Thief Steals Valuables, Sets House on Fire in Chuchakwind: ਚੋਰੀ ਮਗਰੋਂ ਘਰ ਨੂੰ ਅੱਗ ਲਾਈ; ਲੱਖਾਂ ਰੁਪਏ ਦਾ ਨੁਕਸਾਨ
ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ: ਚੌਕੀ ਇੰਚਾਰਜ
ਜ਼ੀਰਾ/ਮੱਲਾਂਵਾਲਾ (ਹਰਮੇਸ਼ਪਾਲ ਨੀਲੇਵਾਲਾ/ਜਸਪਾਲ ਸਿੰਘ ਸੰਧੂ): ਪਿੰਡ ਚੂਚਕਵਿੰਡ (ਛੂਛਕ) ਵਿੱਚ ਅਣਪਛਾਤੇ ਵਿਅਕਤੀ ਨੇ ਘਰ ਵਿੱਚ ਦਾਖ਼ਲ ਹੋ ਕੇ ਗਹਿਣੇ, ਨਕਦੀ, ਲੈਪਟਾਪ, ਫੋਨ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰਨ ਉਪਰੰਤ ਘਰ ਨੂੰ ਅੱਗ ਲਾ ਕੇ ਸਾੜ ਦਿੱਤਾ। ਇਸ ਸਬੰਧੀ ਦਰਸ਼ਨ ਸਿੰਘ ਪੁੱਤਰ ਜਗੀਰ ਸਿੰਘ ਨੇ ਦੱਸਿਆ ਕਿ ਮਿਤੀ 2 ਜੁਲਾਈ ਨੂੰ ਉਹ ਅਤੇ ਉਨ੍ਹਾਂ ਦਾ ਸਾਰਾ ਪਰਿਵਾਰ ਰਿਸ਼ਤੇਦਾਰੀ ਵਿੱਚ ਗਏ ਹੋਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਦੇ ਹੀ ਦੀਪਕ ਕੁਮਾਰ ਨੇ ਰਾਤ ਦੋ ਵਜੇ ਦੇ ਕਰੀਬ ਉਨ੍ਹਾਂ ਨੂੰ ਫੋਨ ਰਾਹੀਂ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜਦ ਉਹ ਘਰ ਪਹੁੰਚੇ ਤਾਂ ਉਨ੍ਹਾਂ ਦਾ ਘਰ ਅੱਗ ਨਾਲ ਬੁਰੀ ਤਰ੍ਹਾਂ ਨੁਕਸਾਨਿਆ ਜਾ ਚੁੱਕਾ ਸੀ। ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਅਤੇ ਜ਼ੀਰਾ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਾਫ਼ੀ ਜੱਦੋ- ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ, ਪਰ ਉਦੋਂ ਤੱਕ ਘਰ ਅਤੇ ਘਰ ਦਾ ਸਾਰਾ ਸਾਮਾਨ ਬੁਰੀ ਤਰ੍ਹਾਂ ਸੜ ਚੁੱਕਿਆ ਸੀ ਅਤੇ ਇੱਕ ਕਮਰੇ ਦੀ ਛੱਤ ਵੀ ਡਿੱਗ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਰਾਤ 12 ਵਜੇ ਦੇ ਕਰੀਬ ਇੱਕ ਅਣਪਛਾਤਾ ਵਿਅਕਤੀ ਕੰਧ ਟੱਪ ਕੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਇਆ, ਜਿਸ ਦਾ ਮੂੰਹ ਢੱਕਿਆ ਹੋਇਆ ਸੀ ਅਤੇ ਹੱਥ ਵਿੱਚ ਤਲਵਾਰ ਸੀ। ਉਹ ਘਰ ਦੇ ਜਿੰਦਰੇ ਤੋੜ ਕੇ ਅੰਦਰ ਦਾਖਲ ਹੋਇਆ ਤੇ ਘਰ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਨਾਕਾਮ ਰਿਹਾ। ਦਰਸ਼ਨ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਉਨ੍ਹਾਂ ਦੇ ਘਰ ਵਿੱਚੋਂ ਇੱਕ ਲੈਪਟਾਪ, ਇੱਕ ਆਈ ਫੋਨ, 17 ਤੋਲੇ ਦੇ ਕਰੀਬ ਸੋਨਾ, ਪੰਜ ਲੱਖ ਰੁਪਏ ਦੇ ਕਰੀਬ ਨਕਦੀ ਅਤੇ ਘਰ ਵਿੱਚ ਪਏ ਜ਼ਰੂਰੀ ਦਸਤਾਵੇਜ ਚੋਰੀ ਕਰਨ ਉਪਰੰਤ ਘਰ ਦੇ ਸਾਰੇ ਕਮਰਿਆਂ ਵਿੱਚ ਅੱਗ ਲਗਾ ਕੇ ਫਰਾਰ ਹੋ ਗਿਆ, ਜਿਸ ਦੇ ਹੱਥ ਵਿੱਚ ਦੋ ਬੈਗ ਵੀ ਦਿਖਾਈ ਦੇ ਰਹੇ ਸਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਉਹ ਬੇਘਰ ਹੋ ਗਏ ਹਨ।
ਇਸ ਸਬੰਧੀ ਪਰਿਵਾਰਕ ਮੈਂਬਰਾਂ ਵੱਲੋਂ ਚੌਕੀ ਖੋਸਾ ਦਲ ਸਿੰਘ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਚੌਕੀ ਇੰਚਾਰਜ ਦਰਸ਼ਨ ਲਾਲ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਥਿਤ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
