ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਵੇਦਾਂਤਾ ਪਾਵਰ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ ਐੱਸ ਪੀ ਐੱਲ) ਦੇ ਉਪਰਾਲਿਆਂ ਸਦਕਾ ਕਚਰੇ ਤੋਂ ਊਰਜਾ ਬਣਾਉਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਇੰਜ ਹੀ ਪਰਾਲੀ ਸਾੜਨ ਅਤੇ ਬਾਇਓਮਾਸ ਦੀ ਘਾਟ ਦੇ ਮਸਲੇ ਨੂੰ ਹੱਲ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਤਾਪਘਰ ਦੇ ਉਪਰਾਲਿਆਂ ਸਦਕਾ ਪੰਜਾਬ, ਹਰਿਆਣਾ ਸਮੇਤ ਦਿੱਲੀ, ਐੱਨ ਸੀ ਆਰ ਦੀ ਹਵਾ ਪ੍ਰਦੂਸ਼ਣ ਵਿੱਚ ਵੱਡੀ ਪੱਧਰ ਸੁਧਾਰ ਆਉਣ ਦਾ ਦਾਅਵਾ ਕੀਤਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਜ਼ਿਲ੍ਹੇ ਵਿੱਚ ਝੋਨੇ ਦੀ ਵਾਢੀ ਦੌਰਾਨ ਪਰਾਲੀ ਸਾੜਨ ਦੇ ਮਾਮਲੇ ਘਟੇ ਹਨ, ਉਨ੍ਹਾਂ ਵਿੱਚ ਸਭ ਤੋਂ ਵੱਡਾ ਉਪਰਾਲਾ ਬਣਾਂਵਾਲਾ ਤਾਪਘਰ ਦਾ ਮੰਨਿਆ ਜਾ ਰਿਹਾ ਹੈ। ਤਾਪਘਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਬਣਾਂਵਾਲਾ ਖੇਤਰ ਵਿੱਚ ਪਰਾਲੀ ਸਾੜਨ ਦੇ ਕੇਸਾਂ ਦੀ ਘਟੀ ਹੋਈ ਗਿਣਤੀ ਨੇ ਪੰਜਾਬ, ਹਰਿਆਣਾ ਸਮੇਤ ਦਿੱਲੀ, ਐੱਨ ਸੀ ਆਰ ਦੀ ਹਵਾ ਪ੍ਰਦੂਸ਼ਣ ਵਿੱਚ ਕਾਫ਼ੀ ਸੁਧਾਰ ਕੀਤਾ ਹੈ। ਤਾਪਘਰ ਵੱਲੋਂ ਝੋਨੇ ਤੋਂ ਬਾਅਦ ਹੁਣ ਕਣਕ ਦੀ ਵਾਢੀ ਵੇਲੇ ਵੀ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਲਈ ਵੱਡੇ ਯਤਨ ਕੀਤੇ ਜਾਣਗੇ।
ਵੇਦਾਂਤਾ ਲਿਮਟਿਡ ਦੇ ਸੀ ਈ ਓ (ਪਾਵਰ) ਰਾਜਿੰਦਰ ਸਿੰਘ ਅਹੂਜਾ ਨੇ ਕਿਹਾ ਕਿ ਪੰਜਾਬ ਦੀ ਹਵਾ ਗੁਣਵੱਤਾ ਸੁਧਾਰਨ ਲਈ ਪਰਾਲੀ ਦੀਆਂ ਗੱਠਾਂ ਦਾ ਪ੍ਰਭਾਵਸ਼ਾਲੀ ਪ੍ਰਬੰਧਨ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਵਿੱਚ ਇਸ ਤੋਂ ਪਹਿਲਾਂ 8 ਲੱਖ ਟਨ ਤੋਂ ਵੱਧ ਪਰਾਲੀ ਖਰੀਦ ਨੂੰ ਯਕੀਨੀ ਬਣਾਇਆ ਅਤੇ 26 ਤੋਂ ਵੱਧ ਪਿੰਡਾਂ ਵਿੱਚ ਵਾਤਾਵਰਨ ਸ਼ੁੱਧ ਰੱਖਣ ਲਈ ਵਿਸ਼ੇਸ ਕੈਂਪ ਲਗਾ ਕੇ 28180 ਏਕੜ ਜ਼ਮੀਨ ਨੂੰ ਅੱਗ ਲੱਗਣ ਤੋਂ ਪੂਰਨ ਰੂਪ ਵਿੱਚ ਬਚਾਇਆ।
ਤਾਪਘਰ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਦਿੱਲੀ ਤੋਂ 300 ਕਿਲੋਮੀਟਰ ਦੇ ਘੇਰੇ ਵਿੱਚ ਆਉਣ ਵਾਲੇ ਥਰਮਲ ਪਾਵਰ ਪਲਾਂਟਾਂ ਲਈ ਕੋਲੇ ਨਾਲ ਬਾਇਓਮਾਸ ਦੀ ਵਰਤੋਂ ਲਾਜ਼ਮੀ ਕੀਤੀ ਹੈ, ਜਿਸ ਵਿੱਚ ਤਲਵੰਡੀ ਸਾਬੋ ਪਾਵਰ ਪਲਾਂਟ ਨੇ ਸਭ ਤੋਂ ਮਹੱਤਵਪੂਰਨ ਯੋਗਦਾਨ ਪਾਕੇ ਵਾਤਾਵਰਨ ਬਚਾਉਣ ਦਾ ਨਿੱਗਰ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਨੂੰ ਸਾੜਨ ਤੋਂ ਬਿਨਾਂ ਇਸ ਨੂੰ ਵੇਚ ਕੇ ਚੰਗਾ ਮੁਨਾਫ਼ਾ ਕਮਾਉਣ ਵਾਲੇ ਪਾਸੇ ਤੁਰੇ ਹਨ, ਜਿਸ ਦੇ ਮੌਜੂਦਾ ਹਾੜੀ ਸੀਜ਼ਨ ਦੌਰਾਨ ਅਤੇ ਆਉਣ ਵਾਲੇ ਸਾਉਣੀ ਦੇ ਸੀਜ਼ਨ ਦੌਰਾਨ ਹੋਰ ਵੀ ਚੰਗੇ ਨਤੀਜੇ ਆਉਣ ਦੀ ਉਮੀਦ ਹੈ।

