ਮੀਂਹ ਤੇ ਤੇਜ਼ ਹਨੇਰੀ ਨੇ ਅੰਨਦਾਤੇ ਦੇ ਸਾਹ ਸੂਤੇ

ਕਣਕ ਦੀ ਫ਼ਸਲ ਧਰਤੀ ਉੱਤੇ ਵਿਛੀ; ਫਸਲਾਂ ਦੇ ਝਾੜ ਉੱਤੇ ਪਵੇਗਾ ਮਾੜਾ ਅਸਰ; ਅਜੇ ਮੌਸਮ ਹੋਰ ਖਰਾਬ ਰਹਿਣ ਦੀ ਭਵਿਖਵਾਣੀ

ਮੀਂਹ ਤੇ ਤੇਜ਼ ਹਨੇਰੀ ਨੇ ਅੰਨਦਾਤੇ ਦੇ ਸਾਹ ਸੂਤੇ

ਧਰਤੀ ’ਤੇ ਵਿਛੀ ਹੋਈ ਕਣਕ ਦੀ ਫ਼ਸਲ ਦਿਖਾਉਂਦਾ ਹੋਇਆ ਪਿੰਡ ਚੀਮਾ ਦਾ ਕਿਸਾਨ ਹਰਦੇਵ ਸਿੰਘ।

ਲਖਵੀਰ ਸਿੰਘ ਚੀਮਾ

ਟੱਲੇਵਾਲ, 12 ਮਾਰਚ

ਪੰਜਾਬ ਦੇ ਕਿਸਾਨਾਂ ਨੂੰ ਜਿੱਥੇ ਸਰਕਾਰੀ ਨੀਤੀਆਂ ਨੇ ਵੱਡੀ ਸੱਟ ਮਾਰੀ ਹੈ, ਉਥੇ ਹੁਣ ਰੱਬ ਵੀ ਅੰਨਦਾਤੇ ਦਾ ਵੈਰੀ ਬਣਦਾ ਜਾ ਰਿਹਾ ਹੈ। ਬੀਤੀ ਰਾਤ ਪਏ ਹਲਕੇ ਮੀਂਹ ਅਤੇ ਤੇਜ਼ ਹਨੇਰੀ ਨੇ ਅੰਨਦਾਤੇ ਦੇ ਸਾਹ ਸੂਤ ਦਿੱਤੇ ਹਨ। ਮੀਂਹ ਨਾਲ ਹਨੇਰੀ ਆਉਣ ਕਾਰਨ ਕਣਕ ਦੀ ਫ਼ਸਲ ਨੂੰ ਵੱਡਾ ਨੁਕਸਾਨ ਹੋਇਆ ਹੈ। ਕਣਕ ਦੀ ਫ਼ਸਲ ਬੁਰੀ ਤਰ੍ਹਾਂ ਨਾਲ ਧਰਤੀ ’ਤੇ ਵਿਛ ਗਈ ਹੈ। ਬਰਨਾਲਾ ਜ਼ਿਲੇ ਵਿੱਚ ਲਗਾਤਾਰ ਦੋ ਦਿਨਾਂ ਤੋਂ ਚੱਲ ਰਹੀ ਬੱਦਲਵਾਈ ਨੇ ਹੁਣੇ ਵੀ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਪਿੰਡ ਚੀਮਾ ਦੇ ਕਿਸਾਨ ਹਰਦੇਵ ਸਿੰਘ ਨੇ ਦੱਸਿਆ ਕਿ ਉਸਨੇ ਠੇਕੇ ’ਤੇ ਜ਼ਮੀਨ ਲੈ ਕੇ 10 ਏਕੜ ਵਿੱਚ ਕਣਕ ਬੀਜੀ ਹੈ। ਪਰ ਰਾਤ ਸਮੇਂ ਤੇਜ਼ ਹਵਾ ਅਤੇ ਮੀਂਹ ਕਾਰਨ ਕਣਕ ਦੀ ਫ਼ਸਲ ਹੇਠਾਂ ਡਿੱਗ ਪਈ ਹੈ। ਜਿਸ ਕਰਕੇ ਇਸਦਾ ਅਸਰ ਫ਼ਸਲ ਦੇ ਝਾੜ ’ਤੇ ਪਵੇਗਾ ਅਤੇ ਤੂੜੀ ਵੀ ਘੱਟ ਨਿੱਕਲੇਗੀ। ਕਿਸਾਨ ਮਲਕੀਤ ਸਿੰਘ ਨੇ ਕਿਹਾ ਕਿ ਸਰਕਾਰ ਦੇ ਨਾਲ ਨਾਲ ਰੱਬ ਵੀ ਕਿਸਾਨਾਂ ਨਾਲ ਧੱਕਾ ਕਰ ਰਿਹਾ ਹੈ। ਤੇਜ਼ ਹਨੇਰੀ ਨਾਲ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ। ਅਜੇ ਵੀ ਮੌਸਮ ਵਿਗੜਿਆ ਹੋਣ ਕਾਰਨ ਫ਼ਸਲ ’ਤੇ ਕੁਦਰਤ ਦੀ ਮਾਰ ਦਾ ਡਰ ਹੈ। ਭਾਕਿਯੂ ਉਗਰਾਹਾਂ ਦੇ ਆਗੂ ਸੰਦੀਪ ਸਿੰਘ ਨੇ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਫ਼ਸਲਾਂ ਦੇ ਬੀਮੇ ਦੀ ਮੰਗ ਕਰ ਰਹੇ ਹਨ। ਜਿਸ ਕਾਰਨ ਹਰ ਵਰ੍ਹੇ ਕਿਸਾਨਾਂ ਦੀਆਂ ਫ਼ਸਲਾ ’ਤੇ ਕੁਦਰਤ ਵੱਲੋਂ ਮੀਂਹ, ਹਨੇਰੀ ਅਤੇ ਗੜੇਮਾਰੀ ਦੀ ਮਾਰ ਪੈਣ ਕਾਰਨ ਵੱਡਾ ਨੁਕਸਾਨ ਹੁੰਦਾ ਹੈ ਅਤੇ ਕਿਸਾਨ ਕਰਜ਼ੇ ਹੇਠ ਆ ਜਾਂਦਾ ਹੈ। ਪਰ ਅਜੇ ਤੱਕ ਸਰਕਾਰਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਬੀਤੀ ਰਾਤ ਤੇਜ਼ ਹਨੇਰੀ ਅਤੇ ਮੀਂਹ ਨਾਲ ਹੋਣ ਵਾਲੇ ਨੁਕਸਾਨ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। 

