DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Unseasonal Rain Devastates Wheat Crops Across Malwa: ਮੀਂਹ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ

ਖੇਤਾਂ ’ਚ ਪਹਿਲਾਂ ਹੀ ਵਿਛੀ ਕਣਕ ਦੇ ਦਾਣੇ ਬਦਰੰਗ ਹੋਣ ਦਾ ਖ਼ਦਸ਼ਾ

  • fb
  • twitter
  • whatsapp
  • whatsapp
featured-img featured-img
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਝੁਨੀਰ ਨੇੜੇ ਖੇਤ ’ਚ ਕਣਕ ਦੀ ਵਿਛੀ ਫ਼ਸਲ ਦਾ ਜਾਇਜ਼ਾ ਲੈਂਦੇ ਹੋਏ।
Advertisement

ਇਲਾਕੇ ਵਿੱਚ ਬੀਤੀ ਅੱਧੀ ਰਾਤ ਤੋਂ ਬਾਅਦ ਲਗਾਤਾਰ ਰੁਕ-ਰੁਕ ਕੇ ਪੈਂਦੇ ਰਹੇ ਭਾਰੀ ਮੀਂਹ ਨੇ ਕਿਸਾਨਾਂ ਦੀਆਂ ਪੱਕੀਆਂ ਹਾੜ੍ਹੀ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੀਂਹ ਦੇ ਨਾਲ ਆਏ ਝੱਖੜ ਅਤੇ ਹਨ੍ਹੇਰੀ ਨੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਧਰਤੀ ’ਤੇ ਵਿਛਾ ਦਿੱਤੀ ਹੈ। ਇਸ ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ ਵਿੱਚ ਕਣਕ ਸਮੇਤ ਹੋਰ ਫ਼ਸਲਾਂ ਵਿੱਚ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ ਹੈ। ਖੇਤਾਂ ਵਿੱਚ ਕੰਬਾਈਨਾਂ ਖੁੱਭਣ ਨਾਲ ਕਣਕ ਦੀ ਵਾਢੀ ਵਿੱਚ ਵੱਡਾ ਅੜਿੱਕਾ ਖੜ੍ਹਾ ਹੋ ਗਿਆ ਹੈ। ਬੇਮੌਸਮੇ ਮੀਂਹ ਕਾਰਨ ਖੇਤਾਂ ਵਿੱਚ ਪਹਿਲਾਂ ਹੀ ਵਿਛੀਆਂ ਪਈਆਂ ਕਣਕਾਂ ਦੇ ਦਾਣਿਆਂ ਦਾ ਰੰਗ ਬਦਰੰਗ ਕਰਨ ਦਾ ਖ਼ਦਸ਼ਾ ਖੜ੍ਹਾ ਹੋ ਗਿਆ ਹੈ। ਇਸ ਨਾਲ ਫ਼ਸਲ ਦੇ ਮੰਡੀਆਂ ਵਿੱਚ ਵਿਕਣ ਲਈ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਮੀਂਹ ਨਾਲ ਲਗਾਤਾਰ ਭਿੱਜ ਰਹੀ ਫ਼ਸਲ ਨੂੰ ਕੱਟਣ ਵਿੱਚ ਵੀ ਦਿੱਕਤ ਖੜ੍ਹੀ ਹੋਣ ਦਾ ਡਰ ਹੈ। ਮੌਸਮ ਮਹਿਕਮੇ ਦੇ ਤਾਜ਼ਾ ਅਨੁਮਾਨ ਅਨੁਸਾਰ ਅਗਲੇ ਦਿਨਾਂ ਦੌਰਾਨ ਹੋਰ ਮੀਂਹ ਪੈਣ ਦੀ ਕੀਤੀ ਪੇਸ਼ੀਨਗੋਈ ਨੇ ਕਿਸਾਨਾਂ ਨੂੰ ਡਰਾ ਦਿੱਤਾ ਹੈ।

ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਪਏ ਮੀਂਹ ਨੇ ਕਣਕ ਤੋਂ ਇਲਾਵਾ ਜੌਂਅ, ਸਰੋਂ ਅਤੇ ਹਾੜ੍ਹੀ ਦੀਆਂ ਹੋਰ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ ਜਦੋਂਕਿ ਅਨੇਕਾਂ ਥਾਵਾਂ ’ਤੇ ਗਰਮੀ ਦੀਆਂ ਤਾਜ਼ਾ ਬੀਜੀਆਂ ਸਬਜ਼ੀਆਂ ਨੂੰ ਉਗਰਦਿਆਂ ਹੀ ਮੀਂਹ ਦੀਆਂ ਵੱਡੀਆਂ ਕਣੀਆਂ ਨੇ ਚਿੱਪ ਧਰਿਆ ਹੈ।

Advertisement

ਖੇਤੀ ਮਾਹਿਰਾਂ ਦਾ ਕਹਿਣਾ ਇਸ ਵੇਲੇ ਮੌਸਮ ਵਿਚ ਦਿਨ ਸਮੇਂ ਚੰਗੀਆਂ ਧੁੱਪਾਂ ਲੱਗਣ ਦਾ ਵੇਲਾ ਅਤੇ ਰਾਤ ਸਮੇਂ ਵੀ ਮੌਸਮ ਦਾ ਸਾਫ਼ ਰਹਿਣਾ ਵੀ ਜ਼ਰੂਰੀ ਹੈ ਤਾਂ ਕਿ ਕਣਕ ਦੀ ਕਟਾਈ ਅਤੇ ਵਢਾਈ ਦਾ ਕਾਰਜ ਦਾ ਕੰਮ ਸਹੀ ਰੂਪ ਵਿੱਚ ਨੇਪਰੇ ਚੜ੍ਹ ਸਕੇ।

Advertisement

ਸਰਦੂਲਗੜ੍ਹ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਅੱਜ ਖੇਤਾਂ ਦਾ ਦੌਰਾ ਕਰਦਿਆਂ ਬੇਮੌਸਮੇ ਮੀਂਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫ਼ਸਲਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ ਗਿਰਦਾਵਰੀ ਆਰੰਭ ਕਰ ਦਿੱਤੀ ਗਈ ਹੈ। ਖੇਤੀ ਵਿਭਾਗ ਦੇ ਅਧਿਕਾਰੀ ਡਾ. ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ 18434 ਏਕੜ ਕਣਕ ਦੀ ਫ਼ਸਲ ਪ੍ਰਭਾਵਤ ਹੋਣ ਦੇ ਫ਼ਿਲਹਾਲ ਅੰਕੜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਮਾਨਸਾ ਬਲਾਕ ਵਿੱਚ 2428 ਏਕੜ, ਭੀਖੀ ਬਲਾਕ ’ਚ 1821 ਏਕੜ, ਝੁਨੀਰ ’ਚ 8519 ਏਕੜ, ਸਰਦੂਲਗੜ੍ਹ ਵਿੱਚ 2024 ਏਕੜ ਅਤੇ ਬੁਢਲਾਡਾ ਵਿੱਚ 3642 ਏਕੜ ਕਣਕ ਦੀ ਫ਼ਸਲ ਤਾਜ਼ਾ ਪਏ ਮੀਂਹ ਕਾਰਨ ਪ੍ਰਭਾਵਿਤ ਹੋਈ ਹੈ।

ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਇਲਾਕੇ ਵਿੱਚ ਲੰਘੀ ਰਾਤ ਭਰਵਾਂ ਮੀਂਹ ਪਿਆ ਜਿਸ ਨੇ ਖੇਤਾਂ ਵਿੱਚ ਖੜ੍ਹੀ ਕਣਕ ਦਾ ਕਾਫ਼ੀ ਨੁਕਸਾਨ ਕਰ ਦਿੱਤਾ। ਕਈ ਥਾਵਾਂ ’ਤੇ ਕਣਕ ਥੱਲੇ ਵਿਛ ਗਈ। ਇਸ ਬੇਮੌਸਮੇ ਮੀਂਹ ਨਾਲ ਹੋਏ ਨੁਕਸਾਨ ਨਾਲ ਕਿਸਾਨ ਬੇਹੱਦ ਚਿੰਤਤ ਹਨ। ਇਸ ਮੌਕੇ ਕਿਸਾਨ ਜਰਨੈਲ ਸਿੰਘ, ਹਰੀ ਸਿੰਘ, ਰਾਮ ਸਿੰਘ, ਕਰਨੈਲ ਸਿੰਘ ਨੇ ਦੱਸਿਆ ਕਿ ਇਸ ਬੇਮੌਸਮੇ ਮੀਂਹ ਨਾਲ ਕਣਕ ਦੇ ਝਾੜ ’ਤੇ ਮਾਰੂ ਅਸਰ ਪਵੇਗਾ ਜਦਕਿ ਕੰਬਾਈਨਾਂ ਚੱਲਣ ਵਿੱਚ ਲਗਭਗ ਇੱਕ ਹਫ਼ਤੇ ਦੀ ਖੜੋਤ ਆ ਗਈ ਹੈ।

ਸਰਕਾਰ ਤੋਂ ਤੁਰੰਤ ਗਿਰਦਾਵਰੀ ਅਤੇ ਮੁਆਵਜ਼ੇ ਦੀ ਮੰਗ

ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਪਿਛਲੇ ਦੋ ਹਫ਼ਤਿਆਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਪੱਕ ਕੇ ਤਿਆਰ ਖੜ੍ਹੀ ਕਣਕ ਦੀ ਫ਼ਸਲ ਖੇਤਾਂ ਵਿੱਚ ਵਿਛ ਜਾਣ ਕਾਰਨ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਕਿਸਾਨ ਦਰਸ਼ਨ ਸਿੰਘ ਚੀਮਾ, ਗੁਰਦੇਵ ਸਿੰਘ ਮਾਂਗੇਵਾਲ ਅਤੇ ਜਗਰਾਜ ਸਿੰਘ ਹਰਦਾਸਪੁਰਾ ਨੇ ਦੱਸਿਆ ਕਿ ਪਿਛਲੇ ਲਗਭਗ 15 ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਬਾਰਿਸ਼ ਕਾਰਨ ਫਸਲ ਦੇ ਝਾੜ ਵਿੱਚ ਵੱਡੀ ਗਿਰਾਵਟ ਆਵੇਗੀ ਅਤੇ ਤੂੜੀ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਅਨੁਸਾਰ ਵਿਸਾਖੀ ਤੱਕ ਫਸਲ ਵਢਾਈ ਲਈ ਤਿਆਰ ਹੋ ਜਾਂਦੀ ਸੀ, ਪਰ ਮੌਸਮ ਖਰਾਬ ਹੋਣ ਕਾਰਨ ਹਾਲਾਤ ਬਦਤਰ ਹੋ ਗਏ ਹਨ। ਬਰਨਾਲਾ ਦੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਸੁਖਪਾਲ ਸਿੰਘ ਨੇ ਕਿਹਾ ਕਿ ਬੀਤੀ ਰਾਤ 19 ਐੱਮ ਐੱਮ ਬਾਰਿਸ਼ ਬਰਨਾਲਾ ਜ਼ਿਲ੍ਹੇ ’ਚ ਦਰਜ ਕੀਤੀ ਗਈ ਹੈ ਜਿਸ ਨਾਲ ਕਣਕ ਅਤੇ ਸਰ੍ਹੋਂ ਦੀ ਫ਼ਸਲ ਨੂੰ ਨੁਕਸਾਨ ਹੋਵੇਗਾ। ਕਣਕ ਦੇ ਦਾਣੇ ਦੀ ਗੁਣਵੱਤਾ ਅਤੇ ਵਾਧੇ ’ਚ ਵੀ ਅਸਰ ਪੈ ਸਕਦਾ ਹੈ।

