ਲਖਵੀਰ ਸਿੰਘ ਚੀਮਾ
ਟੱਲੇਵਾਲ, 26 ਫਰਵਰੀ
ਪਿੰਡ ਬਖ਼ਤਗੜ੍ਹ ਵਿਚ ਅੱਜ ਧਾਰਮਿਕ ਸਮਾਗਮ ਦੌਰਾਨ ਦੋ ਧਿਰਾਂ ਆਹਮੋ-ਸਾਹਮਣੇ ਹੋਣ ਨਾਲ ਮਾਹੌਲ ਤਣਾਅਪੂਰਨ ਹੋ ਗਿਆ। ਮਾਹੌਲ ਨੂੰ ਸ਼ਾਂਤ ਕਰਨ ਲਈ ਐਸਜੀਪੀਸੀ ਮੈਂਬਰਾਂ ਅਤੇ ਪੁਲੀਸ ਨੂੰ ਪਹੁੰਚਣਾ ਪਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੀ ਰਵਿਦਾਸੀਆ ਸਿੱਖ ਭਾਈਚਾਰੇ ਦੀ ਧਰਮਸ਼ਾਲਾ ਵਿੱਚ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਅਖੰਡ ਪਾਠ ਪ੍ਰਕਾਸ਼ ਕੀਤੇ ਗਏ ਸਨ। ਅਖੰਡ ਪਾਠ ਦੌਰਾਨ ਗੁਰਬਾਣੀ ਦੀ ਰੌਲ ਲਗਾਉਣ ਨੂੰ ਲੈ ਕੇ ਪਿੰਡ ਦੇ ਪਾਠੀ ਸਿੰਘ ਅਤੇ ਪ੍ਰਬੰਧਕਾਂ ਦਰਮਿਆਨ ਤਕਰਾਰ ਚੱਲ ਰਿਹਾ ਸੀ। ਇਸ ਕਰ ਕੇ ਪਾਠੀ ਸਿੰਘ ਵੱਲੋਂ ਸ਼ੁੱਕਰਵਾਰ ਨੂੰ ਧਰਮਸ਼ਾਲਾ ਵਿੱਚ ਇਕੱਠ ਕਰਨ ਲਈ ਬੀਤੇ ਦਿਨੀਂ ਬੇਨਤੀ ਬੋਲ ਦਿੱਤੀ ਗਈ ਸੀ। ਇਸ ਤੋਂ ਬਾਅਦ ਅੱਜ ਰਵਿਦਾਸੀਆ ਸਿੱਖ ਭਾਈਚਾਰੇ ਅਤੇ ਪਿੰਡ ਦੇ ਮੋਹਤਵਰ ਵਿਅਕਤੀਆਂ ਦਾ ਧਰਮਸ਼ਾਲਾ ਵਿੱਚ ਇਕੱਠ ਹੋ ਗਿਆ। ਇਸ ਦਰਮਿਆਨ ਚੱਲ ਰਹੇ ਪਾਠ ਦੌਰਾਨ ਤਕਰਾਰ ਹੋ ਗਿਆ। ਇਸ ਤੋਂ ਬਾਅਦ ਪ੍ਰਬੰਧਕਾਂ ਨੇ ਇਸ ਦੀ ਸੂਚਨਾ ਪੱਖੋ-ਕੈਂਚੀਆਂ ਪੁਲੀਸ ਚੌਕੀ ਅਤੇ ਤਖ਼ਤ ਦਮਦਮਾ ਸਾਹਿਬ ਵਿਚ ਕੀਤੀ।
ਸੂਚਨਾ ਮਿਲਦਿਆਂ ਹੀ ਘਟਨਾ ਸਥਾਨ ’ਤੇ ਪੁਲੀਸ ਪਾਰਟੀ ਅਤੇ ਐਸਜੀਪੀਸੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਬਲਦੇਵ ਸਿੰਘ ਚੂੰਘਾਂ ਅਤੇ ਟੇਕ ਸਿੰਘ ਧਨੌਲਾ ਪਹੁੰਚੇ। ਉਨ੍ਹਾਂ ਦੱਸਿਆ ਕਿ ਇਸ ਤਕਰਾਰ ਕਾਰਨ ਅਖੰਡ ਪਾਠ ਸਾਹਿਬ ਭੰਗ ਹੋ ਗਏ ਹਨ। ਭਲਕੇ ਇਸ ਪਾਠ ਲਈ ਸ੍ਰੀ ਸਹਿਜ ਪਾਠ ਦੀ ਅਰਦਾਸ ਕੀਤੀ ਜਾਵੇਗੀ। ਇਸ ਸਾਰੇ ਮਾਮਲੇ ਦੀ ਪੜਤਾਲ ਲਈ ਤਖ਼ਤ ਦਮਦਮਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਟੀਮ ਸ਼ਨਿੱਚਰਵਾਰ ਨੂੰ ਪੜਤਾਲ ਕਰੇਗੀ।