ਜੋਗਿੰਦਰ ਸਿੰਘ ਮਾਨ
ਮਾਨਸਾ, 8 ਜੁਲਾਈ
ਮਾਲਵਾ ਪੱਟੀ ਵਿਚ ਮੀਂਹ ਨੇ ਅੱਜ ਲਹਿਰਾਂ-ਬਹਿਰਾਂ ਲਾ ਦਿੱਤੀਆਂ। ਵੱਡੇ ਤੜਕੇ ਪੈਣ ਲੱਗੇ ਮੀਂਹ ਦੇ ਡਿੱਗੇ ਅੰਬਰੀ ਪਾਣੀ ਕਾਰਨ ਅੱਜ ਸਾਰਾ ਦਿਨ ਖੇਤਾਂ ਵਿਚ ਦੂਰ ਤੱਕ ਅੱਜ ਨੂਰ ਚਮਕਦਾ ਰਿਹਾ। ਨਿਰਮਲ ਪਾਣੀ ਨੇ ਫਸਲਾਂ ਨੂੰ ਧੋ ਨਿਖਾਰ ਦਿੱਤਾ। ਖੇਤੀਬਾੜੀ ਵਿਭਾਗ ਅਤੇ ਖੇਤੀ ਯੂਨੀਵਰਸਿਟੀ ਨੇ ਇਸ ਮੀਂਹ ਨੂੰ ਫਸਲਾਂ ਲਈ ਸਭ ਤੋਂ ‘ਸਰਵੋਤਮ ਟਾਨਿਕ’ ਕਰਾਰ ਦਿੱਤਾ ਹੈ। ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਇਸ ਵਰਖਾ ਨੇ ਹੁਣ ਤਪੀ ਪਈ ਧਰਤੀ ਨੂੰ ਠਾਰ ਦਿੱਤਾ ਹੈ। ਅਜਿਹੇ ਠੰਡੇ ਮੌਸਮ ਦਾ ਸਭ ਤੋਂ ਵੱਧ ਮੁਨਾਫ਼ਾ ਨਰਮੇ ਦੀ ਫਸਲ ਸਮੇਤ ਪਸ਼ੂਆਂ ਦੇ ਹਰੇ ਚਾਰੇ ਅਤੇ ਸਬਜ਼ੀਆਂ ਨੂੰ ਹੋਇਆ ਦੱਸਿਆ ਗਿਆ ਹੈ। ਬੇਸ਼ੱਕ ਖੇਤੀਬਾੜੀ ਵਿਭਾਗ ਨੇ ਇਸ ਮੀਂਹ ਨੂੰ ਦੱਖਣੀ ਪੰਜਾਬ ਦੇ ਗੈਰ ਸਿੰਜਾਈ ਰਕਬੇ ਵਿਚ ਸਾਉਣੀ ਦੀਆਂ ਫਸਲਾਂ ਦੇ ਬੀਜਣ ਦੇ ਲਾਇਕ ਨਹੀਂ ਦੱਸਿਆ, ਪਰ ਫਿਰ ਵੀ ਵਿਭਾਗ ਦਾ ਕਹਿਣਾ ਹੈ ਕਿ ਇਹ ਬਰਸਾਤ ਅਗਲੇ ਦਿਨਾਂ ਵਿਚ ਖੇਤਾਂ ਵਿਚ ਖੁਸ਼ੀਆਂ-ਖੇੜੇ ਲਿਆਉਣ ਦੇ ਲਾਇਕ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਦੱਸਿਆ ਕਿ ਸਹੀ ਸਮੇਂ ’ਤੇ ਵਰ੍ਹੇ ਇਸ ਮੀਂਹ ਨੇ ਕਿਸਾਨਾਂ ਦੇ ਵਾਰੇ-ਨਿਆਰੇ ਕਰ ਦਿੱਤੇ ਹਨ।
ਮਾਨਸਾ ਸ਼ਹਿਰ ਹੋਇਆ ਜਲ-ਥਲ
ਮਾਨਸਾ (ਜੋਗਿੰਦਰ ਸਿੰਘ ਮਾਨ): ਅੱਜ ਪਏ ਮੀਂਹ ਨੇ ਮਾਨਸਾ ਨੂੰ ਜਲ-ਥਲ ਕਰਕੇ ਰੱਖ ਦਿੱਤਾ। ਨਗਰ ਕੌਂਸਲ ਅਤੇ ਸੀਵਰੇਜ਼ ਬੋਰਡ ਦੇ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਦੇਰ ਸ਼ਾਮ ਤੱਕ ਸ਼ਹਿਰ ਵਿਚ ਚਾਰ-ਚੁਫੇਰੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਡਿਪਟੀ ਕਮਿਸ਼ਨਰ ਦੇ ਘਰ ਨੂੰ ਜਾਂਦੀ ਡਿਵਾਈਡਰ ਵੀ.