ਪੱਤਰ ਪ੍ਰੇਰਕ
ਅਬੋਹਰ, 3 ਸਤੰਬਰ
ਇੱਥੋਂ ਨੇੜਲੇ ਪਿੰਡ ਅਜੀਮਗੜ੍ਹ ਵਿੱਚ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਮਾਮਲੇ ਵਿੱਚ ਐੱਸਐੱਸਪੀ ਮਨਜੀਤ ਸਿੰਘ ਢੇਸੀ ਦੇ ਨਿਰਦੇਸ਼ਾਂ ’ਤੇ ਪੁਲੀਸ ਟੀਮਾਂ ਨੇ ਕਥਿਤ ਦੋਸ਼ੀ ਪਿਤਾ, ਉਸ ਦੇ ਦੋ ਪੁੱਤਰਾਂ ਅਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਹੱਤਿਆ ਦੀ ਗੁੱਥੀ ਸਿਰਫ 12 ਘੰਟਿਆਂ ਵਿੱਚ ਹੱਲ ਕਰਦਿਆਂ ਵਾਰਦਾਤ ਲਈ ਵਰਤਿਆ ਕਾਪਾ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਇਸ ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ।
ਐੱਸਐਸਪੀ ਮਨਜੀਤ ਸਿੰਘ ਵੱਲੋਂ ਬੁਲਾਈ ਗਈ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਰਾਤ ਕਰੀਬ 8.30 ਵਜੇ ਸੁਨੀਲ ਉਰਫ ਭਈਆ ਪੁੱਤਰ ਭਜਨ ਲਾਲ ਵਾਸੀ ਅਜੀਮਗੜ੍ਹ ਦਾ ਗੁਰਦੁਆਰਾ ਸਿੰਘ ਸਭਾ ਸਾਹਿਬ ਨੇੜੇ ਕੁਝ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਡੀਐੱਸਪੀ ਅਰੁਣ ਮੁੰਡਨ ਅਤੇ ਡੀਐੱਸਪੀ ਅਵਤਾਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਟੀਮਾਂ ਬਣਾ ਕੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਥਾਣਾ ਸਿਟੀ-2, ਸੀਆਈਏ ਸਟਾਫ ਫਾਜ਼ਿਲਕਾ, ਸੀਆਈਏ ਸਟਾਫ਼ ਅਬੋਹਰ ਦੀਆਂ ਟੀਮਾਂ ਬਣਾ ਕੇ ਤਕਨੀਕੀ ਅਤੇ ਖ਼ੁਫ਼ੀਆ ਸੂਤਰਾਂ ਦੀ ਮਦਦ ਨਾਲ ਇਸ ਕਤਲ ਨੂੰ ਅੰਜਾਮ ਦੇਣ ਵਾਲੇ ਕ੍ਰਿਸ਼ਨ ਕੁਮਾਰ ਉਰਫ਼ ਨਿਹੰਗ, ਉਸ ਦੇ ਲੜਕੇ ਰਾਧੇ ਸ਼ਾਮ ਉਰਫ਼ ਦੀਨੂੰ, ਰੁਪਿੰਦਰ ਉਰਫ਼ ਮੋਟੂ ਅਤੇ ਸਮੀਰ ਟਾਂਕ ਨੂੰ ਗੰਗਾਨਗਰ ਤੋਂ ਕਾਬੂ ਕੀਤਾ ਗਿਆ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਇੱਕ ਕਾਪਾ ਵੀ ਬਰਾਮਦ ਕੀਤਾ ਹੈ।
ਬਾਕੀ ਮੁਲਜ਼ਮ ਵੀ ਜਲਦੀ ਗ੍ਰਿਫ਼ਤਾਰ ਕਰ ਲਏ ਜਾਣਗੇ: ਐੱਸਐੱਸਪੀ
ਮ੍ਰਿਤਕ ਦੇ ਪਿਤਾ ਭਜਨ ਲਾਲ ਪੁੱਤਰ ਗਣਪਤ ਰਾਮ ਵਾਸੀ ਆਹੂਜਾ ਕਲੋਨੀ ਅਬੋਹਰ ਦੇ ਬਿਆਨਾਂ ’ਤੇ ਧਾਰਾ 302, 148 ਤੇ 149 ਤਹਿਤ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਐੱਸਐੱਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੀਆਈਏ ਸਟਾਫ਼ ਅਤੇ ਪੁਲੀਸ ਪਾਰਟੀਆਂ ਵੱਲੋਂ ਛਾਪੇ ਮਾਰੇ ਜਾ ਰਹੇ ਹਨ ਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮਾਮਲੇ ਦੀ ਜਾਂਚ ਜਾਰੀ ਹੈ।