ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 26 ਸਤੰਬਰ
ਪੁਲੀਸ ਨੇ ਲੁੱਟ ਖੋਹ ਕਰਨ ਵਾਲੇ ਗਰੋਹ ਦੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਕੇ ਕੇਸ ਦਰਜ ਕਰ ਲਿਆ ਹੈ। ਡੀਐੱਸਪੀ ਸਿਟੀ ਨੇ ਦੱਸਿਆ ਕਿ ਪਿਛਲੇ ਦਿਨੀ ਸ਼ਹਿਰ ਦੀ ਸੰਘਣੀ ਆਬਾਦੀ ’ਚ ਸਥਿਤ ਗੀਤਾ ਭਵਨ ਵਾਲੀ ਗਲੀ ’ਚ ਦਿਨ ਦਿਹਾੜੇ ਪਿਸਤੌਲ ਦੀ ਨੋਕ ’ਤੇ ਮੋਟਰਸਾਈਕਲ ਸਵਾਰ ਲੁਟੇਰੇ ਵੱਲੋਂ ਦੁਕਾਨ ’ਤੇ ਬੈਠੀ ਔਰਤ ਤੋਂ 10 ਹਜ਼ਾਰ ਰੁਪਏ ਦੀ ਲੁੱਟ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਦੀ ਪੈੜ ਨੱਪਦਿਆਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਪਿੰਡ ਸੰਘੇੜਾ ਦੇ ਰਹਿਣ ਵਾਲੇ ਅ੍ਰਮਿੰਤਪਾਲ ਸਿੰਘ ਉਰਫ਼ ਗੱਗੂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੋਬਾਈਲ ਖੋਹਣ ਦੇ ਮਾਮਲੇ ’ਚ ਦੋ ਮੁਲਜ਼ਮਾਂ ਸਾਹਿਲ ਵਾਸੀ ਸੇਖਾ ਰੋਡ ਬਰਨਾਲਾ ਅਤੇ ਵਿੱਕੀ ਚੌਧਰੀ ਵਾਸੀ ਰਾਏਕੋਟ ਰੋਡ ਬਰਨਾਲਾ ਨੂੰ ਗ੍ਰਿਫ਼ਤਾਰ ਕਰਕੇ ਇੱਕ ਮੋਬਾਈਲ ਬਰਾਮਦ ਕਰਕੇ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਦਾ ਤੀਸਰਾ ਸਾਥੀ ਹਰਸ਼ਦੀਪ ਸਿੰਘ ਉਰਫ਼ ਕਾਕਾ ਵਾਸੀ ਬਰਨਾਲਾ ਹਾਲੇ ਫਰਾਰ ਹੈ।