DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘੱਗਰ ਦਰਿਆ ਦਾ ਜ਼ਹਿਰੀਲਾ ਪਾਣੀ ਲੋਕਾਂ ਲਈ ਸਰਾਪ ਬਣਿਆ

ਦੂਸ਼ਿਤ ਪਾਣੀ ਕਾਰਨ ਬਿਮਾਰੀਆਂ ਦਾ ਖ਼ਦਸ਼ਾ

  • fb
  • twitter
  • whatsapp
  • whatsapp
Advertisement
ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ’ਚੋਂ ਲੰਘਦੇ ਘੱਗਰ ਦਰਿਆ ਵਿੱਚ ਜ਼ਹਿਰੀਲਾ ਪਾਣੀ ਵਗ ਰਿਹਾ ਹੈ। ਇਸ ਨਾਲ ਪੰਜਾਬ ਅਤੇ ਹਰਿਆਣਾ ਦੇ ਘੱਗਰ ਨਾਲ ਵੱਸਦੇ 40 ਦੇ ਕਰੀਬ ਪਿੰਡਾਂ ਦੀ ਧਰਤੀ ਹੇਠਲਾ ਪਾਣੀ ਦੂਸ਼ਿਤ ਅਤੇ ਜ਼ਹਿਰੀਲਾ ਹੋਣ ਦਾ ਡਰ ਬਣਿਆ ਹੈ। ਕਿਸੇ ਵੇਲੇ ਘੱਗਰ ਦੇ ਪਾਣੀ ਨੂੰ ਇਲਾਕੇ ਲਈ ਵਰਦਾਨ ਸਮਝਿਆ ਜਾਂਦਾ ਸੀ, ਜੋ ਹੁਣ ਸਰਾਪ ਬਣ ਚੁੱਕਿਆ ਹੈ।

ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਸਰਦੂਲਗੜ੍ਹ ’ਚ ਲੰਘਦੇ ਹੋਏ ਹਰਿਆਣਾ ਤੱਕ ਜਾਣ ਵਾਲੇ ਘੱਗਰ ਦਰਿਆ ਵਿੱਚ ਹਿਮਾਚਲ ਦੀ ਇੰਡਸਟਰੀ, ਪੰਜਾਬ ਦੀਆਂ ਫੈਕਟਰੀਆਂ ਤੋਂ ਨਿਕਲਣ ਵਾਲਾ ਗੰਦਾ ਪਾਣੀ ਡਿੱਗ ਰਿਹਾ ਹੈ, ਜਿਸ ਨਾਲ ਇਲਾਕੇ ਵਿੱਚ ਕੈਂਸਰ, ਪੀਲੀਆ ਅਤੇ ਹੋਰ ਚਮੜੀ ਦੀਆਂ ਬਿਮਾਰੀਆਂ ਫੈਲਣ ਦਾ ਡਰ ਬਣ ਗਿਆ ਹੈ। ਘੱਗਰ ਬਚਾਓ ਸੰਘਰਸ਼ ਕਮੇਟੀ ਨੇ ਚਿੰਤਾ ਪ੍ਰਗਟਾਈ ਹੈ ਕਿ ਜੇਕਰ ਘੱਗਰ ਵਿੱਚ ਫੈਕਟਰੀਆਂ ਆਦਿ ਦਾ ਡਿੱਗਣ ਵਾਲਾ ਜ਼ਹਿਰੀਲਾ ਪਾਣੀ ਨਾ ਰੋਕਿਆ ਗਿਆ ਤਾਂ ਉਸ ਨੇ ਸਰਦੂਲਗੜ੍ਹ ਦੇ ਇਲਾਕੇ ਦੇ ਲੋਕਾਂ ਨੂੰ ਆਪਣੀ ਜ਼ੱਦ ਵਿੱਚ ਲੈ ਲੈਣਾ ਹੈ। ਦੱਸਿਆ ਜਾ ਰਿਹਾ ਹੈ ਕਿ ਘੱਗਰ ਦੇ ਨਾਲ ਪੰਜਾਬ ਦੇ 21 ਅਤੇ ਹਰਿਆਣਾ ਦੇ 20 ਪਿੰਡ ਲੱਗਦੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਘੱਗਰ ਵਿੱਚ ਬੇਪ੍ਰਵਾਹ ਹੋਕੇ ਫੈਕਟਰੀਆਂ ਵਾਲੇ ਜ਼ਹਿਰੀਲਾ ਪਾਣੀ ਸੁੱਟ ਰਹੇ ਹਨ।

