ਪੱਤਰ ਪ੍ਰੇਰਕ
ਤਲਵੰਡੀ ਸਾਬੋ, 24 ਸਤੰਬਰ
ਇਸ ਇਲਾਕੇ ਅੰਦਰ ਅੱਜ ਸਵੇਰ ਤੋਂ ਹੋ ਰਹੀ ਬਾਰਸ਼ ਨਾਲ ਜਿੱਥੇ ਨਰਮੇ, ਝੋਨੇ, ਹਰੇ ਚਾਰੇ, ਮੂੰਗੀ ਅਤੇ ਸਾਉਣੀ ਦੀਆਂ ਹੋਰ ਫਸਲਾਂ ਦੇ ਨੁਕਸਾਨ ਹੋਣ ਦਾ ਖਦਸ਼ਾ ਬਣ ਗਿਆ ਹੈ, ਉੱਥੇ ਇਤਿਹਾਸਕ ਸ਼ਹਿਰ ਤਲਵੰਡੀ ਸਾਬੋ ਜਲ ਥਲ ਹੋ ਕੇ ਤਖ਼ਤ ਦਮਦਮਾ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਸਮੇਤ ਸ਼ਹਿਰ ਦੀਆਂ ਹੋਰ ਸੜਕਾਂ ਤੇ ਰਸਤੇ ਮੀਂਹ ਦਾ ਪਾਣੀ ਭਰਨ ਕਰਕੇ ਬੰਦ ਹੋ ਗਏ।
ਝੁਨੀਰ (ਪੱਤਰ ਪ੍ਰੇਰਕ): ਬੀਤੇ ਦਿਨ ਤੋਂ ਭਾਰੀ ਅਤੇ ਲਗਾਤਾਰ ਪੈ ਰਹੇ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਝੁਨੀਰ ਖੇਤਰ ਦੇ ਦਰਜਨਾਂ ਪਿੰਡਾਂ ਵਿੱਚ ਨਰਮੇ ਦੀ ਬੋਗੀ ਅਤੇ ਲੱਗਿਆ ਫਲ ਡਿੱਗਣ ਕਾਰਨ ਜਿੱਥੇ ਨਰਮੇ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ ਉਥੇ ਹਰੇਕ ਪਿੰਡ ਵਿੱਚ 10-15 ਫੀਸਦੀ ਤਕ ਨੀਵੇਂ ਥਾਂ ਵਿੱਚ ਬੀਜੀ ਨਰਮੇ ਦੀ ਫ਼ਸਲ ਭਾਰੀ ਮੀਂਹ ਦਾ ਪਾਣੀ ਖੜ੍ਹਨ ਕਾਰਨ ਤਬਾਹੀ ਦੇ ਕੰਢੇ ਤੇ ਪੁੱਜ ਗਈ ਹੈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਤੁਰੰਤ ਬਰਬਾਦ ਹੋਈਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਮਹੀਨੇ ਦੇ ਅੰਦਰ-ਅੰਦਰ ਢੁਕਵਾਂ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਇਥੇ ਪਿਛਲੇ ਚਾਰ ਦਿਨਾਂ ਤੋਂ ਰੁੱਕ ਰੁੱਕ ਕੇ ਪੈ ਰਹੇ ਮੀਂਹ ਕਾਰਨ ਨਰਮਾ ਤੇ ਝੋਨੇ ਸਮੇਤ ਹੋਰ ਫ਼ਸਲਾਂ ਨੂੰ ਭਾਰੀ ਨੁਕਸਾਨ ਪੁੱਜਿਆ। ਅਗੇਤੇ ਝੋਨੇ ਦੀ ਵਾਢੀ ਤੇ ਨਰਮੇ ਦੀ ਚੁਗਾਈ ਦਾ ਕੰਮ ਰੁੱਕ ਗਿਆ ਹੈ। ਕਈ ਥਾਵਾਂ ’ਤੇ ਝੋਨੇ ਦੀ ਫ਼ਸਲ ਧਰਤੀ ’ਤੇ ਵਿੱਛ ਗਈ ਹੈ।
ਸ਼ਹਿਣਾ (ਪੱਤਰ ਪ੍ਰੇਰਕ): ਇਸ ਖੇਤਰ ਵਿੱਚ ਮੀਂਹ ਪੈਣ ਨਾਲ ਮੌਸਮ ਖੁਸ਼ਗਵਾਰ ਹੋ ਗਿਆ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਮੀਂਹ ਕਾਰਨ ਖੇਤਾਂ ਵਿੱਚ ਪਾਣੀ ਖੜ੍ਹ ਗਿਆ। ਇਸ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ।
ਜਲਾਲਾਬਾਦ (ਨਿੱਜੀ ਪੱਤਰ ਪ੍ਰੇਰਕ): ਇਸ ਖੇਤਰ ਵਿਚ ਸ਼ੁੱਕਰਵਾਰ ਦੀ ਰਾਤ ਤੇ ਅੱਜ ਤੜਕਸਾਰ ਰੁਕ ਰੁਕ ਕੇ ਮੀਂਹ ਪਿਆ। ਇਸ ਬਰਸਾਤ ਨੇ ਖੇਤਾਂ ਵਿੱਚ ਕਿਸਾਨਾਂ ਦੀ ਪੱਕਣ ਕਿਨਾਰੇ ਝੋਨੇ ਦੀ ਖੜ੍ਹੀ ਫਸਲ ਉੱਪਰ ਮੀਂਹ ਪੈਣ ਕਾਰਨ ਉਨ੍ਹਾਂ ਨੂੰ ਮਾਯੂਸ ਕਰ ਦਿੱਤਾ ਹੈ। ਦੂਸਰੇ ਪਾਸੇ ਇਸ ਬਰਸਾਤ ਨਾਲ ਮੌਸਮ ਵਿੱਚ ਠੰਢਕ ਬਣੀ ਹੈ
