ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜੰਗਲਾਤ ਦੇ ਖੇਤਰ ਨੂੰ ਵਧਾਉਣ ਸਬੰਧੀ ਹਰ ਸਾਲ ਕੀਤੇ ਜਾਂਦੇ ਦਾਅਵਿਆਂ ਦੇ ਉਲਟ ਮਾਲਵਾ ਖੇਤਰ ਦੀ ਹਕੀਕਤ ਕਾਫੀ ਚਿੰਤਾਜਨਕ ਨਜ਼ਰ ਆ ਰਹੀ ਹੈ। ਇਲਾਕੇ ਦੀਆਂ ਨਹਿਰਾਂ, ਸੂਏਆਂ ਅਤੇ ਬਰਸਾਤੀ ਨਾਲਿਆਂ ਦੇ ਕਿਨਾਰਿਆਂ ’ਤੇ ਖੜ੍ਹੇ ਦਰੱਖਤ ਸ਼ਾਮ ਦਾ ਸੂਰਜ ਢਲਦੇ ਹੀ ਬੇਕਿਰਕ ਕੱਟੇ ਜਾ ਰਹੇ ਹਨ। ਲੱਕੜ ਮਾਫੀਆ ਨੇ ਧੁੰਦ ਤੇ ਕੜਾਕੇ ਦੀ ਠੰਢ ਦਾ ਫਾਇਦਾ ਚੁੱਕਦਿਆਂ ਸਰਗਰਮੀ ਬੇਖ਼ੌਫ ਜਾਰੀ ਰੱਖੀਆਂ ਹੋਈਆਂ ਹਨ।
ਇਹ ਸਮੱਸਿਆ ਸਿਰਫ਼ ਬਠਿੰਡਾ ਜ਼ਿਲ੍ਹੇ ਤੱਕ ਸੀਮਿਤ ਨਹੀਂ ਰਹੀ, ਸਗੋਂ ਹੁਣ ਸੂਬਾ ਪੱਧਰ ਦੀ ਗੰਭੀਰ ਚੁਣੌਤੀ ਬਣ ਚੁੱਕੀ ਹੈ। ਰੋਜ਼ਾਨਾ ਸਰਕਾਰੀ ਦਰੱਖਤਾਂ ਦੀ ਗ਼ੈਰ-ਕਾਨੂੰਨੀ ਕਟਾਈ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਲੱਕੜ ਚੋਰ ਕਿਸਾਨਾਂ ਦੇ ਖੇਤਾਂ ਵਿੱਚ ਖੜ੍ਹੇ ਦਰੱਖਤ ਵੀ ਨਹੀਂ ਛੱਡ ਰਹੇ। ਸਰਕਾਰੀ ਦਰੱਖਤਾਂ ਦਾ ਰੋਜ਼ਾਨਾ ਕਟਾਈ ਹੋ ਰਹੀ।
ਬਠਿੰਡਾ ਦੇ ਰਾਜਬਾਹੇ ਕੋਟਭਾਈ ਅਤੇ ਬਠਿੰਡਾ ਦੀ ਸਰਹੰਦ ਕੈਨਾਲ ਦੇ ਕਿਨਾਰਿਆਂ ’ਤੇ ਵੀ ਇਹ ਆਮ ਵੇਖਣ ਨੂੰ ਮਿਲ ਰਹੇ ਹਨ। ਕਈ ਥਾਵਾਂ ‘ਤੇ ਦਰੱਖਤਾਂ ਦੇ ਨੰਬਰ ਲੱਗੇ ਥੱਲੜੇ ਉੱਥੇ ਹੀ ਛੱਡ ਦਿੱਤੇ ਗਏ ਹਨ।
ਰਾਤ ਦੀ ਗਸ਼ਤ ਵਧਾਈ: ਰੇਂਜ ਅਫਸਰ
ਬਠਿੰਡਾ ਰੇਂਜ ਦੇ ਰੇਂਜ ਅਫਸਰ ਅਮਰਿੰਦਰ ਸਿੰਘ ਨੇ ਮੰਨਿਆ ਕਿ ਲੱਕੜ ਚੋਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਰਾਤ ਦੀ ਗਸ਼ਤ ਤੇਜ਼ ਕੀਤੀ ਗਈ ਹੈ ਅਤੇ ਲੱਕੜ ਮਾਫੀਆ ਖ਼ਿਲਾਫ਼ ਮਾਮਲੇ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਮੁਤਾਬਕ ਵਿੱਤੀ ਵਰ੍ਹਾ 2024-25 ਦੌਰਾਨ 8 ਲੱਖ 38 ਹਜ਼ਾਰ 981 ਰੁਪਏ ਜੁਰਮਾਨਾ ਵਸੂਲਿਆ ਗਿਆ, ਜਦਕਿ ਚਾਲੂ ਵਰ੍ਹੇ 2025-26 ਵਿੱਚ ਹੁਣ ਤੱਕ 4 ਲੱਖ 49 ਹਜ਼ਾਰ 500 ਰੁਪਏ ਵਸੂਲ ਕੀਤੇ ਜਾ ਚੁੱਕੇ ਹਨ।

