ਲਖਵੀਰ ਸਿੰਘ ਚੀਮਾ
ਟੱਲੇਵਾਲ, 23 ਅਕਤੂਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਲਗਾਤਾਰ 23 ਦਿਨਾਂ ਤੋਂ ਕਿਸਾਨਾਂ ਦੇ ਪੱਕੇ ਮੋਰਚੇ ਰੇਲਵੇ ਸਟੇਸ਼ਨਾਂ, ਕਾਰਪੋਰੇਟਾਂ ਦੇ ਟੌਲ ਪਲਾਜ਼ਿਆਂ, ਪੈਟਰੋਲ ਪੰਪਾਂ ਅਤੇ ਸ਼ੌਪਿੰਗ ਮਾਲਜ਼ ਅੱਗੇ ਜਾਰੀ ਹਨ। ਪਿੰਡ ਭੋਤਨਾ ਦੀ ਰੇਸ਼ਮ ਚੌਹਾਨ ਅਤੇ ਰਣਜੀਤ ਚੌਹਾਨ ਦੀ ਜੋੜੀ ਕਿਸਾਨੀ ਸੰਘਰਸ਼ ਵਿੱਚ ਰੰਗਮੰਚ ਰਾਹੀਂ ਸਰਕਾਰਾਂ ਦੀਆਂ ਮਾਰੂ ਨੀਤੀਆਂ ਦੇ ਪਾਜ ਉਧੇੜ ਰਹੀ ਹੈ।
ਇਸ ਜੋੜੀ ਵੱਲੋਂ ਆਜ਼ਾਦ ਰੰਗ ਮੰਚ ਬਰਨਾਲਾ ਬਣਾ ਕੇ ਨਾਟਕ ਟੀਮ ਬਣਾਈ ਗਈ ਹੈ ਜਿਸ ਰਾਹੀਂ ਕਿਸਾਨੀ ਮੋਰਚਿਆਂ ’ਚ ਨਾਟਕਾਂ ਅਤੇ ਕੋਰੀਓਗ੍ਰਾਫ਼ੀਆਂ ਰਾਹੀਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ, ਕਾਰਪੋਰੇਟ ਪੱਖੀ ਨੀਤੀਆਂ ਨੂੰ ਪੇਸ਼ ਕਰਕੇ ਲੋਕ ਏਕਤਾ ਦਾ ਸੱਦਾ ਦਿੱਤਾ ਜਾ ਰਿਹਾ ਹੈ। ਆਜ਼ਾਦ ਰੰਗ ਮੰਚ ਵਲੋਂ 23 ਦਿਨਾਂ ਦੌਰਾਨ 55 ਦੇ ਕਰੀਬ ਕਿਸਾਨਾਂ ਮੋਰਚਿਆਂ ’ਚ ਨਿਰਸਵਾਰਥ ਆਪਣੀ ਹਾਜ਼ਰੀ ਲਵਾ ਚੁੱਕੇ ਹਨ। ਟੀਮ ਦੇ ਅਗਵਾਈ ਕਰਨ ਵਾਲੇ ਰਣਜੀਤ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੋਜ਼ਾਨਾਂ ਦੋ ਜਾਂ ਤਿੰਨ ਕਿਸਾਨੀ ਧਰਨਿਆਂ ’ਚ ਨਾਟਕ ਪੇਸ਼ ਕੀਤੇ ਜਾ ਰਹੇ ਹਨ। ਰੇਸ਼ਮ-ਰਣਜੀਤ ਵੱਲੋਂ ਲਿਖੇ ਅਤੇ ਨਿਰਦੇਸ਼ਤ ਕੀਤੇ ਨਾਟਕ ‘ਲੌਕਡਾਊਨ’ ਅਤੇ ‘ਕਰ ਲੋ ਦੁਨੀਆਂ ਮੁੱਠੀ ਮੇਂ’ ਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਦੋਵੇਂ ਨਾਟਕਾਂ ਵਿੱਚ ਸਰਕਾਰਾਂ ਦੀਆਂ ਲੋਕ ਮਾਰੂ, ਕਿਸਾਨੀ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੁਰਬਖ਼ਸ਼ ਸੌਂਕੀ ਦੇ ਗੀਤ ‘ਤੇੇਰਾ ਦੇਸ਼ ਭਗਤ ਸਿੰਘ ਵੇ ਲੁੱਟ ਲਿਆ ਗੱਦਾਰਾਂ’ ’ਤੇ ਕੋਰਿਓਗ੍ਰਾਫ਼ੀ ਪੇਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਬਰਨਾਲਾ, ਸੰਗਰੂਰ, ਮੋਗਾ, ਲੁਧਿਆਣਾ, ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਵੱਖ ਵੱਖ ਮੋਰਚਿਆਂ ’ਚ ਨਾਟਕ ਖੇਡ ਚੁੱਕੇ ਹਨ। ਉਨ੍ਹਾਂ ਦਾ ਸਾਥ ਟੀਮ ਦੇ ਸਾਥੀ ਕਲਾਕਾਰ ਨਵੀ ਸੰਧੀ, ਪਵਨ ਬਰੋਲਾ, ਮਾਣਕ ਕੁਲਦੀਪ, ਰਣਵੀਰ ਬੌਬੀ ਅਤੇ ਹਰਦੀਪ ਕੌਰ ਦੇ ਰਹੇ ਹਨ। ਚੌਹਾਨ ਜੋੜੀ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਨਾਲ ਨਾਲ ਮਜ਼ਦੂਰ, ਵਪਾਰੀ ਸਮੇਤ ਪੂਰੇ ਪੰਜਾਬ ਵਿਰੋਧੀ ਹਨ ਜਿਸ ਕਰਕੇ ਉਨ੍ਹਾਂ ਦਾ ਮਕਸਦ ਲੋਕਾਂ ਨੂੰ ਸਰਕਾਰਾਂ ਦੀ ਨਾਟਕਾਂ ਜ਼ਰੀਏ ਅਸਲੀਅਤ ਦਿਖਾ ਕੇ ਆਪਣੇ ਹੱਕਾਂ ਲਈ ਇਕਜੁੱਟ ਕਰਨਾ ਹੈ। ਇਸ ਲਈ ਉਹਨਾਂ ਵਲੋਂ ਕੋੋਈ ਪੈਸਾ ਨਹੀਂ ਲਿਆ ਜਾਂਦਾ, ਬਲਕਿ ਲੋਕ ਆਪਣੇ ਆਪ ਟੀਮ ਦਾ ਹੌਸਲਾ ਵਧਾ ਦਿੰਦੇ ਹਨ।