ਨਵਕਿਰਨ ਸਿੰਘ
ਮਹਿਲ ਕਲਾਂ, 8 ਸਤੰਬਰ
ਇੱਥੋਂ ਨੇੜਲੇ ਪਿੰਡ ਹਮੀਦੀ ਵਿੱਚ ਵਿਆਹੁਤਾ ਔਰਤ ਆਪਣੀਆਂ ਤਿੰਨ ਧੀਆਂ ਨਾਲ ਅੱਜ ਦੂਜੀ ਵਾਰ ਫਿਰ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈ ਹੈ। ਆਪਣੇ ਪਤੀ ਨਾਲ ਘਰੇਲੂ ਝਗੜੇ ਦੇ ਚੱਲਦਿਆਂ ਮਹਿੰਦਰ ਕੌਰ ਪਤਨੀ ਜੱਗਾ ਸਿੰਘ ਵਾਸੀ ਠੁੱਲੀਵਾਲ ਲੰਘੀ 5 ਸਤੰਬਰ ਨੂੰ ਵੀ ਆਪਣੇ ਪੇਕੇ ਪਿੰਡ ਹਮੀਦੀ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈ ਸੀ ਪਰ ਉਸ ਸਮੇਂ ਪਿੰਡ ਦੇ ਮੋਹਤਬਰਾਂ ਅਤੇ ਪੁਲੀਸ ਵੱਲੋਂ ਉਸ ਨੂੰ ਹੇਠਾਂ ਉਤਾਰ ਕੇ ਆਪਸੀ ਸਹਿਮਤੀ ਨਾਲ ਪਤੀ-ਪਤਨੀ ਦਾ ਮਸਲਾ ਹੱਲ ਕਰ ਦਿੱਤਾ ਗਿਆ ਸੀ। ਅੱਜ ਫਿਰ ਉਹ ਔਰਤ ਆਪਣੀਆਂ ਧੀਆਂ ਨਾਲ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈ ਹੈ। ਔਰਤ ਦੇ ਪੇਕਾ, ਸਹੁਰਾ ਪਿੰਡਾਂ ਦੇ ਮੋਹਤਬਰਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਔਰਤ ਤੇ ਉਸ ਦੀਆਂ ਧੀਆਂ ਨੂੰ ਟੈਂਕੀ ਤੋਂ ਹੇਠਾਂ ਉਤਾਰਨ ਦੀਆਂ ਕੋਸ਼ਿਸ਼ਾਂ ਜਾਰੀ ਸਨ।
ਜਾਣਕਾਰੀ ਅਨੁਸਾਰ ਮਹਿੰਦਰ ਕੌਰ ਦੀ ਇੱਕ ਧੀ ਦੇ ਆਈਲੈਟਸ ਕਰ ਕੇ ਵਿਦੇਸ਼ ਜਾਣ ਲਈ ਫੀਸਾਂ ਭਰਨ ਸਣੇ ਕਈ ਘਰੇਲੂ ਮਸਲਿਆਂ ’ਤੇ ਪਤੀ ਪਤਨੀ ਵਿੱਚ ਅਕਸਰ ਝਗੜਾ ਰਹਿੰਦਾ ਹੈ।
ਇਸ ਸਬੰਧੀ ਪੁਲੀਸ ਥਾਣਾ ਠੁੱਲੀਵਾਲ ਦੇ ਐਸਐਚਓ ਬਲਦੇਵ ਸਿੰਘ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਦੋਵਾਂ ਨੂੰ ਸਮਝਾ ਕੇ ਆਪਸੀ ਸਹਿਮਤੀ ਨਾਲ ਮਸਲਾ ਹੱਲ ਕਰ ਦਿੱਤਾ ਗਿਆ ਸੀ ਅਤੇ ਹੁਣ ਵੀ ਦੋਵਾਂ ਨੂੰ ਬੁਲਾਇਆ ਜਾ ਰਿਹਾ ਹੈ ਤੇ ਮਸਲੇ ਦੇ ਹੱਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਨਸਾਫ਼ ਲਈ ਟੈਂਕੀ ’ਤੇ ਚੜ੍ਹਿਆ ਵਿਅਕਤੀ ਉਤਾਰਿਆ