ਕਾਲਾਂਵਾਲੀ (ਪੱਤਰ ਪ੍ਰੇਰਕ): ਪਿਛਲੇ ਦੋ ਦਿਨਾਂ ਤੋਂ ਮੌਸਮ ਵਿੱਚ ਆਈ ਤਬਦੀਲੀ ਕਾਰਨ ਪੈ ਰਹੇ ਮੀਂਹ ਕਾਰਨ ਮੰਡੀ ਕਾਲਾਂਵਾਲੀ ’ਚ ਕਈ ਥਾਵਾਂ ’ਤੇ ਪਾਣੀ ਭਰ ਗਿਆ ਹੈ। ਇਸ ਦੇ ਨਾਲ ਹੀ ਇਸ ਬੇਮੌਸਮੇ ਮੀਂਹ ਕਾਰਨ ਨਰਮਾ, ਕਪਾਹ, ਝੋਨਾ ਅਤੇ ਗੁਆਰੇ ਦੀਆਂ ਫਸਲਾਂ ’ਤੇ ਵੀ ਇਸ ਦਾ ਕਾਫੀ ਮਾੜਾ ਅਸਰ ਪਿਆ ਹੈ। ਮੀਂਹ ਕਾਰਨ ਹੁਣ ਨਰਮਾ ਗਿੱਲਾ ਹੋਣ ਕਾਰਨ ਚੁਗਾਈ ਦਾ ਕੰਮ ਠੱਪ ਹੋ ਗਿਆ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਵਿੱਚ ਪਾਣੀ ਭਰ ਗਿਆ।
ਮਹਿਲ ਕਲਾਂ (ਪੱਤਰ ਪ੍ਰੇਰਕ): ਅੱਜ ਇਲਾਕੇ ਵਿੱਚ ਸਵੇਰ ਤੋਂ ਲਗਾਤਾਰ ਮੀਂਹ ਕਾਰਨ ਕਿਸਾਨ ਕਾਫੀ ਪ੍ਰੇਸ਼ਾਨ ਨਜਰ ਆਏ। ਮਹਿਲ ਕਲਾਂ ਦੇ ਕਿਸਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਅਗੇਤੇ ਝੋਨੇ ਦਾ ਜ਼ਿਆਦਾ ਨੁਕਸਾਨ ਹੈ। ਸਬਜੀਆਂ ਦੀ ਬਿਜਾਈ ਕਰਨ ਵਾਲੇ ਦਲਜੀਤ ਸਿੰਘ ਨੇ ਕਿਹਾ ਕਿ ਮੀਂਹ ਪੈਣ ਕਾਰਨ ਫਸਲ ਵਿੱਚ ਪਾਣੀ ਖੜ੍ਹ ਗਿਆ ਹੈ।
ਸਰਦੂਲਗੜ੍ਹ (ਪੱਤਰ ਪ੍ਰੇਰਕ): ਲਗਾਤਾਰ ਪੈ ਰਹੇ ਮੀਂਹ ਕਾਰਨ ਨਰਮਾ, ਸਬਜ਼ੀਆਂ ਅਤੇ ਝੋਨੇ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਣ ਦਾ ਖਦਸ਼ਾ ਹੈ। ਲਗਾਤਾਰ ਮੀਂਹ ਪੈਣ ਅਤੇ ਹਨੇਰੀ ਕਾਰਨ ਕਈ ਦਰਖ਼ਤ ਵੀ ਟੁੱਟ ਗਏ। ਇਸ ਕਾਰਨ ਕੁਝ ਸਮੇਂ ਲਈ ਮੁੱਖ ਮਾਰਗ ਅਤੇ ਲਿੰਕ ਸੜਕਾਂ ’ਤੇ ਵੀ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸਕੂਲ ਵਿੱਚ ਪਾਣੀ ਖੜ੍ਹਨ ਕਾਰਨ ਟਰਾਲੀਆਂ ਰਾਹੀਂ ਕੱਢੇ ਵਿਦਿਆਰਥੀ
ਬੋਹਾ (ਪੱਤਰ ਪ੍ਰੇਰਕ): ਮੂਸਲੇਧਾਰ ਮੀਂਹ ਪੈਣ ਕਾਰਨ ਅੱਜ ਬੋਹਾ ਸ਼ਹਿਰ ਜਲਥਲ ਹੋ ਗਿਆ। ਮੀਂਹ ਦਾ ਪਾਣੀ ਬਹੁਤ ਸਾਰੇ ਘਰਾਂ ਵਿਚ ਵੜ੍ਹ ਗਿਆ,ਜਿਸ ਕਾਰਨ ਘਰਾਂ ਦਾ ਕੀਮਤੀ ਸਾਮਾਨ ਵੀ ਪਾਣੀ ਵਿਚ ਤੈਰਦਾ ਵਿਖਾਈ ਦਿੱਤਾ। ਬੋਹਾ ਦਾ ਬਾਜ਼ਾਰ ਵੀ ਮੁਕਮੰਲ ਤੌਰ ਤੇ ਬੰਦ ਰਿਹਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਵਿਚ ਪਾਣੀ ਭਰਨ ਕਾਰਨ ਵਿਦਿਆਰਥਣਾਂ ਨੂੰ ਮਾਪੇ ਟਰੈਕਟਰ ਟਰਾਲੀਆਂ ਰਾਹੀਂ ਵਾਪਸ ਪਿੰਡਾਂ ਵੱਲ ਲੈ ਕੇ ਗਏ।