ਮਾਨਸਾ (ਜੋਗਿੰਦਰ ਸਿੰਘ ਮਾਨ) ਮਾਲਵਾ ਪੱਟੀ ’ਚ ਦੂਰ-ਦੂਰ ਤੱਕ ਮੀਂਹ ਪੈਣ,ਤੇਜ਼ ਹਵਾਵਾਂ ਚੱਲਣ ਤੇ ਹਲਕੀ ਗੜੇਮਾਰੀ ਨਾਲ ਸੈਂਕੜੇ ਏਕੜ ਕਣਕ ਦੀ ਫਸਲ ਡਿੱਗ ਪਈ ਹੈੈ, ਜਿਸ ਕਾਰਨ ਕਣਕ ਦਾ ਝਾੜ ਘਟਣ ਦਾ ਖਦਸ਼ਾ ਹੈ। ਉਧਰ, ਮੌਸਮ ਮਹਿਕਮੇ ਨੇ ਅਗਲੇ 36 ਘੰਟੇ ਅਜਿਹਾ ਮੌਸਮ ਬਣੇ ਰਹਿਣ ਦੀ ਦਿੱਤੀ ਚਿਤਾਵਨੀ ਤੋਂ ਕਿਸਾਨ ਘਬਰਾ ਗਏ ਹਨ। ਅੱਜ ਤੜਕਸਾਰ ਮੌਸਮ ਦੀ ਤਬਦੀਲੀ ਕਾਰਨ ਮੀਂਹ ਉਸ ਵੇਲੇ ਕਿਸਾਨੀ ਲਈ ਸਿਰਦਰਦੀ ਬਣਨ ਲੱਗਿਆ, ਜਦੋਂ ਕੁਝ ਇਲਾਕਿਆਂ ’ਚ ਮੀਂਹ ਤੇ ਤੇਜ਼ ਹਵਾ ਨਾਲ ਹਲਕੀ ਗੜੇਮਾਰੀ ਸ਼ੁਰੂ ਹੋ ਗਈ। ਇਸ ਹਵਾ ਤੇ ਗੜੇਮਾਰੀ ਨਾਲ ਪੱਕ ਕੇ ਤਿਆਰ ਹੋਣ ਵਾਲੀ ਕਣਕ ਦੇ ਬੂਟੇ ਖੇਤਾਂ ’ਚ ਡਿੱਗ ਗਏ। ਜਿਹੜੀਆਂ ਕਣਕਾਂ ਨੂੰ ਤਾਜ਼ਾ ਪਾਣੀ ਲੱਗਿਆ ਸੀ, ਉਹ ਬਿਲਕੁਲ ਜ਼ਮੀਨ ’ਤੇ ਲੰਮੀਆਂ ਪੈ ਗਈਆਂ ਹਨ।

ਖੇਤੀਬਾੜੀ ਵਿਭਾਗ ਦੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਨੋਜ਼ ਕੁਮਾਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਣਕ ਦੀ ਫ਼ਸਲ ਨੂੰ ਹਫ਼ਤੇ ਤੱਕ ਪਾਣੀ ਦੇਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਬੇਸ਼ੱਕ ਫ਼ਸਲ ਦੇ ਪੱਕਣ ਦੌਰਾਨ, ਉਸ ਨੂੰ ਪਾਣੀ ਦੇਣਾ ਜ਼ਰੂਰੀ ਹੈ,ਪਰ ਇਸ ਵੇਲੇ ਪਾਣੀ ਦੇਣ ਨਾਲ ਕਣਕ ਡਿੱਗਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਅਨੁਸਾਰ ਅਗਲੇ ਹਫ਼ਤੇ ਤੱਕ ਇਸੇ ਤਰ੍ਹਾਂ ਮੌਸਮ ਰਹਿ ਸਕਦਾ ਹੈ। 