ਸਿਰਸਾ (ਪ੍ਰਭੂ ਦਿਆਲ): ਇੱਥੋਂ ਦੇ ਪਿੰਡ ਸ਼ਾਹਪੁਰ ਬੇਗੂ ਵਿੱਚ ਅੱਜ ਸਵੇਰੇ ਇੱਕ ਵਿਅਕਤੀ ਇਨਸਾਫ਼ ਦੀ ਮੰਗ ਲਈ ਪਿੰਡ ਦੇ ਜਲ ਘਰ ਦੀ ਟੈਂਕੀ ’ਤੇ ਚੜ੍ਹ ਗਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਅਤੇ ਸਿਹਤ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚ ਗਈ। ਵਿਅਕਤੀ ਨੂੰ ਟੈਂਕੀ ਤੋਂ ਹੇਠਾਂ ਉਤਾਰਨ ਲਈ ਪੁਲੀਸ ਨੇ ਕਾਫ਼ੀ ਜਦੋ-ਜਹਿੱਦ ਕੀਤੀ। ਬਾਅਦ ਵਿੱਚ ਪੁਲੀਸ ਨੇ ਉਸ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿਵਾਇਆ ਜਿਸ ਮਗਰੋਂ ਉਹ ਟੈਂਕੀ ਤੋਂ ਹੇਠਾਂ ਉੱਤਰ ਆਇਆ। ਜਾਣਕਾਰੀ ਅਨੁਸਾਰ ਬੇਗੂ ਰੋਡ ਵਾਸੀ ਕ੍ਰਿਸ਼ਨ ਨਹਿਰਾ ਅੱਜ ਪਿੰਡ ਸ਼ਾਹਪੁਰ ਬੇਗੂ ਸਥਿਤ ਵਾਟਰ ਵਰਕਸ ਦੀ ਟੈਂਕੀ ’ਤੇ ਚੜ੍ਹ ਗਿਆ। ਕ੍ਰਿਸ਼ਨ ਦੇ ਜਾਣਕਾਰ ਰਾਜ ਸਿੰਘ ਨੇ ਦੱਸਿਆ ਕਿ ਕ੍ਰਿਸ਼ਨ ਦੇ ਪਰਿਵਾਰ ਨੇ ਜੋਗਿੰਦਰ ਸਿੰਘ ਨਾਂ ਦੇ ਵਿਅਕਤੀ ਨਾਲ ਰਾਜਸਥਾਨ ’ਚ 1 ਕਰੋੜ 20 ਲੱਖ ਰੁਪਏ ਦੀ ਖੇਤੀ ਵਾਲੀ ਜ਼ਮੀਨ ਖ਼ਰੀਦਣ ਦਾ ਸੌਦਾ ਕੀਤਾ ਸੀ। ਜੋਗਿੰਦਰ ਸਿੰਘ ਨੇ ਕਥਿਤ ਤੌਰ ’ਤੇ ਨਹਿਰਾ ਪਰਿਵਾਰ ਨਾਲ ਧੋਖਾ ਕੀਤਾ ਹੈ, ਇਸ ਕਾਰਨ ਉਹ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਸਦਰ ਥਾਣਾ ਪੁਲੀਸ ਦੇ ਇੰਚਾਰਜ ਦੇਵੀ ਲਾਲ ਨੇ ਦੱਸਿਆ ਹੈ ਕਿ ਇਹ ਜ਼ਮੀਨ ਦਾ ਮਾਮਲਾ ਹੈ ਜੋ ਅਦਾਲਤ ’ਚ ਚਲ ਰਿਹਾ ਹੈ।