ਦੋ ਸੜਕ ਹਾਦਸਿਆਂ ’ਚ ਦੋ ਹਲਾਕ, ਤਿੰਨ ਜ਼ਖ਼ਮੀ
ਹੰਢਿਆਇਆ ਵਿੱਚ ਸਡ਼ਕ ਹਾਦਸੇ ’ਚ ਬਿਰਧ ਦੀ ਮੌਤ ਮਗਰੋਂ ਵਾਰਸਾਂ ਨੇ ਜਾਮ ਲਾਇਆ
ਇਥੇ ਤਲਵੰਡੀ ਸਾਬੋ-ਬਠਿੰਡਾ ਮੁੱਖ ਸੜਕ ਮਾਰਗ ’ਤੇ ਪਿੰਡ ਜੀਵਨ ਸਿੰਘ ਵਾਲਾ ਨੇੜੇ ਦੋ ਕਾਰਾਂ ਵਿਚਕਾਰ ਵਾਪਰੇ ਸੜਕ ਹਾਦਸੇ ਦੌਰਾਨ ਤਿੰਨ ਜਣੇ ਗੰਭੀਰ ਜ਼ਖ਼ਮੀ ਹੋ ਗਏ ਅਤੇ ਇੱਕ ਔਰਤ ਦੀ ਮੌਤ ਹੋ ਗਈ। ਤਲਵੰਡੀ ਸਾਬੋ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਵਾਸੀ ਸਤਨਾਮ ਸਿੰਘ ਸੱਤਾ ਦਾ ਪਰਿਵਾਰ ਜਿਸ ਵਿੱਚ ਉਨ੍ਹਾਂ ਦੀ ਪਤਨੀ ਅਮਰਜੀਤ ਕੌਰ, ਪੁੱਤਰ ਅਮਨਦੀਪ ਸਿੰਘ ਅਤੇ ਧੀ ਮਨਜਿੰਦਰ ਕੌਰ ਸ਼ਾਮਲ ਸਨ। ਜੋ ਅੱਜ ਸਵੇਰੇ ਆਪਣੀ ਮਾਈਕਰਾ ਕਾਰ ’ਤੇ ਫਿਰੋਜ਼ਪੁਰ ਵੱਲ ਰਿਸ਼ਤੇਦਾਰੀ ਵਿੱਚ ਵਿਆਹ ਸਮਾਗਮ ’ਤੇ ਜਾ ਰਹੇ ਸਨ ਕਿ ਸੰਘਣੀ ਧੁੰਦ ਕਾਰਨ ਪਿੰਡ ਜੀਵਨ ਸਿੰਘ ਵਾਲਾ ਦੇ ਲਸਾੜੇ ਨਾਲੇ ਕੋਲ ਅੱਗੇ ਤੋਂ ਆ ਰਹੀ ਤੇਜ਼ ਰਫਤਾਰ ਹੌਂਡਾ ਕਾਰ ਨਾਲ ਉਨ੍ਹਾਂ ਦੀ ਕਾਰ ਨਾਲ ਸਿੱਧੀ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਦੋਵਾਂ ਕਾਰਾਂ ਵਿੱਚ ਸਵਾਰ ਚਾਰ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਐਂਬੂਲੈਂਸ 108 ਰਾਹੀਂ ਪਹਿਲਾਂ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ। ਪਰ ਹਾਲਤ ਗੰਭੀਰ ਹੋਣ ਕਰਕੇ ਸਾਰਿਆਂ ਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ। ਜਿੱਥੇ ਅਮਰਜੀਤ ਕੌਰ (51) ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜਦ ਕਿ ਅਮਨਦੀਪ ਸਿੰਘ, ਮਨਜਿੰਦਰ ਕੌਰ ਅਤੇ ਹੌਂਡਾ ਕਾਰ ਚਾਲਕ ਗੁਰਜੰਟ ਸਿੰਘ ਵਾਸੀ ਕੋਟਕਪੂਰਾ ਜੇਰੇ ਇਲਾਜ ਹਨ। ਤਲਵੰਡੀ ਸਾਬੋ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਆਰੰਭ ਕਰ ਦਿੱਤੀ ਹੈ।
ਹੰਢਿਆਇਆ (ਕੁਲਦੀਪ ਸੂਦ): ਕਸਬਾ ਹੰਢਿਆਇਆ ਵਿਖੇ ਬੀਤੀ ਸ਼ਾਮ ਸੜਕ ਹਾਦਸੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਲਕੀਤ ਸਿੰਘ (72) ਪੁੱਤਰ ਅਰਜਨ ਸਿੰਘ ਵਾਸੀ ਇੰਦਰਾ ਕਲੋਨੀ, ਹੰਢਿਆਇਆ ਸਾਈਕਲ ’ਤੇ ਗੁਰਦੁਆਰਾ ਅੜੀਸਰ ਸਾਹਿਬ ਜਾ ਰਿਹਾ ਸੀ। ਕੱਲ ਸ਼ਾਮ ਜਦੋਂ ਮਲਕੀਤ ਸਿੰਘ ਗੁਰਦੁਆਰਾ ਅੜੀਸਰ ਸਾਹਿਬ ਤੋਂ ਸਾਈਕਲ ’ਤੇ ਘਰ ਵਾਪਸ ਆ ਰਿਹਾ ਸੀ ਤਾਂ ਪਿੱਛੋਂ ਆ ਰਹੀ ਗੱਡੀ ਕੇਆਈਏ ਸੋਨੇਟ (ਕਾਲਾ) ਨੰਬਰ ਪੀਬੀ 19ਵੀ 5521 ਨੇ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਮਲਕੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਲੋਕਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾ ਦਿੱਤਾ ਗਿਆ ਪਰੰਤੂ ਮਲਕੀਤ ਸਿੰਘ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਿਆ। ਪੁਲੀਸ ਚੌਂਕੀ ਹੰਢਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਲਕੀਤ ਸਿੰਘ ਦੇ ਪੁੱਤਰ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਾਰ ਮਾਲਕਾਂ ਦੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰ ਪਰਿਵਾਰਕ ਮੈਂਬਰ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। ਪਰਿਵਾਰਕ ਮੈਂਬਰਾਂ ਨੇ ਅੱਜ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਮ੍ਰਿਤਕ ਦੇਹ ਰੱਖ ਕੇ ਧਰਨਾ ਦਿੱਤਾ।

