ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਸਤੰਬਰ
ਇੱਥੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸੱਦੇ ’ਤੇ ਸ੍ਰੀ ਮੁਕਤਸਰ ਸਾਹਿਬ ਪੁਲੀਸ ਵੱਲੋਂ ਵਕੀਲ ਵਰਿੰਦਰ ਸਿੰਘ ਨਾਲ ਕੀਤੇ ਅਣਮਨੁੱਖੀ ਕਾਰੇ ਖ਼ਿਲਾਫ਼ ਹੜਤਾਲ ਕੀਤੀ ਗਈ। ਇਸ ਮੌਕੇ ਵਕੀਲਾਂ ਨੇ ਮੁਕਤਸਰ ਪੁਲੀਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਜ਼ਿਲ੍ਹਾ ਬਾਰ ਪ੍ਰਧਾਨ ਸੁਨੀਲ ਗਰਗ ਨੇ ਕਿਹਾ ਕਿ ਸੂਬਾ ਪੱਧਰੀ ਮੰਗ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਪੰਜਾਬ ਰਾਜ ਤੋਂ ਬਾਹਰ ਕੇਸ ਤਬਦੀਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਨਸਾਫ਼ ਦੀ ਲੜਾਈ ਲਈ ਵਕੀਲ ਇਕਜੁੱਟ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਸੂਬਾ ਭਰ ਵਿਚ ਅਦਾਲਤਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ। ਇਸ ਹੜਤਾਲ ਨੂੰ ਸੂਬੇ ਭਰ ਵਿਚ ਚੰਗਾ ਹੁੰਗਾਰਾ ਮਿਲਿਆ ਹੈ। ਇਸ ਮੌਕੇ ਤੇਜਿੰਦਰ ਸਿੰਘ ਲਾਡੀ, ਬਰਿੰਦਰਪਾਲ ਸਿੰਘ ਰੱਤੀਆਂ, ਅਨੀਸ਼ ਕਾਂਤ, ਰਵਿੰਦਰਪਾਲ ਸਿੰਘ ਰੱਤੀਆਂ, ਬੂਟਾ ਸਿੰਘ, ਖੁਸ਼ਿਵੰਦਰਪਾਲ ਸਿੰਘ, ਰਣਜੀਤ ਸਿੰਘ ਰਾਣਾ, ਹਰਪ੍ਰੀਤ ਸਿੰਘ ਗਿੱਲ, ਮਨੀਸ਼ ਮਜ਼ੀਠੀਆ, ਰਾਜੇਸ਼ ਕੁਮਾਰ ਸ਼ਰਮਾ, ਜੀਵਨ ਤਿਵਾੜੀ, ਅਸ਼ਵਨੀ ਹੀਰ ਤੇ ਹੋਰ ਵਕੀਲਾਂ ਹਾਜ਼ਰ ਸਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਬਾਰ ਐਸੋਸੀਏਸ਼ਨ ਮਾਨਸਾ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਐਡਵੋਕੇਟ ਵਰਿੰਦਰ ਸਿੰਘ ਨਾਲ ਪੁਲੀਸ ਵੱਲੋਂ ਕੀਤੇ ਅਣਮਨੁੱਖੀ ਖਿਲਾਫ਼ ਰੋਸ ਮੁਜ਼ਾਹਰਾ ਕਰਨ ਤੋਂ ਬਾਅਦ ਧਰਨਾ ਲਾਇਆ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਨਵਲ ਕੁਮਾਰ ਗੋਇਲ ਨੇ ਕਿਹਾ ਕਿ ਵਕੀਲ ਭਾਈਚਾਰਾ ਹਮੇਸ਼ਾ ਇੱਕ-ਦੂਜਾ ਦਾ ਵਧੀਕੀਆਂ ਸਮੇਂ ਸਾਥ ਦਿੰਦਾ ਆਇਆ ਹੈ, ਜਿਸ ਕਰਕੇ ਮੁਕਤਸਰ ਪੁਲੀਸ ਦੇ ਅਣਮਨੁੱਖੀ ਕਾਰੇ ਖਿਲਾਫ਼ ਇੱਕਜੁੱਟ ਹੋਕੇ ਅਵਾਜ਼ ਉਠਾਉਣਾ ਮੁੱਢਲਾ ਫਰਜ਼ ਬਣਦਾ ਹੈ। ਵਕੀਲਾਂ ਵੱਲੋਂ ਅਦਾਲਤੀ ਕੰਮ ਕਾਜ ਪੂਰੇ ਦਿਨ ਭਰ ਲਈ ਬੰਦ ਰੱਖਿਆ ਗਿਆ ਅਤੇ ਭਲਕੇ ਵੀ ਅਦਾਲਤੀ ਕੰਮ ਕਾਜ ਪੂਰਨ ਤੌਰ ਤੇ ਬੰਦ ਰੱਖਿਆ ਜਾਵੇਗਾ। ਇਸ ਮੌਕੇ ਰੋਹਿਤ ਭੰਮਾ,ਅੰਗਰੇਜ਼ ਸਿੰਘ ਕਲੇਰ,ਅਮਨਪ੍ਰੀਤ ਸਿੰਘ ਭੁੱਲਰ,ਨਵਦੀਪ ਸਿੰਘ ਸਿੱਧੂ, ਸੁਖਜੀਤ ਸਿੰਘ ਸੇਖੋਂ ਐਡਵੋਕੇਟ, ਬਲਵੀਰ ਕੌਰ ਸਿੱਧੂ, ਰਾਜਵਿੰਦਰ ਕੌਰ, ਲਖਵਿੰਦਰ ਸਿੰਘ ਲਖਨਪਾਲ, ਹਰਸਿਮਰਨ ਕੌਰ, ਮੰਜੂ ਰਾਣੀ, ਵਿਜੈ ਕੁਮਾਰ ਸਿੰਗਲਾ, ਪ੍ਰਿਥੀਪਾਲ ਸਿੰਘ ਸਿੱਧੂ, ਰਾਜਿੰਦਰ ਕੁਮਾਰ ਸ਼ਰਮਾ ਤੇ ਬਲਵੰਤ ਭਾਟੀਆ ਨੇ ਵੀ ਸੰਬੋਧਨ ਕੀਤਾ।