ਸਾਂਝੀ ਖੇਤੀ ਲਈ ਅੱਗੇ ਆਏ ਪਿੰਡ ਬੱਲੋ ਵਾਸੀ
ਪਿੰਡ ਬੱਲ੍ਹੋ ਵਿੱਚ ਸਰਵਪੱਖੀ ਵਿਕਾਸ, ਪਿੰਡ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਅਤੇ ਭਵਿੱਖ ਲਈ ਰਣਨੀਤਕ ਦਿਸ਼ਾ ਤੈਅ ਕਰਨ ਲਈ ਗੋਸ਼ਟੀ ਕੀਤੀ ਗਈ। ਇਸ ਵਿਚ ਪਿੰਡ ਬੱਲ੍ਹੋ ਤੋਂ ਬਾਹਰ ਵੱਸਦੇ ਜੰਮਪਲਾਂ ਨੇ ਵਿਚਾਰ ਪੇਸ਼ ਸਾਂਝੇ ਕੀਤੇ ਅਤੇ ਵਿਕਾਸ ਕਾਰਜਾਂ ਲਈ ਦਾਨ ਵੀ ਦਿੱਤਾ। ਇਸ ਮੌਕੇ ਬੱਲ੍ਹੋ ਦੀ ਜੰਮਪਲ ਡਾਕਟਰ ਖੁਸਪ੍ਰੀਤ ਕੌਰ ਨੇ ਕਿਹਾ ਕਿ ‘ਮੇਰਾ ਘਰ ਤੇਰਾ ਘਰ’ ਵਾਲੀ ਸੋਚ ਤੋਂ ਉੱਪਰ ਉਠ ਕੇ ‘ਸਾਡਾ ਬੱਲ੍ਹੋ ਸਾਡਾ ਮਾਣ’ ਨੂੰ ਅਪਣਾਉਂਦਿਆਂ ਨਮੂਨੇ ਦਾ ਪਿੰਡ ਬਣਾਉਣ ਲਈ ਸਾਰਿਆਂ ਨੂੰ ਇਕਜੁਟਤਾ ਨਾਲ ਕੰਮ ਕਰਨਾ ਹੋਵੇਗਾ। ਉਨ੍ਹਾਂ ਗ੍ਰਾਮ ਪੰਚਾਇਤ ਅਤੇ ਤਰਨਜੋਤ ਵੈੱਲਫੇਅਰ ਸੁਸਾਇਟੀ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਿਹਾ ਕਿ ਖੇਤੀ ਵੰਨ ਸੁਵੰਨਤਾ ਲਈ ਘੱਟ ਪਾਣੀ ਵਾਲੀਆਂ ਫ਼ਸਲਾਂ ਲਈ ਸਹਿਯੋਗ ਦੀ ਜ਼ਰੂਰਤ ਹੈ।
ਗੋਸ਼ਟੀ ਦੌਰਾਨ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਅਨਿਲ ਗੋਇਲ ਨੇ ਪੁਰਾਣੀਆਂ ਯਾਦਾਂ ਦੀ ਸਾਂਝ ਪਾਈ ਅਤੇ ਪਿੰਡ ਵਾਸੀਆਂ ਨੂੰ ਸਿਹਤ ਵਿਭਾਗ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਪਿੰਡ ’ਚ ਕੈਂਸਰ ਜਾਂਚ ਕੈਂਪ ਲਗਾਇਆ ਜਾਵੇਗਾ ਅਤੇ ਫੌਗਿੰਗ ਮਸ਼ੀਨ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਸਮੇਂ ਮਹਿਲਾ ਸੰਗਠਨ ਦੀ ਆਗੂ ਮੁਖ਼ਤਿਆਰ ਕੌਰ ਨੇ ਵਿਰਾਸਤ ਨੂੰ ਸੰਭਾਲਣ, ਬੱਚਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਅਤੇ ਔਰਤਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਅਹਿਮ ਪਲਾਂ ਸਮੇਂ ਸਤਪਾਲ ਗੋਇਲ ਨੇ ਪਿੰਡ ਦੇ ਵਿਕਾਸ ਲਈ 51 ਹਜ਼ਾਰ ਰੁਪਏ ਦੀ ਰਕਮ ਦਾਨ ਕੀਤੀ। ਤਰਨਜੋਤ ਵੈੱਲਫੇਅਰ ਸੁਸਾਇਟੀ ਦੇ ਸਰਪ੍ਰਸਤ ਅਤੇ ਸਮਾਜ ਸੇਵੀ ਗੁਰਮੀਤ ਸਿੰਘ ਮਾਨ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਨੂੰ ਆਤਮ-ਨਿਰਭਰ ਬਣਾਉਣ ਲਈ ਛੋਟੇ ਕਿਸਾਨ ਗਰੁੱਪ ਬਣਾ ਕੇ ਸਾਂਝੀ ਖੇਤੀ ਕਰਨ ਲਈ ਸੁਸਾਇਟੀ ਵੱਲੋਂ ਖੇਤੀਬਾੜੀ ਦੇ ਸੰਦ ਮੁਹੱਈਆ ਕਰਵਾਏ ਜਾਣਗੇ।
