ਇਕਬਾਲ ਸਿੰਘ ਸ਼ਾਂਤ
ਲੰਬੀ, 25 ਸਤੰਬਰ
ਅੱਸੂ ਦੀ ਬੇਮੌਸਮੀ ਬਾਰਸ਼ ਕਾਰਨ ਅੱਜ ਤੜਕੇ ਪਿੰਡ ਗੱਗੜ ਵਿੱਚ ਮਹਿਣਾ ਮਾਈਨਰ ਵਿਚ ਕਰੀਬ 35 ਫੁੱਟ ਚੌੜਾ ਪਾੜ ਪੈ ਗਿਆ। ਇਸ ਕਾਰਨ ਦਰਜਨਾਂ ਏਕੜ ਰਕਬੇ ਵਿੱਚ ਝੋਨੇ ਦੇ ਖੇਤਾਂ ਵਿੱਚ ਪਾਣੀ ਭਰ ਗਿਆ। ਕਿਸਾਨਾਂ ਦਾ ਦੋਸ਼ ਹੈ ਕਿ ਨਹਿਰੀ ਵਿਭਾਗ ਵੱਲੋਂ ਸਫ਼ਾਈ ਨਾ ਕਰਵਾਉਣ ਕਾਰਨ ਮਹਿਣਾ ਮਾਈਨਰ ਪਾਣੀ ਦਾ ਵੱਧ ਦਬਾਅ ਨਹੀਂ ਝੱਲ ਸਕਿਆ ਅਤੇ ਟੁੱਟ ਗਿਆ। ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਗੱਗੜ ਨੇ ਕਿਹਾ ਕਿ ਸੂਚਨਾ ਦੇਣ ਦੇ ਬਾਵਜੂਦ ਵਿਭਾਗ ਨੇ ਮਾਈਨਰ ਦਾ ਪਾਣੀ ਬੰਦ ਨਹੀਂ ਕੀਤਾ ਅਤੇ ਨਾ ਹੀ ਅਧਿਕਾਰੀ-ਅਮਲਾ ਘੰਟਿਆਂ ਤੱਕ ਮੌਕੇ ’ਤੇ ਪੁੱਜਿਆ। ਇਸ ਕਾਰਨ ਪਾਣੀ ਦਾ ਕਲਾਵਾ ਵਧਦਾ ਗਿਆ। ਸਵੇਰੇ ਤਿੰਨ ਵਜੇ ਪਾੜ ਪੈਣ ਉਪਰੰਤ ਕਿਸਾਨਾਂ ਨੇ ਆਪਣੇ ਪੱਧਰ ’ਤੇ ਟਰੈਕਟਰਾਂ ਅਤੇ ਹੋਰ ਸਾਧਨਾਂ ਰਾਹੀਂ ਪਾੜ ਨੂੰ ਬੰਦ ਕਰਨ ਦੇ ਉਪਰਾਲੇ ਸ਼ੁਰੂ ਕਰ ਦਿੱਤੇ। ਜੂਨੀਅਰ ਇੰਜਨੀਅਰ ਪੌਣੇ 9 ਵਜੇ ਪੁੱਜਿਆ। ਕਿਸਾਨ ਆਗੂ ਨੇ ਦੋਸ਼ ਲਗਾਇਆ ਕਿ ਨਹਿਰੀ ਵਿਭਾਗ ਨੇ ਮਾਈਨਰ ਦੀ ਸਫ਼ਾਈ ਸਮੇਂ ਪ੍ਰਭਾਵਿਤ ਖੇਤਰ ਛੱਡ ਦਿੱਤਾ ਸੀ ਜਿਸ ਕਾਰਨ ਮਾਈਨਰ ਵਿੱਚ ਝਾੜੀਆਂ ਅਤੇ ਬੂਟੇ ਉੱਗ ਆਏ ਸਨ। ਇਸ ਦਾ ਖਮਿਆਜ਼ਾ ਕਿਸਾਨ ਭੁਗਤ ਰਹੇ ਹਨ। ਇਸ ਦੀ ਵਿਭਾਗੀ ਜਾਂਚ ਹੋਣੀ ਚਾਹੀਦੀ ਹੈ।
ਸਮਰਥਾ ਤੋਂ ਵਧ ਪਾਣੀ ਕਾਰਨ ਪਾੜ ਪਿਆ: ਨਹਿਰੀ ਵਿਭਾਗ ਦੇ ਐੱਸਡੀਓ ਜਸਕਰਨ ਸਿੰਘ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਮਾਈਨਰ ਵਿਚ 250 ਕਿਉਸਿਕ ਪਾਣੀ ਹੁੰਦਾ ਹੈ। ਅੱਜ ਸਮਰਥਾ ਤੋੰ ਵੱਧ 290 ਕਿਉਸਿਕ ਪਾਣੀ ਆਉਣ ਕਰਕੇ ਪਾੜ ਪਿਆ ਹੈ। ਪਾਣੀ ਘਟਾਇਆ ਗਿਆ ਹੈ। ਜੂਨੀਅਰ ਇੰਜਨੀਅਰ ਅਤੇ ਹੋਰ ਮੁਲਾਜ਼ਮ ਪਾੜ ਪੂਰਨ ਵਿੱਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਜੂਨ ਵਿੱਚ ਮਾਈਨਰ ਦੀ ਸਫਾਈ ਕਰਵਾਈ ਗਈ ਸੀ ਤੇ ਹੁਣ ਅਕਤੂਬਰ ਵਿੱਚ ਸਫ਼ਾਈ ਕਰਵਾਈ ਜਾਵੇਗੀ।
ਪਿੰਡ ਮਾਂਗੇਵਾਲ ’ਚ ਰਜਵਾਹਾ ਟੁੱਟਣ ਕਾਰਲ ਫਸਲਾਂ ਨੁਕਸਾਨੀਆਂ
ਮਹਿਲ ਕਲਾਂ (ਨਵਕਿਰਨ ਸਿੰਘ): ਇਸ ਖੇਤਰ ਵਿੱਚੋਂ ਲੰਘਦੇ ਰਜਵਾਹੇ ’ਚ ਮੀਂਹ ਕਾਰਨ ਪਾੜ ਪੈ ਗਿਆ ਤੇ ਪਿੰਡ ਮਾਂਗੇਵਾਲ ਵਿੱਚ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਤੇ ਹਰੇ ਚਾਰੇ ਦੀ ਫਸਲ ਵਿੱਚ ਪਾਣੀ ਭਰ ਜਾਣ ਕਰਕੇ ਨੁਕਸਾਨ ਦਾ ਖਦਸ਼ਾ ਹੈ। ਇਸ ਮੌਕੇ ਕਿਸਾਨ ਅਜਮੇਰ ਸਿੰਘ, ਪਾਲ ਸਿੰਘ, ਅਮਨਦੀਪ ਸਿੰਘ, ਸੋਮਾ ਮਾਂਗੇਵਾਲ ਆਦਿ ਨੇ ਦੱਸਿਆ ਕਿ ਲਗਾਤਾਰ ਹੋਈ ਬਰਸਾਤ ਦੇ ਚੱਲਦਿਆਂ ਜ਼ਿਆਦਾ ਪਾਣੀ ਆਉਣ ਕਾਰਨ ਪਿੰਡ ਮਾਂਗੇਵਾਲ ਵਿੱਚੋਂ ਲੰਘਦੇ ਰਜਵਾਹੇ ਵਿੱਚ ਪਾੜ ਪੈ ਗਿਆ। ਇਸ ਪਾੜ ਦਾ ਪਤਾ ਲੱਗਦਿਆਂ ਹੀ ਕਿਸਾਨਾਂ ਵੱਲੋਂ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ। ਮਹਿਕਮੇ ਵੱਲੋਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਬਰਸਾਤ ਦੇ ਪਾਣੀ ਕਾਰਨ ਨਹਿਰਾਂ ਵਿੱਚ ਪਾਣੀ ਦੀ ਮਾਤਰਾ ਵਧਣ ਕਰਕੇ ਇਹ ਸਮੱਸਿਆ ਆਈ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਗੁਰਬੰਸ ਸਿੰਘ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਰਜਵਾਹੇ ਵਿੱਚ ਪਾੜ ਪੈਣ ਦਾ ਪਤਾ ਲੱਗਦਿਆਂ ਹੀ ਪਿੱਛੋਂ ਆ ਰਹੇ ਪਾਣੀ ਨੂੰ ਬੰਦ ਕਰਵਾ ਦਿੱਤਾ ਗਿਆ। ਪਾੜ ਨੂੰ ਪੂਰਨ ਲਈ ਮਹਿਕਮੇ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।