ਆਈ.ਪੀ ਸੜਕ ਤੇ ਡੀਸੀ ਦੇ ਘਰ ਕੋਲ ਪਾਣੀ ਮੇਲਦਾ ਫਿਰਦਾ ਰਿਹਾ। ਮੀਂਹ ਨਾਲ ਮਾਨਸਾ ਦੀਆਂ ਸਾਰੀਆਂ ਨੀਵੀਂਆਂ ਬਸਤੀਆਂ ਵਿਚ ਪਾਣੀ ਭਰ ਗਿਆ,ਪਾਣੀ ਦੇ ਠੀਕ ਨਿਕਾਸੀ ਨਾ ਹੋਣ ਕਾਰਨ ਭਰੀਆਂ ਗਲੀਆਂ ਤੋਂ ਬਾਅਦ ਕਈ ਮੁਹੱਲਿਆਂ ਵਿਚ ਲੋਕਾਂ ਦੇ ਘਰਾਂ ਵਿਚ ਪਾਣੀ ਦਾਖ਼ਲ ਹੋ ਗਿਆ। ਲੋਕ ਇਸ ਸਬੰਧੀ ਪ੍ਰਸ਼ਾਸਨ ਨੂੰ ਕੋਸ ਰਹੇ ਸਨ। ਮਾਨਸਾ ਬੱਸ ਸਟੈਂਡ ਤੋਂ ਸਾਰੇ ਮੁੱਖ ਬਜ਼ਾਰ ਅਤੇ ਸ਼ਹਿਰ ਦੀਆਂ ਬਹੁਤੀਆਂ ਗਲੀਆਂ ਪਾਣੀ ਨਾਲ ਨੱਕੋ-ਨੱਕ ਭਰੀਆਂ ਪਈਆਂ ਸਨ। ਪਿਛਲੇ ਸਾਲ ਕਚਿਹਰੀ ਰੋਡ ’ਤੇ ਖੜ ਰਹੇ ਪਾਣੀ ਦਾ ਹੱਲ ਕਰਨ ਦੀ ਥਾਂ ਪ੍ਰਸ਼ਾਸਨ ਨੇ ਕਚਿਹਰੀ ਦੇ ਗੇਟ ਉਚੇ ਚੱਕ ਦਿੱਤੇ ਸਨ ਤੇ ਇਸੇ ਤਰ੍ਹਾਂ ਤਿਨਕੋਣੀ ’ਤੇ ਜਲਥਲ ਹੋਣ ਦਾ ਹੱਲ ਕੱਢਣ ਦੀ ਥਾਂ ਸਿਰਫ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ‘ਚ ਪਾਣੀ ਦਾਖਲ ਹੋਣ ਤੋਂ ਰੋਕਿਆ ਗਿਆ।
ਮੀਂਹ ਨਾਲ ਗਰਮੀ ਤੋਂ ਰਾਹਤ
ਸ਼ਹਿਣਾ (ਪ੍ਰਮੋਦ ਸਿੰਗਲਾ): ਕੱਲ੍ਹ ਰਾਤ ਤੋਂ ਕਸਬੇ ਸ਼ਹਿਣਾ ਸਮੇਤ ਇਲਾਕੇ ਦੇ ਪਿੰਡਾਂ ਵਿੱਚ ਭਰਵਾਂ ਮੀਂਹ ਪਿਆ। ਇਸ ਨਾਲ ਨੀਵੀਂਆਂ ਥਾਵਾਂ ’ਤੇ ਪਾਣੀ ਖੜ੍ਹ ਗਿਆ। ਮੀਂਹ ਪੈਣ ਨਾਲ ਜਿੱਥੇ ਕਿਸਾਨਾਂ ਦੇ ਚਿਹਰੇ ਖਿੜ ਉੱਠੇ, ਉੱਥੇ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ। ਸਾਰਾ ਦਿਨ ਕਿਣਮਿਣ ਹੁੰਦੀ ਰਹੀ। ਕਰੀਬ ਪਿਛਲੇ 20 ਦਿਨਾਂ ਤੋਂ ਔੜ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਇਸ ਮੀਂਹ ਨਾਲ ਵੱਡੀ ਰਾਹਤ ਮਿਲੀ ਹੈ। ਪਿੰਡ ਬੁਰਜ ਫਤਿਹਗੜ੍ਹ, ਗਿੱਲ ਕੋਠੇ, ਪੱਖੋਂ ਕੈਂਚੀਆਂ, ਉਗੋਕੇ, ਬੱਲੋਕੇ, ਲੀਲੋ ਕੋਠੇ ਤੇ ਈਸ਼ਰ ਸਿੰਘ ਵਾਲਾ ਵਿੱਚ ਵੀ ਮੀਂਹ ਪੈਣ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ।