ਚੋਰੀ ਦੇ ਦੋਸ਼ ਹੇਠ ਦੋ ਜਣੇ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਭਦੌੜ, 30 ਜੂਨ
ਭਦੌੜ ਪੁਲੀਸ ਨੇ ਦੋ ਨੌਜਵਾਨਾਂ ਨੂੰ ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਤਪਾ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਨਵਦੀਪ ਸਿੰਘ ਵਾਸੀ ਖੜਕ ਸਿੰਘ ਵਾਲਾ ਬੀਹਲੀ ਚੋਰੀਆਂ ਕਰਨ ਦਾ ਆਦੀ ਹੈ ਅਤੇ ਅੱਜ ਵੀ ਚੋਰੀ ਦਾ ਮੋਟਰਸਾਈਕਲ ਲੈ ਕੇ ਤਲਵੰਡੀ ਰੋਡ ’ਤੇ ਹੋਰ ਚੋਰੀਆਂ ਕਰਨ ਦੀ ਤਾਕ ਵਿੱਚ ਹੈ ਜਿਸ ’ਤੇ ਏਐੱਸਆਈ ਕਮਲਜੀਤ ਸਿੰਘ ਨੇ ਪੁਲੀਸ ਪਾਰਟੀ ਸਮੇਤ ਰੇਡ ਕੀਤੀ ਤਾਂ ਨਵਦੀਪ ਸਿੰਘ ਨਿਵਾਸੀ ਖੜਕ ਸਿੰਘ ਵਾਲਾ ਬੀਹਲੀ ਨੂੰ ਇਕ ਚੋਰੀ ਦੇ ਪਲਟੀਨਾ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ। ਉਸ ਤੋਂ ਬਾਅਦ ਨਵਦੀਪ ਸਿੰਘ ਤੋਂ ਪੁੱਛ-ਗਿੱਛ ਦੌਰਾਨ ਹਰਮਨ ਸਿੰਘ ਵਾਸੀ ਮੱਝੂਕੇ ਅਤੇ ਸੋਹਣ ਸਿੰਘ ਤਖਤੂਪਰਾ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਇਨ੍ਹਾਂ ਕੋਲੋਂ ਪੰਜ ਮੋਟਰਸਾਈਕਲ ਬਰਾਮਦ ਕੀਤੇ। ਇਨ੍ਹਾਂ ਤੋਂ ਪੁੱਛ-ਗਿੱਛ ਦੌਰਾਨ ਮੁਲਜ਼ਮ ਹਰਮਨ ਸਿੰਘ ਪਾਸੋਂ ਬਿਨਾਂ ਨੰਬਰੀ ਦੋ ਮੋਟਰਸਾਈਕਲ ਹੋਰ ਬਰਾਮਦ ਕਰਵਾਏ ਗਏ ਅਤੇ ਇਸ ਮੁਕੱਦਮੇ ਵਿੱਚ ਕੁੱਲ ਅੱਠ ਮੋਟਰਸਾਈਕਲ ਬਿਨਾਂ ਨੰਬਰਾਂ ਤੋਂ ਬਰਾਮਦ ਹੋ ਚੁੱਕੇ ਹਨ ਅਤੇ ਮੁਲਜ਼ਮ ਓਮਨਪ੍ਰੀਤ ਸਿੰਘ ਵਾਸੀ ਬੀਹਲਾ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁਲਜ਼ਮਾਂ ਤੋਂ ਹੋਰ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਕਤ ਗ੍ਰਿਫ਼ਤਾਰ ਕੀਤੇ ਨੌਜਵਾਨ ਨੇੜਲੇ ਜ਼ਿਲ੍ਹਿਆਂ ਵਿੱਚ ਚੋਰੀਆਂ ਕਰਨ ਵਿੱਚ ਸਰਗਰਮ ਹਨ ਅਤੇ ਸੁੰਨੇ ਪਏ ਮੋਟਰਸਾਈਕਲਾਂ ਨੂੰ ਚੋਰੀ ਦਾ ਸ਼ਿਕਾਰ ਬਣਾ ਰਹੇ ਸਨ। ਇਸ ਮੌਕੇ ਥਾਣਾ ਮੁਖੀ ਗੁਰਵਿੰਦਰ ਸਿੰਘ, ਏਐੱਸਆਈ ਕਮਲਜੀਤ ਸਿੰਘ ਅਤੇ ਮੁਨਸ਼ੀ ਹਰਦੀਪ ਸਿੰਘ ਹਾਜ਼ਰ ਸਨ।