ਤਪਾ ਤਾਜੋ ਕੈਂਚੀਆਂ ਬਾਹਰਲੇ ਬੱਸ ਸਟੈਂਡ ’ਤੇ ਬਣੇ ਫਲਾਈਓਵਰ ਦੀ ਮੁਰੰਮਤ ਦੇ ਚੱਲਦਿਆਂ ਦੋਵੇਂ ਸਾਈਡਾਂ ਬੰਦ ਹੋਣ ਕਾਰਨ ਹੇਠਾਂ ਟਰੈਫਿਕ ਦੀ ਸਮੱਸਿਆ ਬਹੁਤ ਗੰਭੀਰ ਹੋ ਗਈ ਹੈ। ਇਸ ਕਾਰਨ ਰੋਜ਼ਾਨਾ ਆਉਣ-ਜਾਣ ਵਾਲੇ ਰਾਹਗੀਰਾਂ, ਬੱਸ ਯਾਤਰੀਆਂ, ਦੁਕਾਨਦਾਰਾਂ ਅਤੇ ਦੋਪਹੀਆ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸ਼ੇਸ਼ ਕਰਕੇ ਸਵੇਰੇ ਅਤੇ ਸ਼ਾਮ ਦੇ ਸਮੇਂ ਵੱਡੀ ਗਿਣਤੀ ਵਿੱਚ ਵਾਹਨਾਂ ਦੀ ਆਵਾਜਾਈ ਕਾਰਨ ਲੰਬੇ-ਲੰਬੇ ਜਾਮ ਲੱਗ ਜਾਂਦੇ ਹਨ ਅਤੇ ਉੱਤੋਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ।
ਇਸ ਸਬੰਧੀ ਨਜ਼ਦੀਕੀ ਦੁਕਾਨਦਾਰਾਂ ਨੇ ਦੱਸਿਆ ਕਿ ਬਰਨਾਲਾ ਅਤੇ ਬਠਿੰਡਾ ਵੱਲੋਂ ਆਉਣ ਵਾਲੀਆਂ ਬੱਸਾਂ ਸਵਾਰੀਆਂ ਚੜ੍ਹਾਉਣ ਲਈ ਬੇਤਰਤੀਬੇ ਢੰਗ ਨਾਲ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਜਾਮ ਦੀ ਸਥਿਤੀ ਹੋਰ ਵਿਗੜ ਜਾਂਦੀ ਹੈ। ਜੇ ਕਰ ਇਨ੍ਹਾਂ ਬੱਸਾਂ ਨੂੰ ਥੋੜ੍ਹਾ ਅੱਗੇ ਖੜ੍ਹਾ ਕੀਤਾ ਜਾਵੇ ਤਾਂ ਸਮੱਸਿਆ ਦਾ ਹੱਲ ਹੋ ਸਕਦਾ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਨੂੰ ਨਜਾਇਜ਼ ਕਬਜ਼ੇ ਹਟਾਉਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਫਲਾਈਓਵਰ ਦੀ ਮੁਰੰਮਤ ਦੇ ਨਾਲ-ਨਾਲ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਟਰੈਫਿਕ ਪੁਲਿਸ ਦੀ ਤਾਇਨਾਤੀ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਜਾਮ ਤੋਂ ਰਾਹਤ ਮਿਲ ਸਕੇ।