Advertisement

ਘੱਗਰ ਬਚਾਓ ਸੰਘਰਸ਼ ਕਮੇਟੀ ਦੇ ਆਗੂ ਡਾ. ਬਿੱਕਰਜੀਤ ਸਿੰਘ ਸਾਧੂਵਾਲਾ ਨੇ ਕਿਹਾ ਕਿ ਹੁਣ ਘੱਗਰ ਦਾ ਜ਼ਹਿਰੀਲਾ ਪਾਣੀ ਕੈਂਸਰ, ਪੀਲੀਆ ਅਤੇ ਚਮੜੀ ਰੋਗ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਸਭ ਕੁੱਝ ਜਾਣਦੇ ਹੋਏ ਵੀ ਚੁੱਪ ਬੈਠੇ ਹਨ।

Advertisement

ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਘੱਗਰ ਦੇ ਜ਼ਹਿਰੀਲੇ ਪਾਣੀ ਨਾਲ ਇਸ ਇਲਾਕੇ ਦੀ ਧਰਤੀ ਬਿਮਾਰ ਹੋਣ ਲੱਗੀ ਹੈ, ਇੱਥੋਂ ਤੱਕ ਕਿ ਪਸ਼ੂ, ਪੰਛੀ,ਜੀਵ-ਜੰਤੂ ਅਤੇ ਬਨਸਪਤੀ ਵੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਨੂੰ ਸ਼ਾਮਲ ਕਰ ਕੇ ਸਿਟ ਦੀ ਸਥਾਪਨਾ ਕੀਤੀ ਸੀ, ਜੋ ਘੱਗਰ ਦੇ ਪਾਣੀ ਦੀ ਰਿਪੋਰਟ ਮੁੱਖ ਮੰਤਰੀ ਨੂੰ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਉਸ ਵੇਲੇ ਘੱਗਰ ਵਿੱਚ ਜ਼ਹਿਰੀਲਾ ਪਾਣੀ ਆਉਣਾ ਕਾਫ਼ੀ ਹੱਦ ਤੱਕ ਘਟ ਗਿਆ ਸੀ, ਉਸ ਤੋਂ ਬਾਅਦ ਆਈਆਂ ਸਰਕਾਰਾਂ ਦੌਰਾਨ ਫਿਰ ਉਹੀ ਹਾਲ ਹੋ ਗਿਆ ਅਤੇ ਅੱਜ-ਕੱਲ੍ਹ ਘੱਗਰ ਦੇ ਵਗਦੇ ਜ਼ਹਿਰੀਲੇ ਪਾਣੀ ਨੇ ਜ਼ਮੀਨ ਨੂੰ ਬਿਮਾਰ ਕਰ ਦਿੱਤਾ ਅਤੇ ਲੋਕਾਂ ਨੂੰ ਬਿਮਾਰੀਆਂ ਚਿੰਬੇੜ ਧਰੀਆਂ ਹਨ। ਇੱਥੋਂ ਤੱਕ ਘੱਗਰ ਕਿਨਾਰੇ ਵੱਸਦੇ ਪਿੰਡਾਂ ਦੇ ਖੇਤਾਂ ਵਿੱਚ ਟਿਊਬਵੈਲਾਂ ਵਿੱਚ ਵੀ ਜ਼ਹਿਰੀਲਾ ਪਾਣੀ ਆਉਣ ਲੱਗਿਆ ਹੈ।

ਆਮ ਆਦਮੀ ਪਾਰਟੀ ਦੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਇਸ ਸਬੰਧੀ ਕਮੇਟੀ ਬਣੀ ਹੋਈ ਹੈ, ਜਿਸਦੇ ਉਹ ਵੀ ਮੈਂਬਰ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ ਇਸ ਸਬੰਧੀ ਸਖ਼ਤ ਫੈਸਲਾ ਲਏ ਸਨ। ਉਨ੍ਹਾਂ ਕਿਹਾ ਕਿ ਘੱਗਰ ’ਚ ਗੰਦਾ ਪਾਣੀ ਆਉਣਾ ਬੰਦ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਦੂਸ਼ਿਤ ਪਾਣੀ ਨੂੰ ਲੈਕੇ ਹੁਣ ਫਿਰ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Advertisement
×