ਪ੍ਰਭੂ ਦਿਆਲ
ਸਿਰਸਾ, 26 ਨਵੰਬਰ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਦਿੱਲੀ ਦੇ ਵੱਖ-ਵੱਖ ਬਾਰਡਰਾਂ ਲਈ ਹਜ਼ਾਰਾਂ ਕਿਸਾਨ ਮਜ਼ਦੂਰ ਅੱਜ ਭੰਗੜਾ ਪਾਉਂਦੇ ਰਵਾਨਾ ਹੋਏ। ਕਿਸਾਨਾਂ ਨੇ ਐਲਾਨ ਕੀਤਾ ਕਿ ਐੱਮਐੱਸਪੀ ਦਾ ਗਾਰੰਟੀ ਕਾਨੂੰਨ, ਬਿਜਲੀ ਸੋਧ ਬਿੱਲ 2020 ਤੇ ਹੋਰ ਕਿਸਾਨੀਂ ਮੁੱਦਿਆਂ ਦੇ ਹੱਲ ਤੱਕ ਉਨ੍ਹਾਂ ਦਾ ਇਹ ਸੰਘਰਸ਼ ਜਾਰੀ ਰਹੇਗਾ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਲੀ ਬਾਰਡਰਾਂ ’ਤੇ ਕਿਸਾਨੀ ਸੰਘਰਸ਼ ਦੇ ਇਕ ਵਰ੍ਹਾਂ ਪੂਰਾ ਹੋਣ ’ਤੇ ਕੀਤੇ ਜਾਣ ਵਾਲੇ ਇਕੱਠ ਲਈ ਹਜ਼ਾਰਾਂ ਦੀ ਗਿਣਤੀ ’ਚ ਅੱਜ ਸਿਰਸਾ ਤੋਂ ਕਿਸਾਨ, ਮਜ਼ਦੂਰ, ਨੌਜਵਾਨ ਤੇ ਵਿਦਿਆਰਥੀ ਦਿੱਲੀ ਲਈ ਰਵਾਨਾ ਹੋਏ। ਰਵਾਨਾ ਹੋਣ ਤੋਂ ਪਹਿਲਾਂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਲਈ ਮੰਤਰੀ ਮੰਡਲ ਵੱਲੋਂ ਬਿੱਲ ਨੂੰ ਮਨਜੂਰ ਕੀਤੇ ਜਾਣ ਦੀ ਖੁਸ਼ੀ ’ਚ ਕਿਸਾਨਾਂ ਨੇ ਭੰਗੜਾ ਪਾਇਆ ਤੇ ਦੂਜੇ ਕਿਸਾਨੀ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਅਹਿਦ ਲਿਆ। ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਹਰਿਆਣਾ ਕਿਸਾਨ ਮੰਚ ਦੇ ਸੂਬਾਈ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ’ਤੇ ਭਲਕੇ 26 ਨਵੰਬਰ ਨੂੰ ਇਕ ਸਾਲ ਪੂਰਾ ਹੋ ਜਾਵੇਗਾ। ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਨੇ ਕਿਹਾ ਕਿ ਕਿਸਾਨਾਂ ਦੀ ਜੱਦੋ-ਜਹਿਦ ਓਦੋਂ ਤੱਕ ਜਾਰੀ ਰਹੇਗੀ। ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਕਿਸਾਨ ਵੱਖ-ਵੱਖ ਪਿੰਡਾਂ ਤੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਤੇ ਨਹਿਰੂ ਪਾਰਕ ਇਕੱਠੇ ਹੋਏ ਜਿਥੋਂ ਸੈਂਕੜੇ ਵਾਹਨਾਂ ਦੇ ਜਰੀਏ ਭੰਗੜਾ ਪਾਉਂਦੇ ਹੋਏ ਦਿੱਲੀ ਲਈ ਰਵਾਨਾ ਹੋਏ।
ਮਾਨਸਾ(ਜੋਗਿੰਦਰ ਸਿੰਘ ਮਾਨ): ਖੇਤੀ ਕਾਨੂੰਨ ਸੰਸਦ ਵਿੱਚੋਂ ਰੱਦ ਕਰਵਾਉਣ ਅਤੇ ਪੂਰੇ ਦੇਸ਼ ਦੇ ਕਿਸਾਨਾਂ ਲਈ ਐੱਮਐੱੱਸਪੀ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ ਕਰਵਾਉਣ ਤੋਂ ਇਲਾਵਾ ਲਖੀਮਪੁਰ ਖੀਰੀ ਕਾਂਡ ‘ਚ ਕਿਸਾਨਾਂ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਮੋਰਚੇ ਦੀ ਵਰ੍ਹੇਗੰਢ ਮਨਾਉਣ ਲਈ 26 ਨਵੰਬਰ ਨੂੰ ਵੱਖ ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਲੱਖਾਂ ਕਿਸਾਨਾਂ, ਮਜ਼ਦੂਰਾਂ, ਔਰਤਾਂ, ਨੌਜਵਾਨਾਂ ਦੇ ਜੁਝਾਰੂ ਕਾਫ਼ਲੇ ਅੱਜ 25 ਨਵੰਬਰ ਨੂੰ ਦਿਨ ਚੜ੍ਹਦੇ ਹੀ ਦਿੱਲੀ ਟਿਕਰੀ ਮੋਰਚੇ ਵੱਲ ਵਹੀਰਾਂ ਘੱਤਣ ਲੱਗੇ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਜਥੇਬੰਦੀਆਂ ਮੁੱਖ ਮੰਗਾਂ ਵੀ ਮੰਨਵਾ ਕੇ ਹੀ ਮੁੜਨਗੀਆਂ। ਇਸੇ ਤਰ੍ਹਾਂ ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਵੀ ਕਿਸਾਨਾਂ, ਮਜ਼ਦੂਰਾਂ ਔਰਤਾਂ ਦੇ ਕਾਫਲੇ ਦਿੱਲੀ ਲਈ ਰਵਾਨਾ ਹੋ ਰਹੇ ਹਨ ਅਤੇ ਹਜ਼ਾਰਾਂ ਸੰਘਰਸ਼ੀਲ ਲੋਕਾਂ ਨੇ ਰੇਲ ਗੱਡੀਆਂ ਰਾਹੀਂ ਦਿੱਲੀ ਵੱਲ ਚਾਲੇ ਪਾ ਦਿੱਤੇ ਹਨ।