ਮੋਗਾ ਮੰਡੀ ਦੀਆਂ ਸੜਕਾਂ ਖਸਤਾ ਹਾਲ
ਸੂਬੇ ’ਚ ਲਿੰਕ ਸੜਕਾਂ ਦਾ ਜਾਲ ਵਿਛਾਉਣ ਵਾਲੇ ਪੰਜਾਬ ਮੰਡੀ ਬੋਰਡ ਦੀਆਂ ਆਪਣੀਆਂ ਅਨਾਜ ਮੰਡੀਆਂ ਦੀਆਂ ਸੜਕਾਂ ਵਿਕਾਸ ਕਾਰਜਾਂ ਦੀਆਂ ਪੋਲ ਖੋਲ੍ਹ ਰਹੀਆਂ ਹਨ। ਸਥਾਨਕ ਮਾਰਕੀਟ ਕਮੇਟੀ ਨੂੰ ਸਾਲਾਨਾ ਕਰੋੜਾਂ ਦੀ ਕਮਾਈ ਬਾਵਜੂਦ ਇਥੋਂ ਦੀ ਮੁੱਖ ਅਨਾਜ ਮੰਡੀ ਦੀਆਂ ਸੜਕਾਂ ਦੀ ਹਾਲਤ ਖਸਤਾ ਬਣੀ ਹੋਈ ਹੈ। ਅਨਾਜ ਮੰਡੀ ਝੋਨੇ ਨਾਲ ਨੱਕੋ ਨੱਕ ਭਰੀ ਹੈ ਪਰ ਮੁੱਖ ਸੜਕ ’ਚ ਪਏ ਟੋਏ ਹੁਣ ਮਿੱਟੀ ਨਾਲ ਭਰੇ ਜਾ ਰਹੇ ਹਨ। ਤਕਰੀਬਨ 20 ਏਕੜ ਤੋਂ ਵੱਧ ਰਕਬੇ ਵਿਚ ਫ਼ੈਲੀ ਇਸ ਮੰਡੀ ’ਚ ਅਨਾਜ ਮੰਡੀ ਤੋਂ ਇਲਾਵਾ, ਸਬਜ਼ੀ ਮੰਡੀ, ਲੱਕੜ ਮੰਡੀ ਤੇ ਤੂੜੀ ਮੰਡੀ ਹੈ।
ਸ਼ਹਿਰ ’ਚ ਚਾਰੇ ਦਿਸ਼ਾਵਾਂ ’ਤੇ ਸਵਾਗਤੀ ਗੇਟ ਸਥਾਪਤ ਹਨ ਪਰ ਅਨਾਜ ਮੰਡੀ ਦੇ ਮੁੱਖ ਗੇਟ ਨਾਲ ਕੂੜੇ ਦਾ ਢੇਰ ਜਿਥੇ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਤੇ ਇਹ ਮੰਡੀ ਵਿਚ ਆਉਣ ਵਾਲੇ ਕਿਸਾਨਾਂ ਤੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਇਥੇ ਮਾਰਕੀਟ ਕਮੇਟੀ ’ਚ ਭਾਵੇਂ ਕੂੜਾ ਸੁੱਟਣ ਵਾਲਿਆਂ ਨੂੰ ਚਿਤਾਵਨੀ ਅਤੇ ਕੁੜਾ ਸੁੱਟਣ ਵਾਲੇ ਸੀਸੀਟੀਵੀ ਕੈਮਰੇ ਦੀ ਨਜ਼ਰ ਵਿਚ ਹੋਣ ਦਾ ਬੋਰਡ ਵੀ ਲੱਗਾ ਹੈ ਤੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ ਜਾ ਰਿਹਾ ਹੈ ਪਰ ਇਸ ਗੰਦਗੀ ਦੇ ਢੇਰ ਵਿਚੋਂ ਨਿਕਲਦਾ ਧੂੰਆਂ ਤੇ ਗੰਦਗੀ ਖ਼ਿਲਾਰ ਰਹੇ ਲਾਵਾਰਸ ਪਸ਼ੂ ਵੇਖ ਕੇ ਕਿਸਾਨ ਸਵਾਲ ਚੁੱਕ ਰਹੇ ਹਨ। ਸ਼ਹਿਰ ਅੰਦਰ ਗੰਦਗੀ ਦੇ ਢੇਰ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ। ਸਾਲਾਨਾ ਕਰੋੜਾਂ ਰੁਪਏ ਕਮਾਉਣ ਵਾਲੀ ਸਥਾਨਕ ਮਾਰਕੀਟ ਕਮੇਟੀ ਤੋਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਇਥੇ ਜ਼ਿਲ੍ਹੇ ਦੀ ਸਭ ਤੋਂ ਵੱਡੀ ਤੇ ਮੁੱਖ ਮੰਡੀ ਹੋਣ ਕਰਕੇ ਕਿਸਾਨ ਪੇਂਡੂ ਖੇਤਰਾਂ ’ਚ ਸਥਾਪਤ ਖਰੀਦ ਕੇਂਦਰਾਂ ਦੀ ਬਜਾਏ ਇਸ ਮੰਡੀ ’ਚ ਆਪਣੀ ਜਿਣਸ ਲਿਆਉਣ ਲਈ ਤਰਜੀਹ ਦਿੰਦੇ ਹਨ। ਰੋਜ਼ਾਨਾ ਮੰਡੀ ਵਿੱਚ ਕਿਸਾਨਾਂ ਨੂੰ ਛੱਡ ਕੇ ਆਮ ਵਾਹਨ ਮਾਲਕਾਂ ਦੀ ਪਰਚੀ ਕੱਟੀ ਜਾਂਦੀ ਹੈ। ਸੈਂਕੜੇ ਸਬਜ਼ੀ ਦੀਆਂ ਦੁਕਾਨਦਾਰਾਂ ਦੀ ਪਰਚੀ 200 ਤੋਂ 250 ਰੁਪਏ ਕੱਟੀ ਜਾਂਦੀ ਹੈ, ਇਸ ਤੋਂ ਇਲਾਵਾ ਵਾਹਨ ਪਾਰਕਿੰਗ ਅਤੇ ਕੰਟੀਨ ਦਾ ਠੇਕਾ ਅਲੱਗ ਤੋਂ ਹੈ। ਦੂਜੇ ਪਾਸੇ ਸਬਜ਼ੀ ਦੁਕਾਨਦਾਰ, ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਲੰਬੇ ਸਮੇਂ ਸਰਕਾਰੀ ਮੀਟਰ ਵਿਚੋਂ ਕਥਿਤ ਮੁਫ਼ਤ ਬਿਜਲੀ ਬਾਲ ਰਹੇ ਹਨ।
ਨਗਰ ਨਿਗਮ ਤੇ ਡੀ ਸੀ ਨੂੰ ਪੱਤਰ ਲਿਖਿਆ: ਸਕੱਤਰ
ਸਥਾਨਕ ਮਾਰਕੀਟ ਕਮੇਟੀ ਸਕੱਤਰ ਜਸਪ੍ਰੀਤ ਸਿੰਘ ਨੇ ਆਖਿਆ ਕਿ ਲੋਕ ਗੰਦਗੀ ਸੁੱਟ ਰਹੇ ਹਨ ਤੇ ਉਨ੍ਹਾਂ ਨੇ ਨਗਰ ਨਿਗਮ ਤੇ ਡੀਸੀ ਸਾਹਿਬ ਨੂੰ ਵੀ ਇਸ ਸਮੱਸਿਆ ਬਾਰੇ ਪੱਤਰ ਰਾਂਹੀ ਲਿਖਿਆ ਹੈ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਸੜਕਾਂ ਦਾ ਨੁਕਸਾਨ ਹੋਇਆ ਹੈ। ਸਬਜ਼ੀ ਵੇਚਣ ਵਾਲਿਆਂ ਵੱਲੋਂ ਸਰਕਾਰੀ ਮੀਟਰ ਵਿਚੋਂ ਮੁਫ਼ਤ ਬਿਜਲੀ ਵਰਤਣ ਬਾਰੇ ਉਹ ਜਾਂਚ ਕਰਵਾਉਣਗੇ।
