ਦਿੱਲੀ ਪਰੇਡ ਦੀ ਤਿਆਰੀ ਵਜੋਂ ਥਾਂ-ਥਾਂ ਟਰੈਕਟਰ ਮਾਰਚ

ਆਗੂਆਂ ਨੇ ਨੌਜਵਾਨਾਂ ਨੂੰ ਲਾਮਬੰਦ ਕਰਨ ਦੀ ਮੁਹਿੰਮ ਭਖਾਈ; ਵੱਧ ਤੋਂ ਵੱਧ ਗਿਣਤੀ ਵਿੱਚ ਦਿੱਲੀ ਕੂਚ ਕਰਨ ਦਾ ਸੱਦਾ ਦਿੱਤਾ

ਦਿੱਲੀ ਪਰੇਡ ਦੀ ਤਿਆਰੀ ਵਜੋਂ ਥਾਂ-ਥਾਂ ਟਰੈਕਟਰ ਮਾਰਚ

ਭੁੱਚੋ ਮੰਡੀ ਵਿੱਚ ਮੋਦੀ ਦਾ ਪੁਤਲਾ ਪੁੱਠਾ ਲਮਕਾ ਕੇ ਟਰੈਕਟਰ ਮਾਰਚ ਕਰਦੇ ਹੋਏ ਕਿਸਾਨ।

ਜੋਗਿੰਦਰ ਸਿੰਘ ਮਾਨ
ਮਾਨਸਾ, 15 ਜਨਵਰੀ

ਮਾਲਵਾ ਖੇਤਰ ਵਿੱਚ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਹਰ ਰੋਜ਼ ਪਿੰਡਾਂ ਵਿੱਚ ਟਰੈਕਟਰ ਮਾਰਚ ਕਰ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਣ ਲੱਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਅਜਿਹਾ ਹੀ ਇੱਕ ਟਰੈਕਟਰ ਮਾਰਚ ਅੱਜ ਕਿਸਾਨੀ ਸੰਘਰਸ਼ਾਂ ਦੇ ਮੌਹਰੀ ਮੰਨੇ ਜਾਂਦੇ ਪਿੰਡ ਭੈਣੀ ਬਾਘਾ ਤੋਂ ਆਰੰਭ ਹੋ ਕੇ ਅੱਧੀ ਦਰਜਨ ਪਿੰਡਾਂ ਵਿੱਚ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਦਿੱਲੀ ਜਾਣ ਦਾ ਸੱਦਾ ਦਿਤਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ, ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾ, ਮੱਖਣ ਸਿੰਘ ਭੈਣੀਬਾਘਾ ਅਤੇ ਹਰਦੇਵ ਰਾਠੀ ਨੇ ਦੱਸਿਆ ਕਿ ਇਹ ਕਾਫ਼ਲਾ ਪਿੰਡ ਭੈਣੀ ਬਾਘਾ ਤੋਂ ਸ਼ੁਰੂ ਕਰ ਕੇ ਠੂਠਿਆਂਵਾਲੀ ਕੈਂਚੀਆਂ ਹੁੰਦਾ ਹੋਇਆ ਬੁਰਜ ਹਰੀ, ਬੁਰਜ ਢਿੱਲਵਾਂ, ਉੱਭਾ, ਬੁਰਜ ਰਾਠੀ ਤੋਂ ਭਾਈ ਦੇਸਾ ਪਹੁੰਚ ਕੇ ਸਮਾਪਤ ਹੋਇਆ।

ਫ਼ਰੀਦਕੋਟ (ਜਸਵੰਤ ਜੱਸ): ਪਿੰਡ ਦੀਪ ਸਿੰਘ ਵਾਲਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 26 ਜਨਵਰੀ ਦੀ ਦਿੱਲੀ ਵਿੱਚ ਹੋ ਰਹੀ ਕਿਸਾਨ ਪਰੇਡ ਦੀ ਤਿਆਰੀ ਵਜੋਂ ਅੱਜ ਪਿੰਡ ਦੀਪ ਸਿੰਘ ਵਾਲਾ ਤੋਂ ਕਾਨਿਆਂ ਵਾਲੀ, ਜੰਡ ਸਾਹਿਬ, ਸਾਦਿਕ ਫਿਰ ਦੀਪ ਸਿੰਘ ਵਾਲਾ ਤੱਕ ਟਰੈਕਟਰ ਮਾਰਚ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਦਿੱਲੀ ਦੀਆਂ ਸੜਕਾਂ ਉੱਤੇ ਟਰੈਕਟਰ ਪਰੇਡ ਕਰਨ ਦਾ ਸੱਦਾ ਲਾਇਆ ਗਿਆ ਹੈ ਜਿਸ ਨੂੰ ਪਿੰਡ ਵਾਸੀਆਂ ਨੇ ਪੂਰੀ ਸ਼ਿੱਦਤ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ।

