ਸੜਕਾਂ ’ਤੇ ਕਬਜ਼ਿਆਂ ਕਾਰਨ ਆਵਾਜਾਈ ਪ੍ਰਭਾਵਿਤ
ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਮਾਨਸਾ ਨੇ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਜੋ ਮੁਹਿੰਮ ਆਰੰਭ ਕੀਤੀ ਸੀ, ਉਹ ਤਿੰਨ-ਚਾਰ ਦਿਨ ਤੋਂ ਅੱਗੇ ਨਹੀਂ ਵਧ ਸਕੀ। ਇਸ ਕਾਰਨ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਨੇ ਮੁੱਖ ਬਾਜ਼ਾਰਾਂ ਵਿੱਚ ਮੁੜ...
ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਮਾਨਸਾ ਨੇ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਜੋ ਮੁਹਿੰਮ ਆਰੰਭ ਕੀਤੀ ਸੀ, ਉਹ ਤਿੰਨ-ਚਾਰ ਦਿਨ ਤੋਂ ਅੱਗੇ ਨਹੀਂ ਵਧ ਸਕੀ। ਇਸ ਕਾਰਨ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਨੇ ਮੁੱਖ ਬਾਜ਼ਾਰਾਂ ਵਿੱਚ ਮੁੜ ਨਾਜਾਇਜ਼ ਕਬਜ਼ੇ ਕਰ ਲਏ ਹਨ। ਨਾਜਾਇਜ਼ ਕਬਜ਼ਿਆਂ ਕਾਰਨ ਬਾਜ਼ਾਰਾਂ ਵਿੱਚ ਜਿੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਉਥੇ ਕਈ ਥਾਵਾਂ ਲਾਂਘੇ ਬੰਦ ਹੋਣ ਕਾਰਨ ਲੋਕਾਂ ਨੂੰ ਪੈਦਲ ਜਾਣਾ ਵੀ ਔਖਾ ਹੋ ਗਿਆ ਹੈ। ਸ਼ਹਿਰ ਦੇ ਬੱਸ ਅੱਡੇ ਤੋਂ ਰੇਲਵੇ ਫਾਟਕ ਅਤੇ ਅੱਗੇ ਗੁਰਦੁਆਰਾ ਚੌਕ ਰਾਹੀਂ ਬਾਰਾਂ ਹੱਟਾਂ ਤੱਕ ਜਾਂਦੀ ਮੁੱਖ ਸੜਕ ਦੋਹਾਂ ਪਾਸੇ ਦੁਕਾਨਦਾਰਾਂ ਨੇ 6 ਤੋਂ ਲੈ ਕੇ 10 ਫੁੱਟ ਤੱਕ ਸਾਮਾਨ ਰੱਖਕੇ ਰੋਕੀ ਹੋਈ ਹੈ ਅਤੇ ਇਥੋਂ ਲੋਕਾਂ ਦਾ ਪੈਦਲ ਲੰਘਣਾ ਵੀ ਦੁੱਭਰ ਹੋ ਗਿਆ ਹੈ। ਇਸੇ ਤਰ੍ਹਾਂ ਲਿੰਕ ਰੋਡ, ਲੱਲੂਆਣਾ ਰੋਡ, ਚਕੇਰੀਆ ਰੋਡ, ਵਾਟਰ ਵਰਕਸ ਰੋਡ ’ਤੇ ਵੀ ਨਾਜਾਇਜ਼ ਕਬਜ਼ੇ ਹਨ। ਰੈਡੀਕਲ ਪੀਪਲਜ਼ ਫੋਰਮ ਦੇ ਕਨਵੀਨਰ ਸੁਖਦਰਸ਼ਨ ਨੱਤ ਦਾ ਕਹਿਣਾ ਹੈ ਕਿ ਸੜਕਾਂ ਨੂੰ ਰੋਕਣ ਵਾਲਿਆਂ ਨੂੰ ਭਾਰੀ ਜੁਰਮਾਨੇ ਲਾਉਣੇ ਚਾਹੀਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜਿਹਾ ਕਰਨ ਨਾਲ ਸ਼ਹਿਰ ਸਾਫ਼ ਸੁਥਰਾ ਤੇ ਲੰਘਣਯੋਗ ਬਣ ਜਾਵੇਗਾ। ਇਸ ਸਬੰਧੀ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਸੁਨੀਲ ਕੁਮਾਰ ਨੀਨੂੰ ਅਤੇ ਕਾਰਜ ਸਾਧਕ ਅਫ਼ਸਰ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਕਬਜ਼ਿਆਂ ਖ਼ਿਲਾਫ਼ ਮੁਹਿੰਮ ਆਰੰਭ ਕੀਤੀ ਸੀ ਅਤੇ ਇਸ ਵਿਚ ਜੇਕਰ ਕਿਧਰੇ ਸੁਸਤੀ ਆਈ ਹੈ ਤਾਂ ਅਧਿਕਾਰੀਆਂ ਨੂੰ ਅੱਜ ਹੀ ਅਜਿਹੀ ਮੁਹਿੰਮ ਤੇਜ਼ ਕਰਨ ਦੇ ਆਦੇਸ਼ ਦਿੱਤੇ ਜਾਣਗੇ।