ਮੰਡੀਆਂ ’ਚ ਨਾ ਹੋਈ ਕਣਕ ਦੀ ਖ਼ਰੀਦ

ਬਠਿੰਡਾ (ਮਨੋਜ ਸ਼ਰਮਾ): ਮਾਲਵਾ ਪੱਟੀ ਵਿੱਚ ਬੀਤੀ ਰਾਤ ਪਏ ਬੇਮੌਸਮੇ ਮੀਂਹ ਕਾਰਨ ਅੱਜ ਅਨਾਜ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦਾ ਕੰਮ ਬਿਲਕੁਲ ਠੱਪ ਰਿਹਾ। ਜ਼ਿਲ੍ਹੇ ਦੇ ਜਿਣਸ ਕੇਂਦਰਾਂ ਵਿੱੱਚ ਖੁੱਲ੍ਹੇ ’ਚ ਪਈ ਕਣਕ ਭਿੱਜ ਗਈ। ਗੌਰਤਲਬ ਹੈ ਕਿ ਪੰਜਾਬ ਸਰਕਾਰ ਵੱਲੋਂ 1 ਅਪਰੈਲ ਤੋਂ ਕਣਕ ਦਾ ਸੀਜਨ ਦਾ ਸ਼ੁਰੂ ਕੀਤਾ ਹੋਇਆ ਹੈ ਪਰ ਇਸ ਤੋਂ ਪਹਿਲਾਂ ਕਮਿਸ਼ਨ ਦੇ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆੜ੍ਹਤੀਆਂ ਵਿਚਾਲੇ ਟਕਰਾਅ ਬਣਿਆ ਹੋਇਆ ਸੀ। ਬੀਤੇ ਦਿਨ ਸਰਕਾਰ ਨਾਲ ਸਮਝੌਤਾ ਹੋਣ ਮਗਰੋਂ ਆੜ੍ਹਤੀਆਂ ਨੇ ਹੜਤਾਲ ਖ਼ਤਮ ਕਰ ਦਿੱਤੀ ਹੈ, ਜਿਸ ਨਾਲ ਮੰਡੀਆਂ ਵਿੱਚ ਖ਼ਰੀਦ ਪ੍ਰਕਿਰਿਆ ਮੁੜ ਪਟੜੀ ’ਤੇ ਆਉਣ ਦੀ ਉਮੀਦ ਬਣ ਗਈ ਹੈ। ਅੱਜ ਆੜ੍ਹਤੀ ਖ਼ਰੀਦ ਕੇਂਦਰਾਂ ਵਿੱਚ ਆਪਣੇ ਕੰਮ ’ਤੇ ਆ ਆਏ ਹਨ। ਮੰਡੀਆਂ ਵਿਚ ਬੈਠੇ ਕਿਸਾਨਾਂ ਨੇ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਕਿਹਾ ਇੱਕ ਪਾਸੇ ਕੁਦਰਤੀ ਆਫ਼ਤਾਂ ਅਤੇ ਦੂਜੇ ਪਾਸੇ ਖ਼ਰੀਦ ਵਿੱਚ ਹੋ ਰਹੀ ਦੇਰੀ ਨੇ ਅੰਨਦਾਤੇ ਦਾ ਲੱਕ ਤੋੜ ਦਿੱਤਾ ਹੈ। ਮੰਡੀਆਂ ਵਿੱਚ ਬੈਠੇ ਕਿਸਾਨਾਂ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜੇ ਮੌਸਮ ਅਜਿਹਾ ਹੀ ਰਿਹਾ ਤਾਂ ਫ਼ਸਲ ਨੂੰ ਹੋਰ ਵੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਣਸ ਕੇਂਦਰਾਂ ਵਿੱਚ ਤਰਪਾਲਾਂ ਸਮੇਤ ਖ਼ਰੀਦ ਦੇ ਯੋਗ ਪ੍ਰਬੰਧ ਕੀਤੇ ਜਾਣ।

Advertisement
×