ਜੋਗਿੰਦਰ ਸਿੰਘ ਮਾਨ
ਮਾਨਸਾ, 6 ਸਤੰਬਰ
ਮਿਨੀ ਬੱਸਾਂ ਵਾਲਿਆਂ ਵੱਲੋਂ ਵਿਦਿਆਰਥੀਆਂ ਦੀ ਪੂਰੀ ਟਿਕਟ ਕੱਟਣ ਦੇ ਵਿਰੋਧ ਵਿੱਚ ਵਿਦਿਆਰਥੀ ਜਥੇਬੰਦੀ ਸਟੂਡੈਂਟ ਪਾਵਰ ਆਫ਼ ਪੰਜਾਬ ਵੱਲੋਂ ਕੀਤੇ ਗਏ ਮੁਜ਼ਾਹਰੇ ਦੌਰਾਨ ਵਿਦਿਆਰਥੀ ਆਗੂਆਂ ਤੇ ਪੁਲੀਸ ਵਿਚਕਾਰ ਖਿੱਚ-ਧੂਹ ਹੋ ਗਈ। ਭਾਵੇਂ ਪੁਲੀਸ ਵੱਲੋਂ ਕੁੱਝ ਵਿਦਿਆਰਥੀ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਪਰ ਬਾਅਦ ਵਿੱਚ ਛੱਡ ਦਿੱਤਾ ਗਿਆ। ਪੁਲੀਸ ਵੱਲੋਂ ਦੋਹਾਂ ਧਿਰਾਂ ਨੂੰ ਬਿਠਾ ਕੇ ਵਿਦਿਆਰਥੀਆਂ ਦੀ ਅੱਧੀ ਟਿਕਟ ’ਤੇ ਸੁਲਾਹ-ਸਫ਼ਾਈ ਕਰਵਾ ਦਿੱਤੀ ਗਈ।
ਪੂਰੀ ਟਿਕਟ ਕੱਟਣ ਦੇ ਮਾਮਲੇ ’ਤੇ ਇਕੱਠੇ ਹੋਏ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਪ੍ਰਦੀਪ ਗੁਰੂ ਨੇ ਦੋਸ਼ ਲਾਇਆ ਕਿ ਹੁਣ ਮਾਨਸਾ ਜ਼ਿਲ੍ਹੇ ਦੇ ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਵਿਦਿਆਰਥੀਆਂ ਤੋਂ ਜਬਰਦਸਤੀ ਪੂਰੀ ਟਿਕਟ ਵਸੂਲੀ ਜਾਣ ਲੱਗੀ ਹੈ, ਜੋ ਗੈਰ-ਕਾਨੂੰਨੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਮਾਨਸਾ ਜ਼ਿਲ੍ਹੇ ਦੇ ਝੁਨੀਰ ਬਲਾਕ ਦੇ ਮਿਨੀ ਬੱਸ ਅਪਰੇਟਰਾਂ ਵੱਲੋਂ ਵਿਦਿਆਰਥੀਆਂ ਤੋਂ ਜਬਰਦਸਤੀ ਪੂਰੀ ਟਿਕਟ ਵਸੂਲੀ ਜਾ ਰਹੀ ਹੈ, ਜਿਸ ਦੇ ਵਿਰੋਧ ਵਿੱਚ ਵਿਦਿਆਰਥੀਆਂ ਵੱਲੋਂ ਇਕੱਠ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਵਿਦਿਆਰਥੀ ਆਗੂ ਗੁਰਵਿੰਦਰ ਨੰਦਗੜ੍ਹ ਨੇ ਦੋਸ਼ ਲਾਇਆ ਕਿ ਇਸ ਰੋਸ ਪ੍ਰਦਰਸ਼ਨ ਦੌਰਾਨ ਵਿਦਿਆਰਥੀ ਆਗੂ ਪ੍ਰਦੀਪ ਗੁਰੂ ਨੂੰ ਥਾਣਾ ਝੁਨੀਰ ਦੇ ਪੁਲੀਸ ਮੁਲਾਜ਼ਮਾਂ ਵੱਲੋਂ ਧੱਕਾਮੁੱਕੀ ਕਰ ਕੇ ਹਿਰਾਸਤ ਵਿੱਚ ਲਿਆ ਗਿਆ, ਪਰ ਬਾਅਦ ਵਿੱਚ ਵਿਦਿਆਰਥੀਆਂ ਵੱਲੋਂ ਥਾਣਾ ਅੱਗੇ ਨਾਅਰੇਬਾਜ਼ੀ ਕਰਨ ਤੋਂ ਬਾਅਦ ਉਸ ਨੂੰ ਰਿਹਾਅ ਕਰਵਾ ਲਿਆ ਗਿਆ। ਥਾਣਾ ਮੁਖੀ ਝੁਨੀਰ, ਮਿਨੀ ਬੱਸ ਚਾਲਕਾਂ ਅਤੇ ਵਿਦਿਆਰਥੀ ਆਗੂਆਂ ਵਿਚਕਾਰ ਗੱਲਬਾਤ ਦੌਰਾਨ ਮਿਨੀ ਬੱਸ ਚਾਲਕਾਂ ਵੱਲੋਂ ਵਿਦਿਆਰਥੀਆਂ ਤੋਂ ਅੱਧੀ ਟਿਕਟ ਲੈਣ ਦਾ ਭਰੋਸਾ ਦਿੱਤਾ ਗਿਆ, ਜਿਸ ਤੋਂ ਬਾਅਦ ਇਹ ਮੁਜ਼ਾਹਰਾ ਸਮਾਪਤ ਕੀਤਾ ਗਿਆ। ਵਿਦਿਆਰਥੀ ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਪਿੰਡਾਂ ਵਿੱਚ ਸਰਕਾਰੀ ਬੱਸਾਂ ਨਹੀਂ ਜਾਂਦੀਆਂ ਹਨ, ਉੱਥੇ ਪੀਆਰਟੀਸੀ ਦੀਆਂ ਬੱਸਾਂ ਨੂੰ ਤੁਰੰਤ ਚਲਾਇਆ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਰਿਆਇਤੀ ਬੱਸ ਪਾਸ ’ਤੇ ਸਫ਼ਰ ਦੀ ਸਹੂਲਤ ਮਿਲ ਸਕੇ। ਜਥੇਬੰਦੀ ਅਨੁਸਾਰ ਸਾਰੇ ਸਾਲ ਦੀ ਪੜ੍ਹਾਈ ਉਪਰ ਹੁੰਦੇ ਖਰਚੇ ਤੋਂ ਵੱਧ ਪ੍ਰਾਈਵੇਟ ਬੱਸਾਂ ਵਾਲੇ ਕਿਰਾਏ ਵਜੋਂ ਹੀ ਵੱਧ ਵਸੂਲ ਜਾਂਦੀ ਹੈ। ਇਸ ਮੌਕੇ ਗੁਰਵਿੰਦਰ ਨੰਦਗੜ੍ਹ ਅਤੇ ਸੋਨੂੰ ਝੱਬਰ ਵੀ ਮੌਜੂਦ ਸਨ।