ਪੰਜਾਬ ਦੇ ਪਿੰਡਾਂ ਵਿੱਚ ਚਿੱਟੇ ਅਤੇ ਹੋਰ ਨਸ਼ਿਆਂ ਦੀ ਲਪੇਟ ਵਿੱਚ ਆਏ ਨੌਜਵਾਨਾਂ ਤੇ ਉੱਜੜੇ ਘਰਾਂ ਦਾ ਦਰਦ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ਼ ਲਈ ਚੱਲ ਰਹੇ ਸੰਘਰਸ਼ ਨਾਲ ਜੁੜ ਗਿਆ ਹੈ। ਕਿਸੇ ਮਾਂ ਨੂੰ ਆਪਣੇ ਪੁੱਤ ਦੇ ਭਵਿੱਖ ਦਾ ਫ਼ਿਕਰ ਹੈ ਤੇ ਕਿਸੇ ਦੇ ਮਨ ਵਿੱਚ ਨਸ਼ਿਆਂ ਕਾਰਨ ਵਿਛੇ ਸੱਥਰਾਂ ਦੀ ਪੀੜ। ਇਹੋ ਦਰਦ ਪਿਛਲੇ ਚਾਰ ਦਿਨਾਂ ਤੋਂ ਪਿੰਡ-ਪਿੰਡ ਪੱਕ ਰਹੇ ਲੰਗਰ ਦੀ ਸੇਵਾ ਵਿੱਚੋਂ ਝਲਕ ਰਿਹਾ ਹੈ। ਕਿਸਾਨ ਜਥੇਬੰਦੀਆਂ, ਗੁਰਦੁਆਰਾ ਸਾਹਿਬਾਨ ਨਾਲ ਜੁੜੇ ਨੌਜਵਾਨ ਅਤੇ ਪਿੰਡਾਂ ਦੀਆਂ ਮਾਈਆਂ ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਕਾਰਵਾਈ ਤੇ ਇਨਸਾਫ਼ ਲਈ ਇਕੱਠੇ ਹੋਏ ਲੋਕਾਂ ਵਾਸਤੇ ਲੰਗਰ ਤਿਆਰ ਕਰਨ ਅਤੇ ਪਹੁੰਚਾਉਣ ਵਿੱਚ ਜੁਟੇ ਹੋਏ ਹਨ।
ਪਿੰਡਾਂ ਦੇ ਘਰਾਂ ਤੇ ਗੁਰੂ ਘਰਾਂ ਵਿੱਚ ਮਾਈਆਂ ਤੜਕਸਾਰ ਤੋਂ ਹੀ ਲੰਗਰ ਤਿਆਰ ਕਰਨ ਵਿੱਚ ਜੁਟ ਜਾਂਦੀਆਂ ਹਨ, ਜਦੋਂ ਕਿ ਨੌਜਵਾਨ ਇਸ ਨੂੰ ਸੰਘਰਸ਼ ਵਾਲੀ ਥਾਂ ਪਹੁੰਚਾਉਣ ਤੇ ਵਰਤਾਉਣ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਕਿਸਾਨ ਧਿਰਾਂ ਦੇ ਕਾਰਕੁਨ ਰਸਦ ਅਤੇ ਆਵਾਜਾਈ ਦੇ ਪ੍ਰਬੰਧਾਂ ਵਿੱਚ ਹੱਥ ਵਟਾ ਰਹੇ ਹਨ। ਕੋਈ ਆਟਾ, ਦਾਲਾਂ ਤੇ ਸਬਜ਼ੀਆਂ ਦੇ ਰਿਹਾ ਹੈ, ਕੋਈ ਮਾਇਆ ਨਾਲ ਸਹਿਯੋਗ ਕਰ ਰਿਹਾ ਹੈ ਅਤੇ ਕੋਈ ਆਪਣਾ ਸਮਾਂ ਤੇ ਮਿਹਨਤ ਇਸ ਸੇਵਾ ਦੇ ਲੇਖੇ ਲਾ ਰਿਹਾ ਹੈ। ਸੰਘਰਸ਼ ਵਾਲੀ ਥਾਂ ਨਾ ਪਹੁੰਚ ਸਕਣ ਵਾਲੇ ਲੋਕ ਵੀ ਪਿੰਡਾਂ ਵਿੱਚ ਰਹਿਕੇ ਇਸ ਉਪਰਾਲੇ ਦਾ ਹਿੱਸਾ ਬਣੇ ਹੋਏ ਹਨ।
ਲੰਗਰ ਦੀ ਸੇਵਾ ਕਰ ਰਹੀਆਂ ਮਾਈਆਂ ਦੇ ਮਨਾਂ ਵਿੱਚ ਆਪਣੇ ਪੁੱਤਾਂ ਦੇ ਭਵਿੱਖ ਦੀ ਚਿੰਤਾ ਵੀ ਸਮੋਈ ਹੋਈ ਹੈ। ਅਨੇਕਾਂ ਪਿੰਡਾਂ ਵਿੱਚ ਨਸ਼ਿਆਂ ਦੀ ਮਾਰ ਨੇ ਪਰਿਵਾਰਾਂ ਨੂੰ ਡੂੰਘੇ ਸੰਕਟ ਵਿੱਚ ਪਾਇਆ ਹੈ। ਪੁੱਤ ਗੁਆ ਚੁੱਕੇ ਮਾਪਿਆਂ ਦੀ ਪੀੜ ਅਤੇ ਨਸ਼ਿਆਂ ਦੀ ਲਪੇਟ ਵਿੱਚ ਆਏ ਨੌਜਵਾਨਾਂ ਦੀ ਹਾਲਤ ਨੇ ਇਸ ਫ਼ਿਕਰ ਨੂੰ ਹੋਰ ਵਧਾਇਆ ਹੈ। ਮਾਵਾਂ ਦੀ ਆਸ ਹੈ ਕਿ ਇਸ ਸੰਘਰਸ਼ ਵਿੱਚੋਂ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲੇ ਅਤੇ ਨਸ਼ਿਆਂ ਦੇ ਮਾਰੂ ਵਰਤਾਰੇ ਨੂੰ ਠੱਲ੍ਹ ਪਵੇ।

