ਪਵਨ ਗੋਇਲ
ਭੁੱਚੋ ਮੰਡੀ, 29 ਜਨਵਰੀ
ਪਿੰਡ ਲਹਿਰਾ ਖਾਨਾ ਵਾਸੀਆਂ ਨੇ ਪਿੰਡ ਵਿੱਚ ਚੱਲ ਰਹੇ ਸਬ-ਸਿਡਰੀ ਹੈਲਥ ਸੈਂਟਰ ਵਿੱਚੋਂ ਮੈਡੀਕਲ ਸਹੂਲਤਾਂ ਖ਼ਤਮ ਕੀਤੇ ਜਾਣ ਦੇ ਸਰਕਾਰੀ ਫੈਸਲੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ‘ਆਪ’ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸਰਕਾਰ ਨੇ ਪਿੰਡ ਲਹਿਰਾ ਖਾਨਾ ਦੇ ਮੈਡੀਕਲ ਸਟਾਫ ਨੂੰ ਪਿੰਡ ਲਹਿਰ ਮੁਹੱਬਤ ਵਿੱਚ ਖੋਲ੍ਹੇ ਗਏ ਮੁਹੱਲਾ ਕਲੀਨਿਕ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਨਾਲ ਪਿੰਡ ਲਹਿਰਾ ਖਾਨਾ ਵਿੱਚ ਪਿਛਲੇ 30 ਸਾਲਾਂ ਤੋਂ ਚੱਲ ਰਹੇ ਹੈਲਥ ਸੈਂਟਰ ਵਿੱਚ ਮੈਡੀਕਲ ਸਹੂਲਤਾਂ ਮਿਲਣੀਆਂ ਬੰਦ ਹੋ ਗਈਆਂ ਹਨ। ਇਸ ਹੈਲਥ ਸੈਂਟਰ ਵਿੱਚ ਦੋ ਪਿੰਡਾਂ ਦੇ ਮਰੀਜ਼ ਇਲਾਜ ਲਈ ਆਉਂਦੇ ਸਨ। ਉਨ੍ਹਾਂ ਨੂੰ ਹੁਣ ਹੋਰ ਪਿੰਡਾਂ ਦੇ ਮੁਹੱਲਾ ਕਲੀਨਿਕਾਂ ਵਿੱਚ ਜਾਣਾ ਪਵੇਗਾ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਵਿੱਚ ਵਿੱਚ ਸਿਹਤ ਸਹੂਲਤਾਂ ਜਾਰੀ ਰੱਖੀਆਂ ਜਾਣ। ਇਸ ਮੌਕੇ ਬਾਬਾ ਵਧਾਵਾ ਸਿੰਘ ਸਮਾਜ ਭਲਾਈ ਕਲੱਬ ਦੇ ਪ੍ਰਧਾਨ ਹਰਵੀਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਸੰਤੋਖ ਸਿੰਘ ਲਹਿਰਾ ਖਾਨਾ ਅਤੇ ਬਲਾਕ ਆਗੂ ਕਰਮਜੀਤ ਕੌਰ ਲਹਿਰਾ ਖਾਨਾ ਨੇ ਸੰਬੋਧਨ ਕੀਤਾ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਪੱਖੋਕੇ ਵਾਸੀਆਂ ਨੇ ਪਿੰਡ ਦੀ ਸਿਹਤ ਡਿਸਪੈਂਸਰੀ ਵਿੱਚੋਂ ਸਟਾਫ਼ ਆਮ ਆਦਮੀ ਕਲੀਨਿਕ ਸ਼ਹਿਣਾ ਵਿਖੇ ਭੇਜਣ ਦੇ ਰੋਸ ‘ਚ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਪਿੰਡ ਦੀ ਸੱਥ ਵਿੱਚ ਹੋਏ ਇਕੱਠ ਵਿੱਚ ਲੋਕਾਂ ਨੇ ਪਹਿਲੀ ਫ਼ਰਵਰੀ ਨੂੰ ਬਰਨਾਲਾ-ਮੋਗਾ ਕੌਮੀ ਮਾਰਗ ਜਾਮ ਕਰਨ ਦਾ ਫ਼ੈਸਲਾ ਕੀਤਾ ਹੈ। ਪਿੰਡ ਵਾਸੀ ਗੁਰਚਰਨ ਸਿੰਘ ਮੈਂਬਰ, ਜਸਵੀਰ ਸਿੰਘ ਨੰਬਰਦਾਰ, ਗੁਰਮੇਲ ਸਿੰਘ, ਚਮਕੌਰ ਸਿੰਘ, ਨਿਸ਼ਾਨ ਸਿੰਘ, ਬੂਟਾ ਸਿੰਘ ਅਤੇ ਜਗਰਾਜ ਸਿੰੰਘ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਪਿੰਡ ਵਿੱਚ ਲੰਮੇ ਸਮੇਂ ਤੋਂ ਸਿਹਤ ਡਿਸਪੈਂਸਰੀ ਚੱਲ ਰਹੀ ਹੈ। ਦੋ ਸਾਲ ਪਹਿਲਾਂ ਹੀ ਇਸਦੀ ਨਵੀਂ ਇਮਾਰਤ ਬਣਾਈ ਗਈ ਸੀ। ਇਸਦਾ ਪਿੰਡ ਨੂੰ ਵੱਡਾ ਲਾਹਾ ਹੈ। ਪੰਜਾਬ ਸਰਕਾਰ ਨੇ ਡਿਸਪੈਂਸਰੀ ਨੂੰ ਬੰਦ ਕਰ ਦਿੱਤਾ ਹੈ। ਇੱਥੋਂ ਦੇ ਡਾਕਟਰ, ਫ਼ਾਰਮਾਸਿਸਟ ਤੇ ਦਰਜਾ ਚਾਰ ਕਰਮਚਾਰੀ ਸ਼ਹਿਣਾ ਦੇ ਕਲੀਨਿਕ ਵਿੱਚ ਭੇਜ ਦਿੱਤੇ ਗਏ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਸਹਿਕਾਰੀ ਸਭਾ ਦੇ ਬਹੁ-ਕਰੋੜੀ ਘਪਲੇ ਦੀ ਜਾਂਚ ਸਿਰੇ ਨਹੀਂ ਚੜ੍ਹ ਰਹੀ।
ਰੂੜੇਕੇ ਕਲਾਂ (ਅੰਮ੍ਰਿਤਪਾਲ ਸਿੰਘ ਧਾਲੀਵਾਲ): ਨੇੜਲੇ ਪਿੰਡ ਧੂਰਕੋਟ ਦੇ ਸਬ-ਸਿਡਰੀ ਸਿਹਤ ਕੇਂਦਰ ਦਾ ਸਟਾਫ ਰੂੜੇਕੇ ਕਲਾਂ ਦੇ ‘ਆਮ ਆਦਮੀ ਕਲੀਨਿਕ’ ਵਿੱਚ ਤਬਦੀਲ ਕਰਨ ਤੋਂ ਅੱਜ ਪਿੰਡ ਦੀ ਪੰਚਾਇਤ ਤੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਵਿਧਾਇਕ ਬਲਜਿੰਦਰ ਕੌਰ ਵੱਲੋਂ ਮੁਹੱਲਾ ਕਲੀਨਿਕ ਦਾ ਉਦਘਾਟਨ
ਰਾਮਾਂ ਮੰਡੀ (ਪੱਤਰ ਪ੍ਰੇਰਕ): ਇਥੋਂ ਨਜ਼ਦੀਕੀ ਪਿੰਡ ਪੱਕਾ ਕਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਨਵੇਂ ਖੋਲ੍ਹੇ ਗਏ ਮੁਹੱਲਾ ਕਲੀਨਿਕ ਦਾ ਉਦਘਾਟਨ ਚੀਫ ਵ੍ਹਿਪ ਅਤੇ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਅਨੁਸਾਰ ਸਿਹਤ ਅਤੇ ਸਿੱਖਿਆ ਸਹੂਲਤਾਂ ‘ਤੇ ਸਰਕਾਰ ਕੰਮ ਕਰ ਰਹੀ ਹੈ। ਸਰਕਾਰ ਬਣਨ ਮਗਰੋਂ ਨੌਂ ਮਹੀਨਿਆਂ ਬਾਅਦ ਜਿਥੇ ਮੁਹੱਲਾ ਕਲੀਨਿਕ ਖੋਲ੍ਹ ਕੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਉੱਥੇ ਸਕੂਲ ਆਫ ਐਮੀਨੈਂਸ ਦੀ ਸਕੀਮ ਤਹਿਤ ਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਅੱਗੇ ਕੱਢਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਪੰਜਾਬ ਨੂੰ ਤਿੰਨ ਲੱਖ ਕਰੋੜ ਦਾ ਕਰਜ਼ਾਈ ਛੱਡ ਗਈਆਂ ਉਨ੍ਹਾਂ ਨੂੰ ਹੁਣ ‘ਆਪ’ ਸਰਕਾਰ ਵੱਲੋਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਗਲੇ ਨਹੀਂ ਉਤਰ ਰਹੀਆਂ ਤੇ ਉਨ੍ਹਾਂ ਕੋਲ ਸਰਕਾਰ ਵਿਰੁੱਧ ਬੋਲਣ ਲਈ ਸ਼ਬਦ ਨਹੀਂ। ਪਿੰਡ ਵਾਸੀਆਂ ਨੇ ਵਿਧਾਇਕ ਦਾ ਸਨਮਾਨ ਕੀਤਾ। ਇਸ ਮੌਕੇ ਕੇਵਲ ਸਿੰਘ ਤੇ ਗੁਰਪ੍ਰੀਤ ਕੌਰ ਸਿੱਧੂ ਹਾਜ਼ਰ ਸਨ।
ਮੈਡੀਕਲ ਸਟਾਫ ਤਬਦੀਲ ਕਰਨ ਦੀ ਲੋਕ ਮੋਰਚਾ ਵੱਲੋਂ ਨਿਖੇਧੀ
ਬਠਿੰਡਾ (ਪੱਤਰ ਪ੍ਰੇਰਕ): ਪਿੰਡਾਂ ਦੇ ਪ੍ਰਾਇਮਰੀ ਹੈਲਥ ਸੈਂਟਰਾਂ (ਪੀਐੱਚਸੀ), ਰੂਰਲ ਡਿਸਪੈਂਸਰੀਆਂ ਤੇ ਸ਼ਹਿਰਾਂ ਦੀਆਂ ਬਸਤੀਆਂ ਮੁਹੱਲਿਆਂ ਦੇ ਅਰਬਨ ਹੈਲਥ ਸੈਂਟਰਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਤਬਦੀਲ ਕੀਤੇ ਜਾਣ ਅਤੇ ਲੋਕਾਂ ਦੀ ਰਾਇ ਤੇ ਰੋਸ ਨੂੰ ਅਣਗੌਲਿਆ ਕਰਨ ਦੀ ਲੋਕ ਮੋਰਚਾ ਪੰਜਾਬ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਗੁਰਦੀਪ ਖੁੱਡੀਆਂ ਨੇ ਕਿਹਾ ਕਿ ਪਿੰਡਾਂ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਥਾਂ ਮੁਹੱਲਾ ਕਲੀਨੀਕਾਂ ਦੇ ਨਾਂ ਹੇਠ ਇਨ੍ਹਾਂ ਨੂੰ ਘਟਾਉਣ ਦੇ ਕਦਮ ਪੁੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕਾਂ ਸਿਹਤ ਵਿਭਾਗ ਅੰਦਰ ਨਿੱਜੀਕਰਨ ਦੇ ਕੀਤੇ ਜਾ ਰਹੇ ਵਧਾਰੇ ਪਸਾਰੇ ਦੇ ਕਦਮਾਂ ਦੀ ਲੜੀ ਦਾ ਹਿੱਸਾ ਹੈ।