ਜਲ ਸਪਲਾਈ ਪਾਈਪਾਂ ਪਾਉਣ ਵੇਲੇ ਸੀਵਰੇਜ ਸਿਸਟਮ ਕੀਤਾ ਬਰਬਾਦ : The Tribune India

ਜਲ ਸਪਲਾਈ ਪਾਈਪਾਂ ਪਾਉਣ ਵੇਲੇ ਸੀਵਰੇਜ ਸਿਸਟਮ ਕੀਤਾ ਬਰਬਾਦ

ਜਲ ਸਪਲਾਈ ਪਾਈਪਾਂ ਪਾਉਣ ਵੇਲੇ ਸੀਵਰੇਜ ਸਿਸਟਮ ਕੀਤਾ ਬਰਬਾਦ

ਜਲ ਸਪਲਾਈ ਪਾਈਪ ਪਾਉਣ ਵੇਲੇ ਜੇਸੀਬੀ ਮਸ਼ੀਨ ਨਾਲ ਟੁੱਟਿਆ ਸੀਵਰੇਜ ਚੈਂਬਰ|

ਗੁਰਸੇਵਕ ਸਿੰਘ ਪ੍ਰੀਤ

ਸ੍ਰੀ ਮੁਕਤਸਰ ਸਾਹਿਬ, 7 ਦਸੰਬਰ

ਇੱਥੋਂ ਦੇ ਨਾਮਦੇਵ ਨਗਰ ਵਿੱਚ ਜਨ ਸਿਹਤ ਵਿਭਾਗ ਵੱਲੋਂ ਪਾਈ ਜਾ ਰਹੀ ਨਵੀਂ ਜਲ ਸਪਲਾਈ ਪਾਈਪ ਲਾਈਨ ਦੇ ਕੰਮ ਦੌਰਾਨ ਠੇਕੇਦਾਰ ਵੱਲੋਂ ਅੰਨ੍ਹੇਵਾਹ ਜੇਸੀਬੀ ਮਸ਼ੀਨ ਦੀ ਵਰਤੋਂ ਕਰ ਕੇ ਸੈਂਕੜੇ ਘਰਾਂ ਦੀਆਂ ਸੀਵਰੇਜ ਪਾਈਪਾਂ ਅਤੇ ਸੀਵਰੇਜ ਚੈਂਬਰ ਤੋੜ ਦਿੱਤੇ ਗਏ ਹਨ| ਹੁਣ ਲੋਕਾਂ ਵੱਲੋਂ ਪੱਲਿਓਂ ਪੈਸੇ ਖਰਚ ਕਰ ਕੇ ਇਹ ਸੀਵਰੇਜ ਕੁਨੈਕਸ਼ਨ ਜੋੜੇ ਜਾ ਰਹੇ ਹਨ| ਠੇਕੇਦਾਰ ਦੇ ਬੰਦੇ ਸੀਵਰੇਜ ਅਤੇ ਜਲ ਸਪਲਾਈ ਕੁਨੈਕਸ਼ਨ ਜੋੜਨ ਬਦਲੇ ਮੂੰਹ ਮੰਗੇ ਪੈਸੇ ਲੈ ਰਹੇ ਹਨ| ਮੁਹੱਲਾ ਵਾਸੀ ਜਸਪ੍ਰੀਤ ਸਿੰਘ ਤੇ ਸੋਨੂੰ ਆਦਿ ਨੇ ਦੱਸਿਆ ਕਿ ਰੋਕਣ ਦੇ ਬਾਵਜੂਦ ਠੇਕੇਦਾਰ ਵੱਲੋਂ ਭੀੜੀਆਂ ਗਲੀਆਂ ਵਿੱਚ ਜ਼ਬਰਦਸਤੀ ਜੇਸੀਬੀ ਵਾੜ ਕੇ ਪੁਟਾਈ ਕਰ ਦਿੱਤੀ ਗਈ, ਜਿਸ ਨਾਲ ਸੀਵਰੇਜ ਦੀਆਂ ਪਾਈਪਾਂ ਟੁੱਟ ਗਈਆਂ| ਹੁਣ ਇਕ ਸੀਵਰੇਜ ਕੁਨੈਕਸ਼ਨ ਜੋੜਨ ’ਤੇ ਕਰੀਬ ਦੋ ਤੋਂ ਤਿੰਨ ਹਜ਼ਾਰ ਰੁਪਏ ਦਾ ਖਰਚਾ ਆ ਰਿਹਾ ਹੈ ਤੇ ਜੇਸੀਬੀ ਨਾਲ ਕਰੀਬ ਤਿੰਨ ਸੌ ਘਰਾਂ ਦੇ ਕੁਨੈਕਸ਼ਨ ਟੁੱਟੇ ਹਨ|

ਰਘੂਨਾਥ ਨੇ ਦੱਸਿਆ ਕਿ ਗਲੀ ਨੰਬਰ ਡੇਢ ਨਾਮਦੇਵ ਨਗਰ ਦੇ ਸੀਵਰੇਜ ਚੈਂਬਰ ਦੀਆਂ ਕੰਧਾਂ ਹੀ ਜੇਸੀਬੀ ਨਾਲ ਤੋੜ ਦਿੱਤੀਆਂ ਗਈਆਂ ਹਨ ਜਿਸ ਕਰ ਕੇ ਹੁਣ ਇਸ ਚੈਂਬਰ ਵਿੱਚੋਂ ਸੀਰਵੇਜ ਦਾ ਗੰਦਾ ਪਾਣੀ ਰਿਸਦਾ ਰਹਿੰਦਾ ਹੈ| ਸੀਵਰੇਜ ਦੀਆਂ ਕਈ ਪਾਈਪਾਂ ਨੂੰ ਬੋਰੀਆਂ ਨਾਲ ਬੰਦ ਕਰ ਦਿੱਤਾ ਗਿਆ ਹੈ ਜੋ ਕਿ ਬਾਅਦ ਵਿੱਚ ਵੱਡੀ ਸਮੱਸਿਆ ਬਣਨੀ ਹੈ|

ਮੁਹੱਲਾ ਵਾਸੀਆਂ ਨੇ ਦੱਸਿਆ ਕਿ ਪੁਟਾਈ ਤੋਂ ਬਾਅਦ ਗਲੀਆਂ ਦੀ ਮੁਰੰਮਤ ਵੀ ਨਹੀਂ ਕੀਤੀ ਗਈ ਜਿਸ ਕਰ ਕੇ ਲੋਕਾਂ ਦਾ ਘਰਾਂ ਵਿੱਚੋਂ ਨਿਕਲਣਾ ਬੰਦ ਹੋ ਗਿਆ ਹੈ| ਬੱਚਿਆਂ ਨੂੰ ਸਕੂਲ ਜਾਣ ਵਾਸਤੇ ਤੁਰ ਕੇ ਸੜਕ ਤੱਕ ਜਾਣਾ ਪੈਂਦਾ ਹੈ ਪਰ ਠੇਕੇਦਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ| ਲੋਕਾਂ ਦੀ ਮੰਗ ਹੈ ਕਿ ਜੇਸੀਬੀ ਨਾਲ ਪੁਟਾਈ ਕਰਨ ਕਰ ਕੇ ਟੁੱਟੀਆਂ ਸੀਵਰੇਜ ਦੀਆਂ ਪਾਈਪਾਂ ਤੇ ਸੀਵਰੇਜ ਦੇ ਚੈਂਬਰਾਂ ਨੂੰ ਜਨ ਸਿਹਤ ਵਿਭਾਗ ਵੱਲੋਂ ਠੀਕ ਕਰਵਾਇਆ ਜਾਵੇ| 

ਕੀ ਕਹਿੰਦੇ ਨੇ ਅਧਿਕਾਰੀ

ਇਸ ਸਬੰਧ ਵਿੱਚ ਜ਼ਿਲ੍ਹਾ ਮੁਕਤਸਰ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਸਬੰਧੀ ਬਣਦੀ ਕਾਰਵਾਈ ਕਰਨਗੇ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All