ਪਵਨ ਗੋਇਲ
ਭੁੱਚੋ ਮੰਡੀ, 7 ਅਗਸਤ
ਪਿੰਡ ਚੱਕ ਫਤਿਹ ਸਿੰਘ ਵਾਲਾ ਵਿੱਚ ਬਾਅਦ ਦੁਪਹਿਰ ਮਜ਼ਦੂਰ ਪਰਿਵਾਰ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਤਿੰਨ ਲੜਕੇ ਜ਼ਖ਼ਮੀ ਹੋ ਗਏ ਅਤੇ ਘਰ ਦਾ ਕਾਫੀ ਸਾਮਾਨ ਨੁਕਸਾਨਿਆ ਗਿਆ। ਸਹਾਰਾ ਕਲੱਬ ਦੇ ਵਰਕਰ ਕਮਲ ਕੁਮਾਰ ਨੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ।
ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਜਗਜੀਤ ਸਿੰਘ (29) ਦੇ ਜ਼ਿਆਦਾ ਸੱਟ ਲੱਗਣ ਕਾਰਨ ਉਸ ਨੂੰ ਡਾਕਟਰਾਂ ਨੇ ਦਾਖ਼ਲ ਕਰ ਲਿਆ। ਸੁਖਵਿਦਰ ਸਿੰਘ (15) ਅਤੇ ਬੂਟਾ ਸਿੰਘ (26) ਨੂੰ ਮੱਲ੍ਹਮ ਪੱਟੀ ਕਰਕੇ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਜ਼ਖਮੀਆਂ ਨੂੰ ਭੁੱਚੋ ਮੰਡੀ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਲੈ ਕੇ ਪੁੱਜਾ ਸੀ, ਜਿੱਥੇ ਹਸਪਤਾਲ ਵਿੱਚ ਸਿਰਫ਼ ਇੱਕ ਦਰਜਾ ਚਾਰ ਮੁਲਾਜ਼ਮ ਸੀ। ਉਸ ਨੇ ਊਨ੍ਹਾਂ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ,‘ਅੱਜ ਇੱਥੇ ਕੋਈ ਡਾਕਟਰ ਜਾਂ ਸਟਾਫ ਨਹੀਂ ਹੈ। ਇਸ ਨੂੰ ਬਠਿੰਡਾ ਲੈ ਜਾਓ।’ ਸਹਾਰਾ ਕਲੱਬ ਦੇ ਪ੍ਰਧਾਨ ਨੀਰਜ ਕੁਮਾਰ ਨੇ ਕਿਹਾ ਕਿ ਇਸ ਹਸਪਤਾਲ ਵਿੱਚ ਕਿਸੇ ਨੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਵੀ ਨਹੀਂ ਦਿੱਤੀ। ਇਸ ਸਬੰਧੀ ਐੱਸਐੱਮਓ ਇੰਦਰਦੀਪ ਸਿੰਘ ਸਰਾਂ ਨੇ ਕਿਹਾ,‘ਅੱਜ ਨੈਸ਼ਨਲ ਹੈਲਥ ਮਿਸ਼ਨ ਤਹਿਤ ਕੰਮ ਕਰਦੇ ਸਟਾਫ਼ ਦੀ ਹੜਤਾਲ ਸੀ। ਇੱਥੇ ਕੰਮ ਕਰਦੀਆਂ ਪੰਜੇ ਨਰਸਾਂ ਹੜਤਾਲ ‘ਤੇ ਸਨ। ਪਰ ਮੈਂ ਡਾਕਟਰ ਨੂੰ ਕਿਹਾ ਸੀ ਕਿ ਕੋਈ ਐਮਰਜੈਂਸੀ ਕੇਸ ਆਵੇ ਤਾਂ ਦੇਖ ਲੈਣਾ। ਮੈਂ ਇਸ ਬਾਰੇ ਪਤਾ ਕਰਦਾ ਹਾਂ।’