ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 3 ਦਸੰਬਰ
ਦੇਰ ਰਾਤ ਇੱਥੇ ਸਰਕੂਲਰ ਰੋਡ ‘ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਫ਼ਰੀਦਕੋਟ ਦੇ ਇੱਕ ਵਸਨੀਕ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਨੂੰਮਾਨ ਨਾਮ ਦੇ ਵਿਅਕਤੀ ਨੂੰ ਟਾਂਗਾ ਸਟੈਂਡ ਨੇੜੇ ਇੱਕ ਸਕਾਰਪਿਓ ਕਾਰ ਨੇ ਫੇਟ ਮਾਰੀ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਤਨੀ ਲੀਲਾਵਤੀ ਨੇ ਕਿਹਾ ਕਿ ਹਾਦਸੇ ਤੋਂ ਤੁਰੰਤ ਬਾਅਦ ਹਨੂੰਮਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸੇ ਤਰ੍ਹਾਂ ਇੱਥੇ ਨੈਸ਼ਨਲ ਹਾਈਵੇਅ ਉੱਪਰ ਕਰਾਊਨ ਪੈਲੇਸ ਨਜ਼ਦੀਕ ਇੱਕ ਟਰਾਲੇ ਨੇ ਟਰੈਕਟਰ ਨੂੰ ਟੱਕਰ ਮਾਰੀ ਜਿਸ ਵਿੱਚ ਟਰੈਕਟਰ ਚਾਲਕ ਇਕਬਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਟਰੈਕਟਰ-ਟਰਾਲੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲੀਸ ਨੇ ਇਨ੍ਹਾਂ ਦੋਹਾਂ ਮਾਮਲਿਆਂ ਵਿੱਚ ਅਜੇ ਤੱਕ ਕਸੂਰਵਾਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਪੁਲੀਸ ਨੇ ਕਸੂਰਵਾਰ ਡਰਾਈਵਰਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਜ਼ੀਰਾ (ਪੱਤਰ ਪ੍ਰੇਰਕ): ਜ਼ੀਰਾ-ਫਿਰੋਜ਼ਪੁਰ ਸੜਕ ’ਤੇ ਪੈਂਦੇ ਪਿੰਡ ਭੜਾਣਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਦਲਜੀਤ ਸਿੰਘ (30) ਪੁੱਤਰ ਸ਼ਵਿੰਦਰ ਸਿੰਘ ਭੁੱਲਰ ਵਾਸੀ ਕਰਮੂੰਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦਲਜੀਤ ਸ਼ਰਾਬ ਦਾ ਠੇਕੇਦਾਰ ਸੀ। ਬੀਤੀ ਰਾਤ ਉਹ ਆਪਣੇ ਦਫ਼ਤਰ ਪਿੰਡ ਖੋਸਾ ਦਲ ਸਿੰਘ ਤੋਂ ਰਾਤ ਕਰੀਬ 10 ਵਜੇ ਪਿੰਡ ਭੜਾਣਾ ਨੂੰ ਆਪਣੀ ਗੱਡੀ ’ਚ ਪਰਤ ਰਿਹਾ ਸੀ ਕਿ ਨੌਜਵਾਨ ਦੀ ਗੱਡੀ ਬੇਕਾਬੂ ਹੋ ਕਿ ਇੱਕ ਦਰੱਖ਼ਤ ਨਾਲ ਜਾ ਟਕਰਾਈ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਉਕਤ ਕਾਰ ਦੂਰ ਖੇਤਾਂ ਵਿੱਚ ਜਾ ਵੜੀ। ਮ੍ਰਿਤਕ ਇੱਕ ਢਾਈ ਸਾਲ ਦੀ ਬੱਚੀ ਦਾ ਪਿਤਾ ਸੀ ਅਤੇ ਉਹ ਆਪਣੇ ਮਾਪਿਆਂ ਦਾ ਵੀ ਇਕਲੌਤਾ ਪੁੱਤਰ ਸੀ।