ਅਰਬਨ ਅਸਟੇਟ: ਕਿਸਾਨ ਜਥੇਬੰਦੀਆਂ ਵੱਲੋਂ ਵਿਧਾਇਕ ਦੇ ਘਰ ਅੱਗੇ ਧਰਨਾ
ਜੋਗਿੰਦਰ ਸਿੰਘ ਮਾਨ
ਮਾਨਸਾ, 26 ਜੂਨ
ਅਰਬਨ ਅਸਟੇਟ ਲਈ ਪਿੰਡ ਠੂਠਿਆਂਵਾਲੀ ਦੇ ਕਿਸਾਨਾਂ ਦੀ ਐਕੁਆਇਰ ਕੀਤੀ ਜਾ ਰਹੀ 212 ਏਕੜ ਜ਼ਮੀਨ ਬਚਾਉਣ ਲਈ ਅੱਜ ਜ਼ਮੀਨ ਬਚਾਓ ਸੰਘਰਸ਼ ਕਮੇਟੀ ਵੱਲੋਂ ਵਿਧਾਇਕ ਵਿਜੈ ਸਿੰਗਲਾ ਦੇ ਘਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਵਿਧਾਇਕ ਦੇ ਨੁਮਾਇੰਦੇ ਨੂੰ ਮੰਗ ਪੱਤਰ ਦਿੰਦਿਆਂ ਅਪੀਲ ਕੀਤੀ ਕਿ ਵਿਧਾਇਕ ਖੁਦ ਦਖ਼ਲ ਦੇ ਕੇ ਪੰਜਾਬ ਸਰਕਾਰ ਨੂੰ ਜਬਰੀ ਜ਼ਮੀਨਾਂ ਐਕੁਆਇਰ ਕਰਨ ਦੀ ਕਾਰਵਾਈ ਤੋਂ ਰੋਕਣ।
ਕਿਸਾਨ ਆਗੂਆਂ ਰਾਮ ਸਿੰਘ ਭੈਣੀਬਾਘਾ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜ ਗਿੱਲ, ਕੁਲਵੰਤ ਸਿੰਘ ਕਿਸ਼ਨਗੜ੍ਹ ਕਿਹਾ ਕਿ ਪੰਜਾਬ ਦੀ ਹਕੂਮਤ ਅਖੌਤੀ ਵਿਕਾਸ ਦੇ ਨਾਅਰੇ ਹੇਠ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਖੋਹ ਰਹੀ ਹੈ, ਜਿਸ ਨਾਲ ਕਿਸਾਨ ਪ੍ਰਭਾਵਿਤ ਹੋਣਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡ ਠੂਠਿਆਂਵਾਲੀ ਦੇ ਕਿਸਾਨ, ਜੋ ਥੋੜ੍ਹੀਆਂ ਜ਼ਮੀਨਾਂ ਦੇ ਮਾਲਕ ਹਨ, ਉਨ੍ਹਾਂ ਦੀ ਮਰਜ਼ੀ ਦੇ ਉਲਟ ਫੈਸਲਾ ਕਰ ਕੇ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਰੇਲਵੇ ਲਾਈਨਾਂ, ਭਾਰਤ ਮਾਲਾ ਪ੍ਰਾਜੈਕਟ ਜਾਂ ਹੋਰ ਪ੍ਰਾਜੈਕਟਾਂ ਲਈ ਕਈ ਹਜ਼ਾਰ ਏਕੜ ਜ਼ਮੀਨ ਕਿਸਾਨਾਂ ਕੋਲੋਂ ਖੋਹੀ ਜਾ ਚੁੱਕੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ 70 ਫੀਸਦੀ ਕਿਸਾਨ ਪਹਿਲਾਂ ਹੀ 2 ਤੋਂ 5 ਏਕੜ ਦੇ ਮਾਲਕ ਹਨ, ਘੱਟ ਜ਼ਮੀਨਾਂ ਹੋਣ ਅਤੇ ਹੋਰ ਕਾਰਨਾਂ ਕਰਕੇ ਕਿਸਾਨ ਵੱਡੇ ਕਰਜ਼ੇ ਦੇ ਸੰਕਟ ਵਿੱਚ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਆਰਥਿਕ ਪੱਖ ਤੋਂ ਬਾਂਹ ਫੜਨ ਦੀ ਬਜਾਏ, ਸਗੋਂ ਜਿਹੜੇ ਚਾਰ ਖੁੱਡ ਕਿਸਾਨਾਂ ਕੋਲ ਜ਼ਮੀਨਾਂ ਹਨ, ਉਹ ਵੀ ਖੋਹਣ ਲਈ ਤਰਲੋ-ਮੱਛੀ ਹੋ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਬਰੀ ਜ਼ਮੀਨਾਂ ਖੋਹਣ ਖ਼ਿਲਾਫ਼ ਲੋਕ ਲਹਿਰ ਖੜ੍ਹੀ ਕੀਤੀ ਜਾਵੇਗੀ ਅਤੇ ਸਰਕਾਰ ਦੇ ਇਹਨਾਂ ਕਿਸਾਨ ਵਿਰੋਧੀ ਫੈਸਲਿਆਂ ਦਾ ਡੱਟਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਜਗਦੇਵ ਸਿੰਘ ਭੈਣੀਬਾਘਾ, ਨਿਰਮਲ ਸਿੰਘ ਝੰਡੂਕੇ, ਸੁੱਚਾ ਸਿੰਘ, ਅਮਰੀਕ ਸਿੰਘ ਫਫੜੇ, ਕ੍ਰਿਸ਼ਨ ਚੌਹਾਨ, ਭਜਨ ਸਿੰਘ ਘੁੰਮਣ ਨੇ ਵੀ ਸੰਬੋਧਨ ਕੀਤਾ।