ਅੱਗ ਕਾਰਨ ਦੋ ਹਜ਼ਾਰ ਕੁਇੰਟਲ ਤੂੜੀ ਸੜੀ
ਪਿੰਡ ਭੀਟੀਵਾਲਾ ਵਿੱਚ ਅੱਜ ਅੱਗ ਲੱਗਣ ਕਾਰਨ ਦੋ ਕਿਸਾਨ ਭਰਾਵਾਂ ਦੀ ਲਗਪਗ 2000 ਕੁਇੰਟਲ ਤੂੜੀ ਸੜ ਕੇ ਸੁਆਹ ਹੋ ਗਈ। ਜਾਣਕਾਰੀ ਅਨੁਸਾਰ ਜਸਕਰਨ ਸਿੰਘ ਅਤੇ ਗੋਰਾ ਸਿੰਘ ਨੇ ਵੱਖ-ਵੱਖ ਪਿੰਡਾਂ ਵਿਚੋਂ ਨਾੜ ਖਰੀਦ ਕੇ ਲਗਪਗ 250 ਤੋਂ ਵੱਧ ਟਰਾਲੀ ਤੂੜੀ...
ਪਿੰਡ ਭੀਟੀਵਾਲਾ ਵਿੱਚ ਅੱਜ ਅੱਗ ਲੱਗਣ ਕਾਰਨ ਦੋ ਕਿਸਾਨ ਭਰਾਵਾਂ ਦੀ ਲਗਪਗ 2000 ਕੁਇੰਟਲ ਤੂੜੀ ਸੜ ਕੇ ਸੁਆਹ ਹੋ ਗਈ। ਜਾਣਕਾਰੀ ਅਨੁਸਾਰ ਜਸਕਰਨ ਸਿੰਘ ਅਤੇ ਗੋਰਾ ਸਿੰਘ ਨੇ ਵੱਖ-ਵੱਖ ਪਿੰਡਾਂ ਵਿਚੋਂ ਨਾੜ ਖਰੀਦ ਕੇ ਲਗਪਗ 250 ਤੋਂ ਵੱਧ ਟਰਾਲੀ ਤੂੜੀ ਇਕੱਠੀ ਕੀਤੀ ਸੀ ਜਿਸ ਦਾ ਵੱਡਾ ਢੇਰ ਪਿੰਡ ਵਿੱਚ ਡੱਬਵਾਲੀ-ਅਬੋਹਰ ਕੌਮੀ ਸ਼ਾਹ ਨੇੜਲੇ ਖੇਤਾਂ ਵਿੱਚ ਲਗਾਇਆ ਗਿਆ ਸੀ। ਹਾਲਾਂਕਿ ਮੁਢਲੇ ਤੌਰ ’ਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੀੜਤ ਕਿਸਾਨ ਜਸਕਰਨ ਸਿੰਘ ਦੇ ਲੜਕੇ ਅਨਮੋਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਅੱਜ ਹੀ ਤੂੜੀ ਨੂੰ ਤਿਰਪਾਲਾਂ ਨਾਲ ਢਕਣਾ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਦੁਪਹਿਰ ਮਗਰੋਂ ਅਚਾਨਕ ਲੱਗੀ ਅੱਗ ਨੇ ਪਲਾਂ ਵਿਚ ਭਿਆਨਕ ਰੂਪ ਧਾਰ ਲਿਆ। ਸੂਚਨਾ ਮਿਲਦੇ ਹੀ ਮਲੋਟ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ ਅਤੇ ਪਿੰਡ ਵਾਸੀਆਂ ਦੀ ਇਮਦਾਦ ਨਾਲ ਕਾਫ਼ੀ ਮੁਸ਼ੱਕਤ ਸਦਕਾ ਅੱਗ ’ਤੇ ਕਾਬੂ ਪਾਇਆ ਗਿਆ, ਪਰ ਉਦੋਂ ਤੱਕ ਤੂੜੀ ਦਾ ਢੇਰ ਸੁਆਹ ਹੋ ਗਿਆ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਕਿੱਲਿਆਂਵਾਲੀ ਦਾ ਅਮਲਾ ਵੀ ਮੌਕੇ ’ਤੇ ਪੁੱਜਿਆ। ਅੱਗ ਕਾਰਨ ਲਗਪਗ 7 ਲੱਖ ਰੁਪਏ ਦਾ ਅਨੁਮਾਨ ਹੈ। ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

