ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 25 ਮਈ
ਪਿੰਡ ਭੰਗਚੜ੍ਹੀ ਵਿਖੇ 20 ਸਾਲਾ ਨੌਜਵਾਨ ਅਰਸ਼ਦੀਪ ਸਿੰਘ ਦੇ ਹੋਏ ਕਤਲ ਦੇ ਸਬੰਧ ਵਿੱਚ ਨਾਮਜ਼ਦ ਕੀਤੇ ਅੱਧੀ ਦਰਜਨ ਵਿਅਕਤੀਆਂ ਵਿੱਚੋਂ ਪੁਲੀਸ ਨੇ ਕਰੀਬ ਦੋ ਹਫਤਿਆਂ ਬਾਅਦ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਬਾਕੀ ਅਜੇ ਵੀ ਫਰਾਰ ਹਨ| ਇਸ ਦੌਰਾਨ ਇਸ ਮਾਮਲੇ ਸਬੰਧੀ ਗਠਿਤ ਕੀਤੀ ਐਕਸ਼ਨ ਕਮੇਟੀ ਨੇ ਅੱਜ ਦਿੱਤਾ ਜਾਣ ਵਾਲਾ ਧਰਨਾ ਮੁਲ਼ਤਵੀ ਦਿੱਤਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ (ਡੀ) ਮੋਹਨ ਲਾਲ ਨੇ ਦੱਸਿਆ ਕਿ ਤਿੰਨ ਮੁਲਜ਼ਮਾਂ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਬਾਕੀਆਂ ਦੀ ਭਾਲ ਜਾਰੀ ਹੈ| ਦੱਸਣਯੋਗ ਹੈ ਕਿ ਇਸ ਕਤਲ ਦਾ ਸਬੰਧੀ ਨਸ਼ਾ ਤਸਕਰੀ ਨਾਲ ਵੀ ਜੁੜਿਆ ਹੈ| ਪਹਿਲਾਂ ਪੁਲੀਸ ਨੇ 174 ਦੀ ਕਾਰਵਾਈ ਕੀਤੀ ਸੀ ਪਰ ਪੀੜਤ ਪਰਿਵਾਰ ਤੇ ਲੋਕਾਂ ਵੱਲੋਂ ਦਬਾਅ ਪਾਉਣ ’ਤੇ ਮੁਕੱਦਮੇ ਵਿੱਚ ਧਾਰਾ 302 ਦਾ ਵਾਧਾ ਕੀਤਾ ਗਿਆ ਪਰ ਇਸ ਦੌਰਾਨ ਧਰਨਾ ਲਾਉਣ ਦੇ ਦੋਸ਼ ਹੇਠ ਪੁਲੀਸ ਵੱਲੋਂ ਪੀੜਤ ਪਰਿਵਾਰ ਤੇ ਮੁਜ਼ਾਹਰਾਕਾਰੀਆਂ ਖਿਲਾਫ ਵੀ ਕੇਸ ਦਰਜ ਕਰ ਲਿਆ ਸੀ| ਇਸ ਦੌਰਾਨ ਐਕਸ਼ਨ ਕਮੇਟੀ ਦੇ ਆਗੂ ਖੇਤ ਮਜ਼ਦੂਰ ਗੁਰਜੰਟ ਸਿੰਘ ਸਾਉਂਕੇ, ਕਾਕਾ ਸਿੰਘ ਖੁੰਡੇ ਹਲਾਲ, ਨੌਜਵਾਨ ਭਾਰਤ ਸਭਾ ਦੇ ਆਗੂ ਮੰਗਾ ਸਿੰਘ ਅਜ਼ਾਦ, ਵਿਜੈ ਕੁਮਾਰ ਦੇ ਕਿਹਾ ਕਿ ਜਦੋਂ ਤੱਕ ਸਾਰੇ ਦੋਸ਼ੀ ਗਿ੍ਫਤਾਰ ਨਹੀਂ ਹੋ ਜਾਂਦੇ ਉਹ ਸੰਘਰਸ਼ ਜਾਰੀ ਰੱਖਣਗੇ| ਇਸ ਮੌਕੇ ਕਾਲਾ ਸਿੰਘ ਖੂਨਣ ਖੁਰਦ, ਬਾਜ ਸਿੰਘ ਭੁੱਟੀਵਾਲਾ, ਜਸਵਿੰਦਰ ਸਿੰਘ ਸੰਗੂਧੌਣ, ਮਹਾਸ਼ਾ ਸਿੰਘ ਸਮਾਘ ਆਦਿ ਮੌਜੂਦ ਸਨ|