ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 4 ਜੂਨ
ਵੀਰਵਾਰ ਬਾਅਦ ਦੁਪਹਿਰ ਕਰੀਬ 5 ਵਜੇ ਹੋਈ ਬਰਸਾਤ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲੀਆਂ। ਬਰਸਾਤ ਦੇ ਨਾਲ ਹੋਈ ਗੜੇਮਾਰੀ ਕਾਰਨ ਤਾਪਮਾਨ ਹੇਠਾਂ ਡਿੱਗ ਪਿਆ ਅਤੇ ਠੰਢੇ-ਮਿੱਠੇ ਮੌਸਮ ਦਾ ਲੋਕਾਂ ਨੇ ਖੂਬ ਆਨੰਦ ਮਾਣਿਆ। ਜਾਣਕਾਰੀ ਅਨੁਸਾਰ ਮਈ ਦੇ ਆਖਰੀ ਹਫਤੇ ਵਿੱਚ ਪਈ ਕੜਾਕੇ ਦੀ ਗਰਮੀ ਤੋਂ ਬਾਅਦ ਪਿਛਲੇ ਇੱਕ ਦੋ ਦਿਨਾਂ ਤੋਂ ਅਚਾਨਕ ਮੌਸਮ ਵਿੱਚ ਥੋੜਾ ਬਦਲਾਅ ਆਇਆ ਅਤੇ ਤਾਪਮਾਨ 40 ਡਿਗਰੀ ਦੇ ਆਸ-ਪਾਸ ਹੀ ਚੱਲ ਰਿਹਾ ਸੀ ਪਰ ਵੀਰਵਾਰ ਨੂੰ ਬਾਅਦ ਦੁਪਹਿਰ ਅਸਮਾਨ ਬੱਦਲਾਂ ਨਾਲ ਪੂਰੀ ਤਰ੍ਹਾਂ ਘਿਰ ਗਿਆ ਅਤੇ ਬਰਸਾਤ ਸ਼ੁਰੂ ਹੋ ਗਈ। ਬਰਸਾਤ ਦੇ ਨਾਲ-ਨਾਲ ਗੜ੍ਹੇਮਾਰੀ ਵੀ ਹੋਈ ਅਤੇ ਤੇਜ਼ ਹਵਾਵਾਂ ਵੀ ਚੱਲੀਆਂ। ਬਰਸਾਤ ਦੇ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕੇ ਅਨਾਜ ਮੰਡੀ, ਬਾਹਮਣੀ ਬਾਜ਼ਾਰ, ਇੰਦਰ ਨਗਰੀ, ਬਜਾਜ ਸਟ੍ਰੀਟ, ਗਲੀ ਬਾਬਾ ਬਚਨ ਦਾਸ ਅਤੇ ਹੋਰ ਹੇਠਲੇ ਇਲਾਕਿਆਂ ਵਿੱਚ ਪਾਣੀ ਭਰ ਗਿਆ। ਜਿਸ ਕਾਰਨ ਰਾਹਗੀਰਾਂ ਨੂੰ ਲੰਘਣ ਵਿੱਚ ਕਾਫੀ ਮੁਸ਼ਕਿਲ ਆਈ।
ਉਧਰ, ਇਸ ਬਰਸਾਤ ਤੋਂ ਕਿਸਾਨ ਖੁਸ਼ ਹਨ। ਕਿਸਾਨ ਜਗਸੀਰ ਸਿੰਘ, ਵੇਦ ਕੁਮਾਰ, ਸੂਬਾ ਸਿੰਘ ਆਦਿ ਨੇ ਦੱਸਿਆ ਕਿ ਇਹ ਬਰਸਾਤ ਕਿਸਾਨਾਂ ਲਈ ਲਾਹੇਵੰਦ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਨੀਰੀ ਅਤੇ ਹਰੇ ਚਾਰੇ ਨੂੰ ਬਰਸਾਤ ਨਾਲ ਫਾਇਦਾ ਹੋਵੇਗਾ।
ਬਰਸਾਤ ਕਾਰਨ ਵਿਧਵਾ ਦਾ ਮਕਾਨ ਡਿੱਗਿਆ
ਬੋਹਾ (ਪੱਤਰ ਪ੍ਰੇਰਕ) ਖੇਤਰ ਵਿੱਚ ਪਿਛਲੇ ਦੋ ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਬਰਸਾਤ ਕਾਰਨ ਬੋਹਾ ਦੇ ਬਾਗ ਵਾਲਾ ਮੁਹੱਲਾ ਦੀ ਵਸਨੀਕ ਦਲਿਤ ਗਰੀਬ ਔਰਤ ਜਸਵੰਤ ਕੌਰ ਪਤਨੀ ਸਵ: ਗਰੀਬੂ ਸਿੰਘ ਦੇ ਘਰ ਦੀ ਛੱਤ ਡਿੱਗ ਜਾਣ ਕਾਰਨ ਉਸ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਬੇਸ਼ੱਕ ਉਸ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਪਰ ਖਰਾਬ ਮੌਸਮ ’ਚ ਸਿਰ ਛੁਪਾਉਣ ਦਾ ਸਹਾਰਾ ਡਿੱਗ ਜਾਣ ਕਾਰਨ ਉਸ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮਾਜਸੇਵੀ ਗੁਰਮੀਤ ਸਿੰਘ ਨੇ ਦੱਸਿਆ ਕਿ ਪਤੀ ਦੀ ਮੌਤ ਮਗਰੋਂ ਜਸਵੰਤ ਕੌਰ ਅਪਣੇ ਦੋ ਬੱਚੇ ਇੱਕ ਕੁਆਰੀ ਲੜਕੀ ਤੇ ਇੱਕ ਲੜਕੇ ਨਾਲ ਇਸ ਮਕਾਨ ’ਚ ਆਰਥਿਕ ਮੰਦਹਾਲੀ ਵਿੱਚੋਂ ਗੁਜਰ ਰਹੀ ਸੀ ਤੇ ਲੌਕਡਾਊਨ ਦੌਰਾਨ ਇਸ ਪਰਿਵਾਰ ਦੀ ਹਾਲਤ ਖਸਤਾ ਹੋ ਗਈ ਹੈ ਤੇ ਹੁਣ ਇਸ ਦੇ ਮਕਾਨ ਦੀ ਛੱਤ ਡਿੱਗਣ ਨਾਲ ਇਹ ਪਰਿਵਾਰ ਕੋਲ ਸਿਰ ਛੁਪਾਉਣ ਲਈ ਜਗ੍ਹਾ ਨਹੀਂ ਬਚੀ। ਉਨ੍ਹਾਂ ਪ੍ਰਸ਼ਾਸਨ ਤੋਂ ਇਸ ਲੋੜਵੰਦ ਪਰਿਵਾਰ ਦੀ ਸਹਾਇਤਾ ਦੀ ਮੰਗ ਕੀਤੀ ਹੈ।
ਅਸਮਾਨੀ ਬਿਜਲੀ ਡਿੱਗਣ ਨਾਲ ਪਾਣੀ ਵਾਲੀ ਟੈਂਕੀ ਟੁੱਟੀ
ਸਿਰਸਾ (ਨਿੱਜੀ ਪੱਤਰ ਪ੍ਰੇਰਕ) ਇਥੇ ਅੱਜ ਦੁਪਹਿਰ ਹੋਏ ਦਰਮਿਆਨੇ ਮੀਂਹ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ ਇਕ ਪਾਣੀ ਵਾਲੀ ਟੈਂਕੀ ਟੁੱਟ ਗਈ ਜਦੋਂਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਅੱਜ ਦੁਪਹਿਰੇ ਇਲਾਕੇ ਵਿੱਚ ਤੇਜ਼ ਗਰਜ ਨਾਲ ਮੀਂਹ ਪਿਆ। ਮੀਂਹ ਦੌਰਾਨ ਹੋਈ ਤੇਜ਼ ਗਰਜ ਨਾਲ ਅਸਮਾਨੀ ਬਿਜਲੀ ਇਕ ਪਾਣੀ ਵਾਲੀ ਟੈਂਕੀ ਉੱਤੇ ਆ ਡਿੱਗੀ ਜਿਸ ਨਾਲ ਟੈਂਕੀ ਟੁੱਟ ਗਈ ਤੇ ਇੱਟਾਂ ਦੂਰ ਤੱਕ ਜਾ ਡਿੱਗੀਆਂ। ਇਸ ਦੌਰਾਨ ਕੋਈ ਵਿਅਕਤੀ ਨੇੜੇ ਨਾ ਹੋਣ ਕਾਰਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਟੈਂਕੀ ਪੂਰੀ ਤਰ੍ਹਾਂ ਟੁੱਟ ਗਈ। ਤਲਵਾੜ ਨਰਸਿੰਗ ਹੋਮ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਦੱਸਿਆ ਹੈ ਕਿ ਅਚਾਨਕ ਤੇਜ਼ ਗਰਜ ਨਾਲ ਬਿਜਲੀ ਡਿੱਗੀ ਤਾਂ ਹਸਪਤਾਲ ਦੇ ਕਈ ਦਰਵਾਜ਼ੇ ਤੇ ਖਿੜਕੀਆਂ ਦੇ ਸ਼ੀਸ਼ੇ ਹਿੱਲੇ ਤੇ ਇਸੇ ਦੌਰਾਨ ਹਸਪਤਾਲ ਦੇ ਨਾਲ ਚੁਬਾਰੇ ’ਤੇ ਬਣੀ ਪਾਣੀ ਵਾਲੀ ਟੈਂਟੀ ਦੀਆਂ ਇੱਟਾਂ ਦੂਰ ਤੱਕ ਜਾ ਡਿੱਗੀਆਂ।