ਕੋਟਕਪੂਰਾ (ਭਾਰਤ ਭੂਸ਼ਨ ਸ਼ਰਮਾ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਕੋਟਕਪੂਰਾ ਅਤੇ ਹੋਰ ਜਥੇਬੰਦੀਆਂ ਵੱਲੋਂ ਅੱਜ ਕੋਟਕਪੂਰਾ ਬਲਾਕ ਦੇ ਪਿੰਡਾਂ ’ਚ ਵਿਸ਼ਾਲ ਟਰੈਕਟਰ ਮਾਰਚ ਕੱਢੇ ਗਏ। ਮਿਲੀ ਜਾਣਕਾਰੀ ਮੁਤਾਬਕ ਸਵੇਰੇ ਕਰੀਬ 11.30 ਵਜੇ ਸਥਾਨਕ ਨਵੀਂ ਅਨਾਜ ਮੰਡੀ ਤੋਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਬਲਾਕ ਕੋਟਕਪੂਰਾ ਦਾ ਟਰੈਕਟਰ ਮਾਰਚ ਸ਼ੁਰੂ ਹੋਇਆ ਜਿਸ ਵਿਚ ਕਰੀਬ 300 ਟਰੈਕਟਰ ਸ਼ਾਮਲ ਸਨ।

ਮੋਦੀ ਤੇ ਪੂੰਜਪਤੀਆਂ ਦਾ ਪੁਤਲਾ ਟਰੈਕਟਰ ਮੂਹਰੇ ਲਟਕਾਇਆ

ਭੁੱਚੋ ਮੰਡੀ (ਪਵਨ ਗੋਇਲ): ਟਰੈਕਟਰ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੂੰਜੀਪਤੀ ਘਰਾਣਿਆਂ ਦਾ ਪੁਤਲਾ ਪੁੱਠਾ ਲਮਕਾ ਕੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਪਿੰਡ ਲਹਿਰਾ ਮੁਹੱਬਤ, ਲਹਿਰਾ ਖਾਨਾ, ਚੱਕ ਬਖਤੂ, ਚੱਕ ਰਾਮ ਸਿੰਘ ਵਾਲਾ, ਚੱਕ ਫ਼ਤਹਿ ਸਿੰਘ ਵਾਲਾ, ਭੁੱਚੋ ਮੰਡੀ ਅਤੇ ਭੁੱਚੋ ਕਲਾਂ ਵਿੱਚ ਟਰੈਕਟਰ ਮਾਰਚ ਕੀਤਾ ਅਤੇ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮਾਰਚ ਵਿੱਚ ਵੱਖ-ਵੱਖ ਜੱਥੇੇਬੰਦੀਆਂ ਦੇ ਆਗੂ ਤੇ ਵਰਕਰ ਅਤੇ ਵੱਡੀ ਗਿਣਤੀ ਵਿੱਚ ਆਮ ਕਿਸਾਨ ਸ਼ਾਮਲ ਸਨ। ਉਨ੍ਹਾਂ ਲੋਕਾਂ ਨੂੰ ਕੇਂਦਰ ਸਰਕਾਰ ਦੇ ਲੋਕ ਮਾਰੂ ਕਾਲੇ ਕਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਨਥਾਣਾ (ਭਗਵਾਨ ਦਾਸ ਗਰਗ): ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਇਸ ਇਲਾਕੇ ਦੇ ਅੱਧੀ ਦਰਜਨ ਪਿੰਡਾਂ ਵਿੱਚ ਦਿੱਲੀ ਮੋਰਚੇ ਦੀ ਤਿਆਰੀ ਵਜੋਂ ਟਰੈਕਟਰ ਮਾਰਚ ਕੱਢਿਆ ਗਿਆ। ਪਿੰਡ ਪੂਹਲਾ, ਬਾਠ, ਨਥਾਣਾ, ਬੁਰਜਡੱਲਾ, ਮਾੜੀ, ਭੈਣੀ ਵਿੱਚੋਂ ਲੰਘੇ ਇਸ ਮਾਰਚ ਰਾਹੀਂ ਲੋਕਾਂ ਨੂੰ ਸੰਦੇਸ਼ ਦਿੱਤਾ ਗਿਆ ਕਿ ਉਹ 20 ਜਨਵਰੀ ਤੱਕ ਦਿੱਲੀ ਮੋਰਚੇ ’ਚ ਸ਼ਾਮਲ ਹੋਣ ਲਈ ਤਿਆਰੀ ਆਰੰਭ ਦੇਣ। ਬਾਅਦ ਵਿੱਚ ਇਨ੍ਹਾਂ ਟਰੈਕਟਰ ਚਾਲਕਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All