ਮਹਿਲਾਵਾਂਂ ਨੇ ਦਿਖਾਈ ਤਾਕਤ

ਕਿਸਾਨੀ ਸੰਘਰਸ਼ ਦੇ ਸਮੁੱਚੇ ਪ੍ਰੋਗਰਾਮਾਂ ਦੀ ਕਮਾਂਡ ਸੰਭਾਲੀ

ਮਹਿਲਾਵਾਂਂ ਨੇ ਦਿਖਾਈ ਤਾਕਤ

ਬਠਿੰਡਾ ਵਿੱਚ ਕਿਸਾਨ ਮਹਿਲਾ ਦਿਵਸ ਦੇ ਮੌਕੇ ’ਤੇ ਕਿਸਾਨੀ ਝੰਡੇ ਚੁੱਕ ਕੇ ਪ੍ਰਦਰਸ਼ਨ ਕਰਦੀਆਂ ਹੋਈਆਂ ਔਰਤਾਂ। -ਫੋਟੋ: ਪੰਜਾਬੀ ਟ੍ਰਿਬਿਊਨ

ਸ਼ਗਨ ਕਟਾਰੀਆ

ਬਠਿੰਡਾ, 18 ਜਨਵਰੀ

‘ਮਹਿਲਾ ਦਿਵਸ’ ਮੌਕੇ ਅੱਜ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨਾਲ ਸਬੰਧਤ ਔਰਤਾਂ ਵੱਲੋਂ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਨਾਰੀ ਹੱਕਾਂ ਤੋਂ ਇਲਾਵਾ ਕਿਸਾਨ ਅੰਦੋਲਨ ਵੱਲ ਸਰਕਾਰਾਂ ਨੂੰ ‘ਕੰਨ ਧਰਨ’ ਦਾ ਹੋਕਾ ਦੇਣ ਲਈ ਪ੍ਰਦਰਸ਼ਨ ਕੀਤਾ ਗਿਆ।  

ਇਹ ਇਕੱਠ ਮੌਜੂਦਾ ਕਿਸਾਨ ਸੰਗਰਾਮ ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕੀਤਾ ਗਿਆ। ਇਕੱਤਰਤਾ ਦੌਰਾਨ ਮਹਿਲਾਵਾਂ ਨੇ ਆਪਣੀ ਤਾਕਤ ਦਾ ਮੁਜ਼ਾਹਰਾ ਕਰਦਿਆਂ ਸੁਨੇਹਾ ਦਿੱਤਾ ਕਿ ਵਿਸ਼ਵ ਦੀ ਸਮੁੱਚੀ ਆਬਾਦੀ ਦਾ ਅੱਧ ਔਰਤਾਂ ਦੀ ਭੂਮਿਕਾ ਕਿਸੇ ਵੀ ਖੇਤਰ ਵਿਚ ਪੁਰਸ਼ਾਂ ਤੋਂ ਘੱਟ ਨਹੀਂ। ਉਨਾਂ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਜਦੋਂ ਵੀ ਹੱਕੀ ਸੰਗਰਾਮ ਛਿੜੇ ਹਨ ਜਾਂ ਛਿੜਨਗੇ, ਉਥੇ ਨਾਰੀ ਸ਼ਕਤੀ ਤਤਪਰਤਾ ਨਾਲ ਆਪਣੇ ਠੋਸ ਵਜੂਦ ਦਾ ਪ੍ਰਦਰਸ਼ਨ ਕਰੇਗੀ। 

ਬੁਢਲਾਡਾ (ਐੱਨ.ਪੀ. ਸਿੰਘ): ਦੇਸ਼ ਭਰ ਵਿੱਚ ਮਨਾਏ ਜਾ ਰਹੇ ਔਰਤ ਕਿਸਾਨ ਦਿਵਸ ਦੇ ਮੌਕੇ 30 ਕਿਸਾਨ ਜੱਥੇਬੰਦੀਆਂ ਦੇ ਚੱਲ ਰਹੇ ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ਵਾਲੇ ਕਿਸਾਨ ਧਰਨੇ ਦੀ ਵਾਗਡੋਰ ਅੱਜ ਤੋਂ ਔਰਤਾਂ ਨੇ ਸੰਭਾਲ ਲਈ ਹੈ। ਸੈਂਕੜੇ ਔਰਤਾਂ ਦੀ ਸ਼ਮੂਲੀਅਤ ਵਿੱਚ ਕਿਸਾਨ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। ਇਸ ਮੌਕੇ ਕਿਸਾਨ ਔਰਤਾਂ ਨੇ ਪ੍ਰਣ ਲਿਆ ਕਿ ਉਹ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਪਣੇ ਕਿਸਾਨ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਰਗਰਮ ਭੂਮਿਕਾਵਾਂ ਨਿਭਾਉਣਗੀਆਂ। ਕਿਸਾਨੀ ਧਰਨੇ ਨੂੰ ਇਸਤਰੀ ਕਿਸਾਨ ਆਗੂ ਬੀਬੀ ਜਸਵਿੰਦਰ ਕੌਰ ਦਾਤੇਵਾਸ ਸਮੇਤ ਡਕੌਂਦਾ ਜੱਥੇਬੰਦੀ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਬੀਬੀ ਰਣਜੀਤ ਕੌਰ ਬਰੇਟਾ, ਮਹਿੰਦਰ ਕੌਰ ਚੱਕ ਭਾਈ ਕੇ, ਸੁਖਪਾਲ ਕੌਰ ਚੱਕ ਭਾਈ ਕੇ, ਅੰਜਲੀ ਸ਼ਰਮਾਂ ਬਰੇਟਾ, ਸਤਪਾਲ ਸਿੰਘ ਬਰ੍ਹੇ ਨੇ ਵੀ ਸੰਬੋਧਨ ਕੀਤਾ।

ਬਰਨਾਲਾ ਸਟੇਸ਼ਨ ’ਚ ਸਾਂਝੇ ਕਿਸਾਨ ਮੋਰਚੇ ’ਚ ਡਟੀਆਂ ਕਿਸਾਨ ਔਰਤਾਂ। -ਫੋਟੋ: ਬੱਲੀ

ਧਰਨਿਆਂ ’ਚ ਸੈਂਕੜਿਆਂ ਦੀ ਗਿਣਤੀ ’ਚ ਔਰਤਾਂ ਹੋਈਆਂ ਸ਼ਾਮਲ

ਬਰਨਾਲਾ (ਖੇਤਰੀ ਪ੍ਰਤੀਨਿਧ): ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਚ ਲੱਗੇ ਪੱਕੇ ਮੋਰਚੇ ਦੇ 110ਵੇਂ ਦਿਨ ਔਰਤ ਕਿਸਾਨ ਦਿਵਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਔਰਤਾਂ ਪੂਰੇ ਜੋਸ਼ ਖਰੋਸ਼ ਨਾਲ ਸ਼ਾਮਿਲ ਹੋਈਆਂ|  ਭੁੱਖ ਹੜਤਾਲ ਵਿੱਚ ਬੈਠਣ ਵਾਲੇ ਜਥੇ ਵਿੱਚ ਸਿਰਫ ਕਿਸਾਨ ਔਰਤਾਂ ਦਾ ਕਾਫਲਾ ਹੀ ਸ਼ਾਮਲ ਸੀ| ਜਥੇ ਵਿੱਚ ਤੇਜਪਾਲ ਕੌਰ, ਗੁਰਪ੍ਰੀਤ ਕੌਰ, ਕਰਨੈਲ ਕੌਰ, ਬਲਜੀਤ ਕੌਰ, ਮਨਜੀਤ ਕੌਰ, ਅਮਰਜੀਤ ਕੌਰ, ਦਲਜੀਤ ਕੌਰ, ਮਨਜੀਤ ਕੌਰ, ਮਹਿੰਦਰ ਕੌਰ ਅਤੇ ਮਨਜੀਤ ਕੌਰ  ਆਦਿ  ਕਿਸਾਨ ਔਰਤਾਂ ਨੇ ਭਾਗ ਲਿਆ| ਆਗੂਆਂ ਕਿਹਾ ਕਿ ਕੱਲ੍ਹ ਪਰਜਾ ਮੰਡਲ ਲਹਿਰ ਦੇ ਮੋਢੀ ਸ਼ਹੀਦ ਸੇਵਾ ਸਿੰਘ ਜੀ ਠੀਕਰੀਵਾਲ ਦਾ ਸ਼ਹੀਦੀ ਦਿਹਾੜਾ ਹੈ ਜੋ ਇਸ ਵਾਰ ਸਮੂਹ ਪਿੰਡ ਨਿਵਾਸੀਆਂ ਵੱਲੋਂ ਸਿਆਸੀ ਪਾਰਟੀਆਂ ਦਾ ਬਾਈਕਾਟ ਕਰਦਿਆਂ ਕਿਸਾਨੀ ਘੋਲ ਨੂੰ ਸਮਰਪਿਤ ਕੀਤਾ ਹੈ| ਇਸੇ ਹੀ ਤਰ੍ਹਾਂ ਵੀਆਰਸੀ ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਵੱਲੋੋਂ 107ਵੇਂ ਦਿਨ ਘਿਰਾਓ ਜਾਰੀ ਰਿਹਾ| 

ਸਿਰਸਾ ’ਚ ਮਹਿਲਾਵਾਂ ਵੱਲੋਂ ਟਰੈਕਟਰ ਮਾਰਚ

ਸਿਰਸਾ (ਪ੍ਰਭੂ ਦਿਆਲ): ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਕਿਸਾਨ ਮਹਿਲਾ ਦਿਵਸ ਮਨਾਏ ਜਾਣ ਦੇ ਦਿੱਤੇ ਗਏ ਸੱਦੇ ’ਤੇ ਮਹਿਲਾਵਾਂ ਨੇ ਟਰੈਕਟਰ ਮਾਰਚ ਕਰਕੇ ਪ੍ਰਦਰਸ਼ਨ ਕੀਤਾ ਅਤੇ ਡਿਪਟੀ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਦੇ ਕੇ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All