਦੁੱਧ ਨਹੀਂ ਜਾਣ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ’ਚ ਪੁਲੀਸ ਵੀਟਾ ਮਿਲਕ ਪਲਾਂਟ ਦੇ ਬਾਹਰ ਤਾਇਨਾਤ ਕੀਤੀ ਗਈ ਸੀ।
ਪਸ਼ੂ ਪਾਲਕਾਂ ਅਤੇ ਕਿਸਾਨਾਂ ਨੇ ਬੇਗੂ ਰੋੜ ’ਤੇ ਸਥਿਤ ਵੀਟਾ ਮਿਲਕ ਪਲਾਂਟ ਦਾ ਘਿਰਾਓ ਕੀਤੇ ਤੇ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਜਸਬੀਰ ਭੱਟੀ ਨੇ ਕਿਹਾ ਕਿ ਪਸ਼ੂ ਪਾਲਣ ਦੀ ਲਾਗਤ ਲਗਾਤਾਰ ਵਧ ਰਹੀ ਹੈ ਪਰ ਦੁੱਧ ਦੀ ਕੀਮਤ ਉਸ ਅਨੁਪਾਤ ਵਿੱਚ ਨਹੀਂ ਵਧਾਈ ਜਾ ਰਹੀ ਹੈ। ਨਤੀਜੇ ਵਜੋਂ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਦੇ ਚਾਰੇ, ਰੱਖ-ਰਖਾਅ ਅਤੇ ਹੋਰ ਖਰਚਿਆਂ ਨੂੰ ਪੂਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮੱਝ ਦਾ ਦੁੱਧ 100 ਰੁਪਏ ਪ੍ਰਤੀ ਕਿਲੋ ਅਤੇ ਗਾਂ ਦਾ ਦੁੱਧ 80 ਰੁਪਏ ਪ੍ਰਤੀ ਕਿਲੋ ਕੀਤਾ ਜਾਵੇ। ਇਸ ਤੋਂ ਪਹਿਲਾਂ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੇ ਪਿੰਡਾਂ ਵਿੱਚ ਮੀਟਿੰਗ ਕਰ ਕੇ ਦੁੱਧ ਦਾ ਰੇਟ ਵਧਾਉਣ ਦੀ ਮੰਗ ਕੀਤੀ ਸੀ ਅਤੇ ਐਲਾਨ ਕੀਤਾ ਸੀ ਕਿ ਜੇ ਦੁੱਧ ਦਾ ਰੇਟ ਨਾ ਵਧਾਇਆ ਗਿਆ ਤਾਂ ਉਹ ਇੱਕ ਤੋਂ ਤਿੰਨ ਅਕਤੂਬਰ ਤੱਕ ਪੂਰੇ ਜ਼ਿਲ੍ਹੇ ਵਿੱਚ ਹੜਤਾਲ ਕਰਨਗੇ। ਖ਼ਬਰ ਲਿਖੇ ਜਾਣ ਤੱਕ ਵੀਟਾ ਮਿਲਕ ਪਲਾਂਟ ਦੇ ਮੁੱਖ ਗੇਟ ਦੇ ਬਾਹਰ ਧਰਨਾ ਜਾਰੀ ਸੀ।
ਵੀਟਾ ਮਿਲਕ ਪਲਾਂਟ ਨੂੰ ਰੋਜ਼ਾਨਾ ਲਗਭਗ 70,000 ਤੋਂ 75,000 ਲਿਟਰ ਦੁੱਧ ਮਿਲਦਾ ਹੈ। ਇਸ ਦੁੱਧ ਦੀ ਵੱਡੀ ਮਾਤਰਾ ਹੋਰ ਖੇਤਰਾਂ ਵਿੱਚ ਵੀ ਭੇਜੀ ਜਾਂਦੀ ਹੈ। ਜਾਣਕਾਰੀ ਮੁਤਾਬਕ 30,000 ਤੋਂ 35,000 ਲਿਟਰ ਦੁੱਧ ਡੱਬਵਾਲੀ, ਫਤਿਹਾਬਾਦ ਅਤੇ ਰਤੀਆ ਨੂੰ ਭੇਜਿਆ ਜਾਂਦਾ ਹੈ ਜਦੋਂ ਕਿ ਸਿਰਸਾ ਵੀਟਾ ਪੰਜਾਬ ਅਤੇ ਰਾਜਸਥਾਨ ਨੂੰ ਵੀ ਦੁੱਧ ਦੀ ਸਪਲਾਈ ਕਰਦਾ ਹੈ।
ਸ਼ਹਿਰ ’ਚ ਦੁੱਧ ਦੀ ਕੋਈ ਕਮੀ ਨਹੀਂ ਹੋਵੇਗੀ: ਸੀ ਈ ਓ
ਵੀਟਾ ਮਿਲਕ ਪਲਾਂਟ ਦੇ ਸੀ ਈ ਓ ਦਿਨੇਸ਼ ਮਹਿਤਾ ਨੇ ਕਿਹਾ ਕਿ ਕਿਸਾਨਾਂ ਦੇ ਵਿਰੋਧ ਕਾਰਨ ਵਾਹਨਾਂ ਦੀ ਆਵਾਜਾਈ ਵਿੱਚ ਵਿਘਨ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵੀਟਾ ਪਲਾਂਟ ਵਿੱਚ ਦੁੱਧ ਦੀ ਕੋਈ ਕਮੀ ਨਹੀਂ ਹੈ। ਜੇਕਰ ਵਾਹਨ ਸੁਚਾਰੂ ਢੰਗ ਨਾਲ ਚੱਲਦੇ ਹਨ ਤਾਂ ਸ਼ਹਿਰ ਵਿੱਚ ਦੁੱਧ ਦੀ ਕੋਈ ਕਮੀ ਨਹੀਂ ਹੋਵੇਗੀ।

