
ਮਾਨਸਾ ਵਿਖੇ ਮੇਲੇ ਦੌਰਾਨ ਨਾਟਕ ਦਾ ਆਨੰਦ ਮਾਣਦੇ ਹੋਏ ਦਰਸ਼ਕ। -ਫੋਟੋ: ਮਾਨ
ਜੋਗਿੰਦਰ ਸਿੰਘ ਮਾਨ
ਮਾਨਸਾ, 27 ਮਾਰਚ
ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਇੱਥੇ ਕਰਵਾਏ ਜਾ ਰਹੇ ਕਲਾ-ਕਿਤਾਬ ਮੇਲੇ ਦੇ ਦੂਜੇ ਦਿਨ ਦੇ ਵੱਖ-ਵੱਖ ਸੈਸ਼ਨਾਂ ਵਿਚ ਭਰਵੀਂ ਵਿਚਾਰ ਚਰਚਾ ਹੋਈ। ਮੇਲੇ ਦੇ ਦੂਜੇ ਦਿਨ ਦਾ ਆਗਾਜ਼ ‘ਪੰਜਾਬ ਵਿਚ ਨਾਇਕਤਵ ਦੀ ਤਲਾਸ਼’ ਵਿਸ਼ੇ ’ਤੇ ਕਰਵਾਏ ਚਿੰਤਨੀ ਸੈਸ਼ਨ ਨਾਲ ਹੋਇਆ। ਪੰਜਾਬੀ ਦੇ ਵਿਦਵਾਨਾਂ ਇਤਿਹਾਸ-ਚਿੰਤਕ ਸੁਵਰਨ ਸਿੰਘ ਵਿਰਕ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਚਿੰਤਕ ਡਾ. ਸੁਰਜੀਤ ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਕੰਵਲਜੀਤ ਕੌਰ ਢਿੱਲੋਂ, ਪੀਪਲਜ਼ ਫੋਰਮ ਬਰਗਾੜੀ ਦੇ ਸੰਚਾਲਕ ਖੁਸ਼ਵੰਤ ਬਰਗਾੜੀ ਨੇ ਪੰਜਾਬ ਦੇ ਨਾਇਕ ਦੀ ਪਰਿਭਾਸ਼ਾ ਅਤੇ ਸਰੂਪ ਬਾਰੇ ਭਖਵੀਂ ਚਰਚਾ ਕੀਤੀ।
ਦੂਜੇ ਸੈਸ਼ਨ ਵਿਚ ‘ਦਿੱਲ ਦੀ ਗੱਲਾਂ’ ਸਿਰਲੇਖ ਤਹਿਤ ਪੰਜ ਧੀਆਂ ਦਰਸ਼ਕਾਂ ਦੇ ਰੂ-ਬ-ਰੂ ਹੋਈਆਂ। ਸ਼ਾਇਰ ਸਿਮਰਨ ਅਕਸ, ਅਦਾਕਾਰ ਵੀਰ ਅਭਿਨਵ, ਲੋਕ ਸੰਘਰਸ਼ਾਂ ਦੀ ਕਾਰਕੁਨ ਅਮਨਦੀਪ ਕੌਰ ਖੀਵਾ, ਵਿਕੀਪੀਡੀਆ ਲੇਖਕ ਦੇ ਤੌਰ ’ਤੇ ਪ੍ਰਸਿੱਧ ਨਿਤੇਸ਼ ਗਿੱਲ ਅਤੇ ਵਿਦਿਆਰਥੀ ਆਗੂ ਸ੍ਰਿਸ਼ਟੀ ਨੇ ਭਾਗ ਲਿਆ। ਤੀਜਾ ਸੈਸ਼ਨ ਮਿਨੀ ਕਹਾਣੀ ਦਾ ਸੀ, ਇਸ ਦੀ ਪ੍ਰਧਾਨਗੀ ਕਹਾਣੀਕਾਰ ਡਾ. ਸਿਆਮ ਸੁੰਦਰ ਦੀਪਤੀ ਅਤੇ ਬਜ਼ੁਰਗ ਕਹਾਣੀਕਾਰ ਜਸਵੀਰ ਢੰਡ ਨੇ ਕੀਤੀ। ਇਸ ਦੇ ਟਿੱਪਣੀਕਾਰ ਪ੍ਰੋ. ਕੁਲਦੀਪ ਸਿੰਘ ਸਨ ਅਤੇ ਸੰਚਾਲਨ ਜਗਦੀਸ਼ ਰਾਏ ਕੁਲਰੀਆਂ ਨੇ ਕੀਤਾ।
ਰਾਤ ਦੇ ਭਰਵੇਂ ਸੈਸ਼ਨ ਵਿਚ ਅਸ਼ੋਕ ਬਾਂਸਲ ਨੂੰ ਮਾਨਸਾ ਦਾ ਮਾਣ ਅਤੇ ਸੁੱਖੀ ਪਾਤੜਾਂ ਨੂੰ ਕਲਾ ਸਾਰਥੀ ਐਵਾਰਡ ਦੇ ਕੇ ਸਨਮਾਨਿਆ ਗਿਆ। ਮਾਨਸਾ ਵਿਚ ਆਟੋ ਰਿਕਸ਼ਾ ਚਲਾਉਣ ਵਾਲੀ ਪਹਿਲੀ ਲੜਕੀ ਮਨਪ੍ਰੀਤ ਨੇ ਮੇਲੇ ਦੀ ਸਮ੍ਹਾਂ ਰੋਸ਼ਨ ਕੀਤੀ। ਆਗਾਜ਼ ਮਨਜੀਤ ਕੌਰ ਔਲਖ ਅਤੇ ਡਾ. ਸਾਹਿਬ ਸਿੰਘ ਨੇ ਕੀਤਾ। ਮੇਲੇ ਦਾ ਸਿਖਰ ਡਾ. ਕੁਲਦੀਪ ਸਿੰਘ ਦੀਪ ਦਾ ਲਿਖਿਆ ਅਤੇ ਕੀਰਤੀ ਕਿਰਪਾਲ ਦੁਆਰਾ ਨਿਰਦੇਸ਼ਤ ਪੰਜਾਬੀ ਬੋਲੀ ਨੂੰ ਸਮਰਪਿਤ ਨਾਟਕ ‘ਅਜੇ ਵੀ ਵਕਤ ਹੈ’ ਖੇਡਿਆ ਗਿਆ।
ਇਸ ਮੌਕੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਡਾ. ਬਰਿੰਦਰ ਕੌਰ, ਅਦਾਕਾਰਾ ਮਨਜੀਤ ਕੌਰ ਔਲਖ, ਡਾ. ਗੁਰਮੇਲ ਕੌਰ ਜੋਸ਼ੀ, ਗੁਰਨੈਬ ਮੰਘਾਣੀਆਂ, ਦਰਸ਼ਨ ਜੋਗਾ, ਸੁਭਾਸ਼ ਬਿੱਟੂ ਵਿਸ਼ਵਦੀਪ ਬਰਾੜ, ਮਨਜੀਤ ਸਿੰਘ ਚਾਹਲ, ਡਾ. ਸੁਪਨਦੀਪ ਕੌਰ, ਡਾ. ਅਜਮੀਤ ਕੌਰ, ਸੰਤੋਖ ਸਾਗਰ, ਜਗਜੀਤ ਵਾਲੀਆ ਨੇ ਵੀ ਸੰਬੋਧਨ ਕੀਤਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