Transport Strike: ਹੜਤਾਲ ਕਾਰਨ Government Buses ਦੂਜੇ ਦਿਨ ਵੀ ਬੰਦ ਰਹੀਆਂ
ਪੰਜਾਬ ਵਿੱਚ ਸਰਕਾਰੀ ਬੱਸਾਂ ਲਗਾਤਾਰ ਦੂਜੇ ਦਿਨ ਬੰਦ ਰਹਿਣ ਕਾਰਨ ਮੁਸਾਫਰਾਂ ਨੂੰ ਸਫ਼ਰ ਦੌਰਾਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਰਕਾਰੀ ਅਧਿਕਾਰੀਆਂ ਵੱਲੋਂ ਮੁਸਾਫਰਾਂ ਦੀ ਸਹੂਲਤ ਲਈ ਬਦਲਵੇਂ ਪ੍ਰਬੰਧ ਕਰਨ ਦੇ ਕੀਤੇ ਗਏ ਦਾਅਵੇ ਮਾੜੇ ਮੌਸਮ ਵਿੱਚ ਫੇਲ੍ਹ ਸਾਬਤ ਹੋਏ।...
ਪੰਜਾਬ ਵਿੱਚ ਸਰਕਾਰੀ ਬੱਸਾਂ ਲਗਾਤਾਰ ਦੂਜੇ ਦਿਨ ਬੰਦ ਰਹਿਣ ਕਾਰਨ ਮੁਸਾਫਰਾਂ ਨੂੰ ਸਫ਼ਰ ਦੌਰਾਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਰਕਾਰੀ ਅਧਿਕਾਰੀਆਂ ਵੱਲੋਂ ਮੁਸਾਫਰਾਂ ਦੀ ਸਹੂਲਤ ਲਈ ਬਦਲਵੇਂ ਪ੍ਰਬੰਧ ਕਰਨ ਦੇ ਕੀਤੇ ਗਏ ਦਾਅਵੇ ਮਾੜੇ ਮੌਸਮ ਵਿੱਚ ਫੇਲ੍ਹ ਸਾਬਤ ਹੋਏ। ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੀ ਆਰ ਟੀ ਸੀ ਦੇ ਕੱਚੇ ਕਾਮਿਆਂ ਨੇ ਸਰਕਾਰ ਨਾਲ ਸਮਝੌਤਾ ਹੋਣ ਦੇ ਬਾਵਜੂਦ ਅੱਜ ਦੇਰ ਸ਼ਾਮ ਤੱਕ ਆਪਣੇ ਰੂਟਾਂ ਉੱਤੇ ਬੱਸਾਂ ਨਹੀਂ ਚਲਾਈਆਂ। ਪੰਜਾਬ ਰੋਡਵੇਜ਼, ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਐਲਾਨ ਕੀਤਾ ਕਿ 5 ਅਗਸਤ ਤੋਂ ਬੱਸਾਂ ਨਿਰਧਾਰਤ ਸਮੇਂ ਅਨੁਸਾਰ ਮੁੜ ਚੱਲਣਗੀਆਂ।
ਮਾਨਸਾ ਦੇ ਬੱਸ ਸਟੈਂਡ ਉੱਤੇ ਅੱਜ ਲਗਾਤਾਰ ਦੂਜੇ ਦਿਨ ਸਵਾਰੀਆਂ ਖੱਜਲ-ਖੁਆਰ ਹੁੰਦੀਆਂ ਰਹੀਆਂ। ਚੰਡੀਗੜ੍ਹ ਦਫ਼ਤਰੀ ਕੰਮਾਂ ਲਈ ਜਾਣ ਵਾਲੇ ਲੋਕ ਅਤੇ ਪੀ ਜੀ ਆਈ ਤੇ ਡੀ ਐੱਮ ਸੀ ਵਰਗੇ ਹਸਪਤਾਲਾਂ ਵਿੱਚ ਜਾਣ ਵਾਲੇ ਮਰੀਜ਼ ਬੱਸਾਂ ਨਾ ਮਿਲਣ ਕਾਰਨ ਬੇਹੱਦ ਪ੍ਰੇਸ਼ਾਨ ਹੋਏ। ਦੂਜੇ ਪਾਸੇ, ਪੀ ਆਰ ਟੀ ਸੀ ਦੇ ਡਿਪੂ ਅਧਿਕਾਰੀ ਬਲਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਅਹਿਮ ਰੂਟਾਂ ਅਤੇ ਰਾਤ ਦੀ ਸੇਵਾ ਵਾਲੀਆਂ ਬੱਸਾਂ ਪੱਕੇ ਮੁਲਾਜ਼ਮਾਂ ਰਾਹੀਂ ਆਮ ਵਾਂਗ ਚਲਾਈਆਂ ਗਈਆਂ। ਇਸੇ ਦੌਰਾਨ ਬੁਢਲਾਡਾ ਡਿਪੂ ਅੱਗੇ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਰੋਸ ਰੈਲੀ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਮਗਰੋਂ ਹੜਤਾਲ ਵਾਪਸੀ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਸਮਝੌਤਾ ਹੋ ਗਿਆ ਹੈ, ਪਰ ਕਾਮੇ ਕੱਲ੍ਹ ਤੋਂ ਹੀ ਆਪਣੀ ਡਿਊਟੀ ਉੱਤੇ ਪਰਤਣਗੇ।
ਸ਼ਹਿਣਾ ਵਿੱਚ ਵੀ ਬੱਸ ਸੇਵਾ ਠੱਪ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਪੀ ਆਰ ਟੀ ਸੀ ਅਤੇ ਪੰਜਾਬ ਰੋਡਵੇਜ਼ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਅੱਜ ਦੂਜੇ ਦਿਨ ਵੀ ਇਲਾਕੇ ਵਿੱਚ ਬੱਸ ਸੇਵਾ ਠੱਪ ਰਹੀ। ਬੱਸਾਂ ਨਾ ਚੱਲਣ ਕਾਰਨ ਅੱਡਿਆਂ ਉੱਤੇ ਯਾਤਰੀਆਂ ਦਾ ਤਾਂਤਾ ਲੱਗਿਆ ਰਿਹਾ ਅਤੇ ਦੂਰ-ਦੁਰਾਡੇ ਜਾਣ ਵਾਲੇ ਲੋਕ ਖੱਜਲ-ਖੁਆਰ ਹੋਏ। ਆਧਾਰ ਕਾਰਡ ਰਾਹੀਂ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪਈ। ਹੜਤਾਲੀ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਠੇਕੇਦਾਰੀ ਪ੍ਰਣਾਲੀ ਬੰਦ ਕਰ ਕੇ 15 ਸਾਲਾਂ ਤੋਂ ਆਊਟ ਸੋਰਸਿੰਗ ਅਤੇ ਤਿੰਨ ਸਾਲਾਂ ਤੋਂ ਠੇਕੇ ਉੱਤੇ ਕੰਮ ਕਰਦੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਸਮਾਨ ਕੰਮ ਲਈ ਸਮਾਨ ਤਨਖਾਹ ਦੇਣ, ਕਿਲੋਮੀਟਰ ਸਕੀਮ ਰੱਦ ਕਰਨ, ਕਾਮਿਆਂ ਉੱਤੇ ਦਰਜ ਨਾਜਾਇਜ਼ ਕੇਸ ਰੱਦ ਕਰਨ ਅਤੇ ਜੇਲ੍ਹਾਂ ਵਿੱਚ ਬੰਦ ਸਾਥੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਰੱਖੀ।