ਬਠਿੰਡਾ (ਮਨੋਜ ਸ਼ਰਮਾ) ਬਠਿੰਡਾ ਖੇਤਰ ’ਚ ਬੀਤੀ ਕੱਲ੍ਹ ਦੇਰ ਸ਼ਾਮ ਤੋਂ ਮੌਸਮ ’ਚ ਤਬਦੀਲੀ ਆਈ ਹੈ। ਅੱਜ ਸਵੇਰ ਤੋਂ ਗਹਿਰੀ ਬੱਦਲਵਾਈ ਦੇ ਨਾਲ ਖੇਤਰ ’ਚ ਕਿਣਮਿਣ ਹੁੰਦੀ ਰਹੀ ਤੇ ਮੌਸਮ ’ਚ ਆਈ ਤਬਦੀਲ ਕਾਰਨ ਠੰਢੀਆਂ ਹਵਾਵਾਂ ਚੱਲੀਆਂ। ਅੱਜ ਮੌਸਮ ਕਾਰਨ ਬਹੁਤ ਕਿਸਾਨ ਦੀਆਂ ਪਾਣੀ ਲੱਗੀਆਂ ਕਣਕਾਂ ਹਵਾ ਤੇਜ਼ ਕਾਰਨ ਡਿੱਗ ਪਈਆਂ। ਪਿੰਡ ਮਹਿਮਾ ਸਰਕਾਰੀ ਦੇ ਕਿਸਾਨ ਹਰਵਿੰਦਰ ਪਾਲ ਦਾ ਕਹਿਣਾ ਹੈ ਕਿ ਗਰਮੀ ਦੀ ਤਪਸ਼ ਵਧਣ ਕਾਰਨ ਕਣਕ ਦੀ ਫ਼ਸਲ ਪ੍ਰਭਾਵਿਤ ਹੋ ਰਹੀ ਸੀ ਪਾਣੀ ਲਾਉਣ ਕਾਰਨ ਤੇਜ਼ ਹਵਾਵਾਂ ਨੇ ਕਣਕ ਨੂੰ ਡੇਗ ਦਿੱਤਾ ਹੈ। 

ਮੀਂਹ ਤੇ ਝੱਖੜ ਕਾਰਨ ਕਣਕ ਦੀ ਫ਼ਸਲ ਧਰਤੀ ’ਤੇ ਵਿਛੀ

ਸਿਰਸਾ (ਪ੍ਰਭੂ ਦਿਆਲ) ਇਥੋਂ ਦੇ ਇਲਾਕੇ ’ਚ ਬੀਤੇ ਦੋ ਦਿਨਾਂ ਤੋਂ ਵਿਗੜੇ ਮੌਸਮ ਨਾਲ ਕਿਸਾਨਾਂ ਦੀ ਹਾੜੀ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਿਆ ਹੈ। ਦਰਮਿਆਨੇ ਮੀਂਹ ਨਾਲ ਆਏ ਤੇਜ਼ ਝੱਖੜ ਕਾਰਨ ਕਣਕ ਦੀ ਕਈ ਥਾਵਾਂ ’ਤੇ ਕਣਕ ਦੀ ਫ਼ਸਲ ਧਰਤੀ ’ਤੇ ਵਿੱਛ ਗਈ ਹੈ। ਸਰ੍ਹੋਂ ਦੀ ਫ਼ਸਲ ਨੂੰ ਵੀ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਵਿਗੜੇ ਮੌਸਮ ਕਾਰਨ ਕਈ ਪਿੰਡਾਂ ਵਿੱਚ ਹਾੜੀ ਦੀ ਫ਼ਸਲ ਨੂੰ ਨੁਕਸਾਨ  ਪੁੱਜਿਆ ਹੈ। ਕਿਸਾਨਾਂ ਨੇ ਦੱਸਿਆ ਹੈ ਕਿ ਰਾਜਸਥਾਨ ਦੇ ਨਾਲ ਲੱਗਦੇ ਹਰਿਆਣਾ ਦੇ ਕਈ ਪਿੰਡਾਂ ਵਿੱਚ ਪਏ ਦਰਮਿਆਨੇ ਮੀਂਹ ਨਾਲ ਤੇਜ਼ ਝੱਖੜ ਨਾਲ ਕਣਕ ਦੀ ਫ਼ਸਲ ਧਰਤੀ ’ਤੇ ਵਿੱਛ ਗਈ ਹੈ। ਪੱਕੀ ਸਰ੍ਹੋਂ ਦੀ ਫ਼ਸਲ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All