ਬਠਿੰਡਾ ਨਗਰ ਨਿਗਮ ਦੀ ਮੀਟਿੰਗ ਵਿੱਚ ਹੰਗਾਮਾ
ਨਗਰ ਨਿਗਮ ਬਠਿੰਡਾ ਦੀ ਅੱਜ ਹੋਈ ਜਨਰਲ ਹਾਊਸ ਮੀਟਿੰਗ ਹੰਗਾਮਾ ਭਰਪੂਰ ਰਹੀ। ਇਸ ਦੌਰਾਨ ਵਿਕਾਸ ਕਾਰਜਾਂ ਦੇ ਨਾਂ ’ਤੇ ਰੱਖੇ ਗਏ ਕਰੀਬ 88 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਲੈ ਕੇ ਕੌਂਸਲਰਾਂ ਅਤੇ ਨਿਗਮ ਪ੍ਰਸ਼ਾਸਨ ਵਿਚ ਨੋਕ-ਝੋਕ ਹੋਈ। ਇਸ ਮੌਕੇ ਨਿਗਮ...
ਨਗਰ ਨਿਗਮ ਬਠਿੰਡਾ ਦੀ ਅੱਜ ਹੋਈ ਜਨਰਲ ਹਾਊਸ ਮੀਟਿੰਗ ਹੰਗਾਮਾ ਭਰਪੂਰ ਰਹੀ। ਇਸ ਦੌਰਾਨ ਵਿਕਾਸ ਕਾਰਜਾਂ ਦੇ ਨਾਂ ’ਤੇ ਰੱਖੇ ਗਏ ਕਰੀਬ 88 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਲੈ ਕੇ ਕੌਂਸਲਰਾਂ ਅਤੇ ਨਿਗਮ ਪ੍ਰਸ਼ਾਸਨ ਵਿਚ ਨੋਕ-ਝੋਕ ਹੋਈ। ਇਸ ਮੌਕੇ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਲਵਜੀਤ ਕਲਸੀ ਅਤੇ ਸੀਨੀਅਰ ਮੇਅਰ ਸ਼ਾਮ ਲਾਲ ਜੈਨ ਮੌਜੂਦ ਰਹੇ। ਮੀਟਿੰਗ ਵਿੱਚ ਮੇਨ ਅਤੇ ਸਪਲੀਮੈਂਟਰੀ ਏਜੰਡਿਆਂ ਸਣੇ ਕੁੱਲ 18 ਮਤੇ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚੋਂ 14 ਨੂੰ ਮਨਜ਼ੂਰੀ ਦੇ ਦਿੱਤੀ ਗਈ, ਜਦਕਿ ਵੱਡੇ ਵਿੱਤੀ ਭਾਰ ਵਾਲੇ ਦੋ ਮੁੱਖ ਪ੍ਰਾਜੈਕਟ ਪੈਂਡਿੰਗ ਰੱਖੇ ਗਏ। ਇਨ੍ਹਾਂ ਵਿੱਚ 34 ਕਰੋੜ ਰੁਪਏ ਨਾਲ ਸੜਕਾਂ ਦੇ ਨਿਰਮਾਣ ਅਤੇ ਮੁਰੰਮਤ ਅਤੇ ਤਿੰਨ ਸਾਲ ਲਈ ਮਸ਼ੀਨੀ ਸਫ਼ਾਈ ਲਈ ਕਰੀਬ 54 ਕਰੋੜ ਰੁਪਏ ਦਾ ਠੇਕਾ ਸ਼ਾਮਲ ਸੀ। ਸੜਕ ਸਫ਼ਾਈ ਪ੍ਰਾਜੈਕਟ ਸਭ ਤੋਂ ਵੱਧ ਚਰਚਾ ਦਾ ਕੇਂਦਰ ਰਿਹਾ। ਸਾਬਕਾ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਨੇ ਕਿਹਾ ਕਿ ਬਿਨਾਂ ਫੰਡਾਂ ਦੇ ਵੱਡੇ ਪ੍ਰਾਜੈਕਟ ਸ਼ੁਰੂ ਕਰਨਾ ਗੈਰ-ਜ਼ਿੰਮੇਵਾਰਾਨਾ ਹੈ ਅਤੇ ਇਸ ਨਾਲ ਭਵਿੱਖ ਵਿੱਚ ਕਾਨੂੰਨੀ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ। ਲਾਈਨੋ ਪਾਰ ਖੇਤਰ ਦੇ ਕੌਂਸਲਰ ਹਰਵਿੰਦਰ ਸਿੰਘ ਲੱਡੂ ਨੇ ਦੂਸ਼ਤ ਪਾਣੀ ਦੀ ਸਪਲਾਈ ਦਾ ਮੁੱਦਾ ਉਠਾਇਆ, ਜਿਸ ’ਤੇ ਕੌਂਸਲਰ ਆਤਮਾ ਸਿੰਘ ਨਾਲ ਉਨ੍ਹਾਂ ਦੀ ਤਿੱਖੀ ਬਹਿਸ ਵੀ ਹੋਈ। ਮੇਅਰ ਨੇ ਦਖ਼ਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ।
ਵਾਰਡ ਨੰਬਰ 8 ਦੇ ਕੌਂਸਲਰ ਹਰਪਾਲ ਸਿੰਘ ਨੇ ਮੀਂਹ ਦੇ ਮੌਸਮ ਤੋਂ ਪਹਿਲਾਂ ਰੋਡ ਜਾਲੀਆਂ ਦੀ ਸਫ਼ਾਈ ਸਣੇ ਸ਼ਹਿਰ ਦੀ ਡੀਸੈਲਟਿੰਗ ਦੀ ਲੋੜ ’ਤੇ ਜ਼ੋਰ ਦਿੰਦਿਆਂ ਵਾਰਡ ਲਈ ਸਫਾਈ ਕਾਮੇ ਵੱਧ ਦੇਣ ਦਾ ਮੁੱਦਾ ਚੁੱਕਿਆੇ ਉਨ੍ਹਾਂ ਆਵਾਰਾ ਪਸ਼ੂਆਂ ਦੀ ਸਮੱਸਿਆ ਦੀ ਵੀ ਗੱਲ ਕੀਤੀ।
ਅਗਲੀ ਮੀਟਿੰਗ ਵਿੱਚ ਵਿਚਾਰੇ ਜਾਣਗੇ ਬਕਾਿੲਆ ਮੁੱਦੇ: ਮੇਅਰ
ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦੋਵੇਂ ਵੱਡੇ ਪ੍ਰਸਤਾਵ ਪੈਂਡਿੰਗ ਰੱਖਣ ਦਾ ਐਲਾਨ ਕਰਦਿਆਂ ਕਿਹਾ ਕਿ 7 ਅਪਰੈਲ ਨੂੰ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਨਿਗਮ ਦੀ ਵਿੱਤੀ ਸਥਿਤੀ ਸਪੱਸ਼ਟ ਕੀਤੀ ਜਾਵੇਗੀ। ਇਸ ਤੋਂ ਬਾਅਦ ਹੀ ਅੰਤਿਮ ਫੈਸਲਾ ਲਿਆ ਜਾਵੇਗਾ।

