ਝੱਖੜ ਕਾਰਨ ਦਰੱਖ਼ਤ ਡਿੱਗੇ ਤੇ ਤਾਰਾਂ ਟੁੱਟੀਆਂ
ਖੇਤਰ ਵਿੱਚ ਲੰਘੀ ਰਾਤ ਆਏ ਝੱਖੜ ਅਤੇ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਰਿਹਾ। ਝੱਖੜ ਕਾਰਨ ਕਈ ਥਾਵਾਂ ’ਤੇ ਦਰੱਖਤਾਂ ਦੇ ਟਾਹਣੇ ਡਿੱਗ ਗਏ ਅਤੇ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਪਹੁੰਚਿਆ, ਜਿਸ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਅਤੇ ਇੰਟਰਨੈਟ ਸੇਵਾਵਾਂ ਪ੍ਰਭਾਵਿਤ...
ਖੇਤਰ ਵਿੱਚ ਲੰਘੀ ਰਾਤ ਆਏ ਝੱਖੜ ਅਤੇ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਰਿਹਾ। ਝੱਖੜ ਕਾਰਨ ਕਈ ਥਾਵਾਂ ’ਤੇ ਦਰੱਖਤਾਂ ਦੇ ਟਾਹਣੇ ਡਿੱਗ ਗਏ ਅਤੇ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਪਹੁੰਚਿਆ, ਜਿਸ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਅਤੇ ਇੰਟਰਨੈਟ ਸੇਵਾਵਾਂ ਪ੍ਰਭਾਵਿਤ ਰਹੀਆਂ। ਰਾਤ ਸਮੇਂ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬਿਜਲੀ ਵਿਭਾਗ ਦੀਆਂ ਟੀਮਾਂ ਨੇ ਸਵੇਰੇ ਹੁੰਦੇ ਹੀ ਪ੍ਰਭਾਵਿਤ ਇਲਾਕਿਆਂ ਵਿੱਚ ਮੁਰੰਮਤ ਕੰਮ ਸ਼ੁਰੂ ਕਰ ਦਿੱਤਾ। ਟੁੱਟੀਆਂ ਤਾਰਾਂ ਅਤੇ ਡਿੱਗੇ ਦਰੱਖਤਾਂ ਨੂੰ ਹਟਾਉਣ ਤੋਂ ਬਾਅਦ ਦੁਪਹਿਰ ਤੱਕ ਜ਼ਿਆਦਾਤਰ ਇਲਾਕਿਆਂ ਵਿੱਚ ਬਿਜਲੀ ਸਪਲਾਈ ਮੁੜ ਬਹਾਲ ਕਰ ਦਿੱਤੀ ਗਈ। ਦੂਜੇ ਪਾਸੇ ਖੇਤਰ ਵਿੱਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਘੱਟ ਤੋਂ ਘੱਟ ਤਾਪਮਾਨ 15.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਮੀਂਹ ਕਾਰਨ ਮੰਡੀ ਵਿੱਚ ਕਣਕ ਭਿੱਜੀ
ਤਪਾ ਮੰਡੀ, 5 ਮਈ (ਸੀ ਮਾਰਕੰਡਾ): ਮੀਂਹ ਨੇ ਮੰਡੀਆਂ ਵਿੱਚ ਪਈਆਂ ਕਣਕ ਦੀਆਂ ਬੋਰੀਆਂ ਦਾ ਵੱਡਾ ਨੁਕਸਾਨ ਕੀਤਾ ਹੈ। ਲਿਫਟਿੰਗ ਨਾ ਹੋਣ ਕਾਰਨ ਖੁੱਲ੍ਹੇ ਅਸਮਾਨ ਹੇਠ ਪਈਆਂ ਲੱਖਾਂ ਬੋਰੀਆਂ ਮੀਂਹ ਵਿੱਚ ਭਿੱਜ ਗਈਆਂ, ਜਿਸ ਕਾਰਨ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਭਾਰੀ ਆਰਥਿਕ ਮਾਰ ਝੇਲਣੀ ਪੈ ਰਹੀ ਹੈ। ਆੜ੍ਹਤੀਆਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਬੋਰੀਆਂ ਭਰੀਆਂ ਪਈਆਂ ਹਨ, ਪਰ ਸਰਕਾਰੀ ਏਜੰਸੀਆਂ ਵੱਲੋਂ ਲਿਫਟਿੰਗ ਨਹੀਂ ਕੀਤੀ ਜਾ ਰਹੀ। ਆੜ੍ਹਤੀ ਸੱਤਪਾਲ ਮੌੜ ਨੇ ਮੰਗ ਕੀਤੀ ਕਿ ਤੁਰੰਤ ਲਿਫਟਿੰਗ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ ਤਾਂ ਜੋ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ। ਸਕੱਤਰ ਮਾਰਕੀਟ ਕਮੇਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ 5 ਲੱਖ ਤੋਂ ਵੱਧ ਬੋਰੀਆਂ ਦੀ ਲਿਫਟਿੰਗ ਹੋਣੀ ਬਾਕੀ ਹੈ। ਲਿਫਟਿੰਗ ਸਬੰਧੀ ਖ਼ਰੀਦ ਏਜੰਸੀਆਂ ਨੂੰ ਲਿਖਤੀ ਤੌਰ ’ਤੇ ਪੱਤਰ ਵੀ ਭੇਜਿਆ ਗਿਆ ਹੈ।

