
ਗੁਰਦੁਆਰੇ ਦੇ ਲੰਗਰ ਹਾਲ ਵਿੱਚ ਪ੍ਰੀਖਿਆ ਦਿੰਦੇ ਹੋਏ ਵਿਦਿਆਰਥੀ।
ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਮਾਰਚ
ਇਥੇ ਗੁਰੂ ਹਰਗੋਬਿੰਦ ਹਾਈ ਸਕੂਲ ਮੱਦੋਕੇ ਦੇ ਬਰਖ਼ਾਸਤ ਚਾਰ ਅਧਿਆਪਕਾਂ ਅਤੇ ਸਕੂਲ ਪ੍ਰਬੰਧਕ ਟਰੱਸਟ ਦਰਮਿਆਨ ਕਰੀਬ 6 ਮਹੀਨੇ ਤੋਂ ਜਾਰੀ ਵਿਵਾਦ ’ਚ ਵਿਦਿਆਰਥੀ ਪਿਸ ਰਹੇ ਹਨ। ਬਰਖ਼ਾਸਤ ਅਧਿਆਪਕਾਂ ਵੱਲੋਂ ਸਕੂਲ ਅੰਦਰ ਧਰਨਾ ਦਿੱਤੇ ਜਾਣ ਕਾਰਨ ਗੁਰਦੁਆਰੇ ਦੇ ਲੰਗਰ ਹਾਲ ’ਚ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ। ਸਥਾਨਕ ਅਦਾਲਤ ਨੇ ਅੰਦੋਲਨਕਾਰੀ ਅਧਿਆਪਕਾਂ ਨੂੰ ਸਕੂਲ ਤੋਂ 100 ਮੀਟਰ ਦੂਰ ਸਾਂਤਮਈ ਰੋਸ ਪ੍ਰਦਰਸ਼ਨ ਕਰਨ ਦਾ ਹੁਕਮ ਦਿੱਤਾ ਹੈ।
ਸਕੂਲ ਪ੍ਰਬੰਧਕ ਟਰੱਸਟ ਨੇ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਸਕੂਲ ਵਿੱਚ ਪਹਿਲੀ ਤੋਂ 10ਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ 6 ਮਾਰਚ ਤੋਂ ਸ਼ੁਰੂ ਹਨ ਅਤੇ ਅੰਦੋਲਨਕਾਰੀ ਲਾਊਡ ਸਪੀਕਰ ਲਗਾ ਕੇ ਸ਼ੋਰ ਸ਼ਰਾਬਾ ਕਰ ਰਹੇ ਹਨ। ਨਾਇਬ ਤਹਿਸੀਲਦਾਰ ਅਜੀਤਵਾਲ ਕਮ ਕਾਰਜਕਾਰੀ ਮੈਜਿਸਟਰੇਟ ਮਨਵੀਰ ਕੌਰ ਸਿੱਧੂ ਨੇ ਇਸ ਸਬੰਧੀ ਕਿਹਾ ਕਿ ਅਦਾਲਤ ਦਾ ਹੁਕਮ ਪੁਲੀਸ ਕੋਲ ਪਹੁੰਚ ਗਿਆ ਹੈ।
ਸਕੂਲ ਉੱਪ ਪ੍ਰਿੰਸੀਪਲ ਹਰਕੰਵਰ ਸਿੰਘ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੂੰ ਸਕੂਲ ਵਿਰੋਧੀ ਗਤੀਵਿਧੀਆਂ ਕਾਰਨ ਟਰਸਟ ਵੱਲੋਂ ਬਰਖ਼ਾਸਤ ਕੀਤਾ ਗਿਆ ਹੈ। ਦੂਜੇ ਪਾਸੇ ਅੰਦੋਲਨਕਾਰੀ ਅਧਿਆਪਕਾ ਮਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਤੱਕ ਅਦਾਲਤ ਦਾ ਕੋਈ ਹੁਕਮ ਨਹੀਂ ਮਿਲਿਆ। ਉਨ੍ਹਾਂ ਦਾਅਵਾ ਕੀਤਾ ਕਿ ਸਕੂਲ ਅੰਦਰ ਚੱਲ ਰਿਹਾ ਸਾਂਤਮਈ ਧਰਨਾ ਪ੍ਰੀਖਿਆਵਾਂ ਕਾਰਨ ਦੂਰ ਪਾਰਕ ਨੇੜੇ ਤਬਦੀਲ ਕਰ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਕੂਲ ਟਰਸਟ ਜਾਣਬੁੱਝ ਕੇ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਨੀਵਾਂ ਦਿਖਾਉਣ ਲਈ ਗੁਰਦੁਆਰੇ ’ਚ ਪ੍ਰੀਖਿਆਵਾਂ ਲੈਣ ਦਾ ਡਰਾਮਾ ਕਰ ਰਿਹਾ ਹੈ। ਉਹ ਟਰੱਸਟ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਅਤੇ ਇਨਸਾਫ਼ ਲਈ ਸਾਂਤਮਈ ਅੰਦੋਲਨ ਕਰ ਰਹੀਆਂ ਹਨ। ਉਨ੍ਹਾਂ ਦਾ ਸੰਘਰਸ਼ ਮੰਗਾਂ ਦੀ ਪੂਰਤੀ ਤਕ ਜਾਰੀ ਰਹੇਗਾ।
ਦੱਸਣਯੋਗ ਹੈ ਕਿ ਇਹ ਵਿਵਾਦ ਕਰੀਬ 6 ਮਹੀਨੇ ਤੋਂ ਚੱਲ ਰਿਹਾ ਹੈ। ਇਸ ਸਕੂਲ ਵਿੱਚ ਤਕਰੀਬਨ 32 ਪਿੰਡਾਂ ਦੇ ਬੱਚੇ ਪੜ੍ਹਨ ਲਈ ਆਉਂਦੇ ਹਨ। ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਮਸਲਾ ਸੁਲਾਉਣ ਲਈ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਸੀ ਪਰ ਹੁਣ ਤੱਕ ਹੋਈਆਂ ਸਾਰੀਆਂ ਮੀਟਿੰਗਾਂ ਬੇਸਿੱਟਾ ਹੀ ਰਹੀਆਂ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