ਕੁਝ ਦਿਨ ਪਹਿਲਾਂ ਬਣੀ ਸੜਕ ਧਸੀ

ਕੁਝ ਦਿਨ ਪਹਿਲਾਂ ਬਣੀ ਸੜਕ ਧਸੀ

ਬਰਨਾਲਾ-ਬਾਜਾਖਾਨਾ ਰੋਡ ’ਤੇ ਬਣੇ ਓਵਰਬ੍ਰਿਜ ਕੋਲ ਧਸੀ ਸੜਕ ’ਤੇ ਨਾਅਰੇਬਾਜ਼ੀ ਕਰਦੇ ਹੋਏ ਲੋਕ।

ਰਵਿੰਦਰ ਰਵੀ
ਬਰਨਾਲਾ, 12 ਜੁਲਾਈ

ਲੋਕ ਨਿਰਮਾਣ ਵਿਭਾਗ ਦੀ ਦੇਖ-ਰੇਖ ‘ਚ ਬਹ੍ਰਮਪੁਤਰਾ ਇਨਫ੍ਰਾਸਟੱਕਚਰ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ 53 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਬਰਨਾਲਾ-ਮੋਗਾ ਨੈਸ਼ਨਲ ਹਾਈਵੇਅ 703 ਫਲਾਈ ਓਵਰਬ੍ਰਿਜ ਦੀ ਗੁਣਵੱਤਾ ਨੂੰ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਅਣਗੌਲਿਆ ਕੀਤਾ ਹੋਇਆ ਹੈ। ਬੀਤੀ ਰਾਤ ਥੋੜ੍ਹੀ ਜਿਹੀ ਪਈ ਬਰਸਾਤ ਕਾਰਨ ਹੀ ਓਵਰਬ੍ਰਿਜ ਦੇ ਸਾਈਡਾਂ ’ਤੇ ਕੁਝ ਦਿਨ ਪਹਿਲਾਂ ਬਣਾਈ ਸੜਕ ਧੱਸ ਗਈ ਤੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।

ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਸਦਕਾ ਓਵਰਬ੍ਰਿਜ ਬਣਾ ਰਹੀ ਕੰਪਨੀ ਦੇ ਠੇਕੇਦਾਰ ਨੇ ਟੈਂਡਰ ਦੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਮਿਲੀ ਮਿਆਦ ਤੋਂ ਕਾਫੀ ਪੱਛੜ ਕੇ ਕੰਮ ਪੂਰਾ ਕੀਤਾ ਸਗੋਂ ਟੈਂਡਰ ਨਿਯਮਾਂ ਅਨੁਸਾਰ ਗੁਣਵੱਤਾ ਮੁਤਾਬਕ ਕੰਮ ਵੀ ਨਹੀਂ ਕੀਤਾ ਗਿਆ। ਓਵਰਬ੍ਰਿਜ ਦੇ ਆਲੇ-ਦੁਆਲੇ ਰਹਿਣ ਵਾਲੇ ਦੁਕਾਨਦਾਰਾਂ ਤੇ ਲੋਕਾਂ ਨੇ ਦੱਸਿਆ ਕਿ ਜਦੋਂ ਓਵਰਬ੍ਰਿਜ ਦਾ ਕੰਮ ਚੱਲ ਰਿਹਾ ਸੀ ਤਾਂ ਕਦੇ ਵੀ ਲੋਕ ਨਿਰਮਾਣ ਵਿਭਾਗ ਦਾ ਕੋਈ ਅਧਿਕਾਰੀ ਅਤੇ ਨਾ ਹੀ ਕੰਪਨੀ ਦਾ ਕੋਈ ਅਧਿਕਾਰੀ ਕੰਮ ਦੀ ਗੁਣਵਤਾ ਚੈੱਕ ਕਰਨ ਆਇਆ ਹੈ। ਇਸ ਮੌਕੇ ਲੋਕ ਨਿਰਮਾਣ ਵਿਭਾਗ ਤੇ ਕੰਪਨੀ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਲੋਕਾਂ ਨੇ ਓਵਰਬ੍ਰਿਜ ਦੇ ਕੰਮ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਲੋਕਾਂ ਨੇ ਕਿਹਾ ਕਿ ਜਿਸ ਤਰ੍ਹਾਂ ਸੜਕ ਧੱਸੀ ਹੈ ਉਸ ਨਾਲ ਕੋਈ ਵੱਡਾ ਹਾਦਸਾ ਹੋ ਸਕਦਾ ਸੀ।

ਕੰਪਨੀ ਦੇ ਨਿਰਮਾਣ ਕਾਰਜ ਦਾ ਕੰਮ ਦੇਖ ਰਹੇ ਰਸਪਿੰਦਰ ਸਿੰਘ ਨੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਸੀਵਰੇਜ ਵਿਭਾਗ ਨੇ ਸੀਵਰੇਜ ਦੀ ਮੁੱਖ ਲਾਈਨ ਪਾਉਣ ਤੋਂ ਬਾਅਦ ਨਾ ਤਾਂ ਮਿੱਟੀ ਦਬਾਉਣ ਲਈ ਕੋਈ ਕੰਮ ਕੀਤਾ ਸਗੋਂ ਕੰਪਨੀ ਵੱਲੋਂ ਸੜਕ ਬਣਾਉਣ ਲਈ ਕੀਤੇ ਕੰਮ ਨੂੰ ਪੁੱਟ ਕੇ ਪਾਣੀ ਦੀ ਮੁੱਖ ਲਾਈਨ ਪਾ ਦਿੱਤੀ ਗਈ। ਇਸ ਕਾਰਨ ਸੜਕ ਧੱਸ ਗਈ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਧੱਸੀ ਸੜਕ ਹਾਲੇ ਆਰਜ਼ੀ ਬਣਾਈ ਗਈ ਸੀ।

ਲੋਕ ਨਿਰਮਾਣ ਵਿਭਾਗ ਦੇ ਵਿੰਗ ਨੈਸ਼ਨਲ ਹਾਈਵੇ ਦੇ ਐੱਸਡੀਓ ਪ੍ਰਤੀਕ ਸਿੰਗਲਾ ਨੇ ਸੀਵਰੇਜ ਵਿਭਾਗ ’ਤੇ ਠੀਕਰਾ ਭੰਨਦਿਆਂ ਕਿਹਾ ਕਿ ਸੀਵਰੇਜ ਵਿਭਾਗ ਕਾਰਨ ਹੀ ਓਵਰਬ੍ਰਿਜ ਦਾ ਕੰਮ ਪੱਛੜ ਕੇ ਹੋਇਆ ਹੈ ਅਤੇ ਸੜਕ ਧੱਸਣ ਦਾ ਕਾਰਨ ਸੀਵਰੇਜ ਵਿਭਾਗ ਹੀ ਹੈ। ਕਿਉਂਕਿ ਕਈ ਵਾਰ ਪੱਤਰ ਜਾਰੀ ਕਰਨ ਦੇ ਬਾਵਜੂਦ ਸੀਵਰੇਜ ਵਿਭਾਗ ਅਧਿਕਾਰੀ ਵੱਲੋਂ ਕੰਮ ਨੂੰ ਨੇਪਰੇ ਚਾੜ੍ਹਨ ਦੀ ਬਜਾਏ ਲਾਰੇ ਲਾ ਕੇ ਡੰਗ ਟਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਬਰਨਾਲਾ-ਬਾਜਾਖਾਨਾ ਸੜਕ ਦਾ ਕੰਮ ਮੁਕੰਮਲ ਕੀਤਾ ਜਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All