ਪਵਨ ਗੋਇਲ
ਭੁੱਚੋ ਮੰਡੀ, 1 ਜੁਲਾਈ
ਭਾਰੀ ਮੀਂਹ ਕਾਰਨ ਇੱਥੋਂ ਦੇ ਵਾਰਡ ਨੰਬਰ ਛੇ ਅੱਜ ਸਵੇਰੇ 4 ਕੁ ਵਜੇ ਇੱਕ ਗਰੀਬ ਪਰਿਵਾਰ ਦੇ ਕਮਰੇ ਦੀ ਛੱਡ ਡਿੱਗ ਪਈ। ਪਰਿਵਾਰ ਦੇ ਸਾਰੇ ਮੈਂਬਰ ਕਮਰੇ ਤੋਂ ਬਾਹਰ ਪਏ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਰ ਘਰੇਲੂ ਸਾਮਾਨ ਦਾ ਕਾਫੀ ਨੁਕਸਾਨ ਹੋ ਗਿਆ। ਪੀੜਤ ਅਵਤਾਰ ਸਿੰਘ ਪੁੱਤਰ ਸੁਖਰਾਜ ਸਿੰਘ ਨੇ ਦੱਸਿਆ ਕਿ ਜਦੋਂ ਛੱਤ ਡਿੱਗਣ ਕਾਰਨ ਖੜਕਾ ਹੋਇਆ ਤਾਂ ਆਸਪਾਸ ਦੇ ਲੋਕ ਤੁੰਰਤ ਪਹੁੰਚ ਗਏ ਅਤੇ ਉਨ੍ਹਾਂ ਕਮਰੇ ਵਿੱਚ ਪਿਆ ਸਾਮਾਨ ਬਾਹਰ ਕੱਢਿਆ। ਵਾਰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਇਸੇ ਤਰ੍ਹਾਂ ਇਲਾਕੇ ਵਿੱਚ ਬੀਤੀ ਰਾਤ ਪਏ ਭਰਵੇਂ ਮੀਂਹ ਕਾਰਨ ਲੋਕਾਂ ਨੂੰ ਪੈ ਰਹੀ ਭਾਰੀ ਗਰਮੀ ਤੋਂ ਭਾਰੀ ਰਾਹਤ ਮਿਲੀ ਹੈ। ਪਿਛਲੇ ਕਾਫੀ ਦਿਨਾਂ ਤੋਂ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਸਨ। ਇਸ ਮੀਂਹ ਨੇ ਸ਼ਹਿਰ ਨੂੰ ਜਲਮਗਨ ਕਰ ਦਿੱਤਾ ਹੈ। ਸ਼ਹਿਰ ਦੀਆਂ ਨੀਵੀਂਆਂ ਥਾਵਾਂ ਨੀਲ ਕੰਠ ਮੰਦਰ ਵਾਲੀ ਮੁੱਖ ਸੜਕ, ਮਿਊਂਸਿਪਲ ਪਾਰਕ, ਮਾਰਕੀਟ ਕਮੇਟੀ ਦੇ ਦਫਤਰ ਵਾਲੀ ਸੜਕ ਅਤੇ ਅਨਾਜ ਮੰਡੀ ਸਣੇ ਹੋਰਨਾਂ ਜਨਤਕ ਥਾਵਾਂ ’ਤੇ ਵੱਡੀ ਮਾਤਰਾ ਵਿੱਚ ਪਾਣੀ ਭਰ ਗਿਆ। ਇਸ ਤੋਂ ਇਲਾਵਾ ਵੱਖ ਵੱਖ ਵਾਰਡਾਂ ਦੀਆਂ ਗਲੀਆਂ ਵਿੱਚ ਪਾਣੀ ਭਰ ਗਿਆ ਅਤੇ ਕਈ ਗਲੀਆਂ ਵਿੱਚ ਪਾਣੀ ਲੋਕਾਂ ਦੇ ਘਰਾਂ ਅੰਦਰ ਵੀ ਚਲਾ ਗਿਆ। ਇਸ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਇਸ ਮੀਂਹ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਆ ਗਈ ੲੈ। ਇਸ ਨਾਲ ਝੇਨੇ ਦੀ ਲੁਆਈ ਜ਼ੋਰ ਫੜ ਲਏਗੀ ਤੇ ਨਰਮੇ ਦੀ ਫਸਲ ਸਣੇ ਹਰੇ ਚਾਰੇ ਨੂੰ ਫਾਇਦਾ ਹੋਵੇਗਾ।