ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 16 ਅਗਸਤ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇੱਥੇ ਮੁਲਕ ਦੇ 76ਵੇਂ ਆਜ਼ਾਦੀ ਦਿਵਸ ਮੌਕੇ ਬਹੁ ਮੰਤਵੀ ਖੇਡ ਸਟੇਡੀਅਮ ਵਿੱਚ ਤਿਰੰਗਾ ਲਹਿਰਾਇਆ।ਉਨ੍ਹਾਂ ਇਸ ਮੌਕੇ ਆਜ਼ਾਦੀ ਦੇ ਘੋਲ ’ਚ ਯੋਗਦਾਨ ਪਾਉਣ ਵਾਲੇ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਭਗਤ ਸਿੰਘ, ਲਾਲਾ ਲਾਜਪਤ ਰਾਏ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਰਾਜਗੁਰੂ, ਸੁਖਦੇਵ ਆਦਿ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਇਨ੍ਹਾਂ ਸ਼ਹੀਦਾਂ ਦੇ ਰਿਣੀ ਰਹਾਂਗੇ ਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਜੀਵਨ ਨੂੰ ਇਸ ਢੰਗ ਨਾਲ ਚਲਾਈਏ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰ ਸਕੀਏ। ਉਨ੍ਹਾਂ ਕਿਹਾ ਕਿ ਸ਼ਹੀਦ ਕੋਈ ਆਮ ਮੱਨੁਖ ਨਹੀਂ ਹੋ ਸਕਦਾ, ਸ਼ਹੀਦ ਹੋਣ ਦਾ ਮੌਕਾ ਅਕਾਲ ਪੁਰਖ ਕੇਵਲ ਸੂਰਮਿਆਂ ਨੂੰ ਹੀ ਬਖ਼ਸ਼ਦਾ ਹੈ। ਸ੍ਰੀ ਸੰਧਵਾਂ ਨੇ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਪਰੇਡ ਦਾ ਨਿਰੀਖ਼ਣ ਕੀਤਾ। ਸਮਾਗਮ ਦੌਰਾਨ ਸਕੂਲਾਂ ਦੇ ਕਰੀਬ 1500 ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪੀਟੀ ਸ਼ੋਅ ਤੋਂ ਇਲਾਵਾ ਦੇਸ਼ ਭਗਤੀ ਨਾਲ ਸਬੰਧਿਤ ਗੀਤ ਤੇ ਕੋਰੀਓਗ੍ਰਾਫ਼ੀਆਂ ਪੇਸ਼ ਕੀਤੀਆਂ ਗਈਆਂ।
ਮਾਨਸਾ (ਪੱਤਰ ਪ੍ਰੇਰਕ) ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ (ਪੰਜਾਬ) ਡਾ. ਬਲਜੀਤ ਕੌਰ ਨੇ ਆਜ਼ਾਦੀ ਦਿਹਾੜੇ ਨੂੰ ਲੈਕੇ ਮਾਨਸਾ ’ਤੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਰੋਹ ਮੌਕੇ ਕੌਮੀ ਝੰਡਾ ਚੜ੍ਹਾਇਆ ਗਿਆ। ਆਜ਼ਾਦੀ ਦਿਹਾੜੇ ਦੌਰਾਨ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ.ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਜ ਦੇ ਕਮਜ਼ੋਰ ਵਰਗਾਂ ਲਈ 25 ਹਜ਼ਾਰ ਘਰ ਬਣਾਉਣ ਦੀ ਤਜਵੀਜ਼ ਬਣਾਈ ਹੈ ਤਾਂ ਜੋ ਲੋੜਵੰਦਾਂ ਨੂੰ ਸਿਰ ਢੱਕਣ ਲਈ ਛੱਤ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਤੇ ਕਿਸਾਨਾਂ ਦੀ ਮਿਹਨਤ ਨਾਲ ਗਰਮੀਆਂ ਦੀ ਮੂੰਗੀ ਅਧੀਨ ਰਕਬਾ 54 ਹਜ਼ਾਰ 363 ਏਕੜ ਤੋਂ ਵੱਧਕੇ 1 ਲੱਖ 28 ਹਜ਼ਾਰ 495 ਏਕੜ ਹੋ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ 29 ਅਗਸਤ ਤੋਂ ਸੂਬੇ ਅੰਦਰ ਪੇਂਡੂ ਖੇਡ ਮੇਲੇ ਕਰਵਾਉਣ ਜਾ ਰਹੀ ਹੈ ਇਸ ਨਾਲ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ’ਤੇ ਖੇਡਾਂ ’ਚ ਅੱਗੇ ਆਉਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਰਾਜ ਦੇ ਲੋਕਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕੀਤੇ ਵਾਅਦੇ ਮੁਤਾਬਕ 1 ਜੁਲਾਈ 2022 ਤੋਂ ਘਰੇਲੂ ਬਿਜਲੀ ਖਪਤਕਾਰਾਂ ਨੂੰ ਪ੍ਰਤੀ ਬਿਲੰਗ ਸਾਈਕਲ 600 ਯੂਨਿਟ ਮੁਫਤ ਦੇਣੀ ਸ਼ੁਰੂ ਕਰ ਦਿੱਤੀ ਹੈ।
ਸ੍ਰੀ ਮੁਕਤਸਰ ਸਾਹਿਬ (ਨਿਜੀ ਪੱਤਰ ਪ੍ਰੇਰਕ) ਸੁਤੰਤਰਤਾ ਦਿਵਸ ਮੌਕੇ ਇਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਝੰਡਾ ਲਹਿਰਾਉਣ ਦੀ ਰਸਮ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਨਿਭਾਈ ਤੇ ਪਰੇਡ ਤੋਂ ਸਲਾਮੀ ਲਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 2 ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ ਤੇ ਇਸ ਦੇ ਨਾਲ ਹੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਸੁਤੰਤਰਤਾ ਦਿਵਸ ਦੇ ਮੌਕੇ ’ਤੇ ਸ੍ਰੀ ਮੁਕਤਸਰ ਸਾਹਿਬ ਪੁਲੀਸ ਦੇ 75 ਸਾਈਕਲਿਸਟ 75 ਕਿਲੋਮੀਟਰ ਦਾ ਫਾਸਲਾ ਤਹਿ ਕਰਕੇ ਸਮਾਗਮ ਵਾਲੇ ਸਥਾਨ ’ਤੇ ਪਹੁੰਚੇ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਵੱਲੋਂ ਲੋੜਵੰਦ ਔਰਤਾਂ ਨੂੰ ਆਪਣਾ ਖੁਦ ਦਾ ਕੰਮ ਸ਼ੁਰੂ ਕਰਨ ਲਈ 18 ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ। ਖੇਡ ਵਿਭਾਗ ਦੇ ਖਿਡਾਰੀਆਂ ਵੱਲੋਂ ਇਸ ਮੌਕੇ ਤੇ ਸ਼ਾਨਦਾਰ ਜਿਮਨਾਸਟਿਕ ਸ਼ੋਅ ਪੇਸ਼ ਕੀਤਾ ਗਿਆ।
ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ) ਆਜ਼ਾਦੀ ਦਿਹਾੜੇ ਮੌਕੇ ਫ਼ਿਰੋਜ਼ਪੁਰ ’ਚ ਬਿਜਲੀ ਤੇ ਲੋਕ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਪੰਜਾਬ ਪੁਲੀਸ, ਪੰਜਾਬ ਹੋਮ ਗਾਰਡ, ਐਨਸੀਸੀ, ਸਕਾਊਟ ਤੇ ਗਾਈਡ ਦੀਆਂ ਟੁਕੜੀਆਂ ਤੋਂ ਸਲਾਮੀ ਲਈ। ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲੇ ਵਰ੍ਹੇ ਵਿੱਚ ਭ੍ਰਿਸ਼ਟਾਚਾਰ, ਨਸ਼ਿਆਂ ਦੇ ਖ਼ਾਤਮੇ ਤੇ ਬਿਜਲੀ ਮੁਆਫ਼ੀ ਵਰਗੇ ਲਏ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਇਸਨੂੰ ਇਤਿਹਾਸਕ ਕਰਾਰ ਦਿੱਤਾ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਸ਼ਹੀਦੀ ਸਮਾਰਕ ਹੁਸੈਨੀਵਾਲਾ ’ਚ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।
ਨਿਹਾਲ ਸਿੰਘ ਵਾਲਾ/ਮੋਗਾ (ਪੱਤਰ ਪ੍ਰੇਰਕ) ਆਜ਼ਾਦੀ ਦਿਹਾੜੇ ਸਬੰਧੀ ਜ਼ਿਲਾ ਪੱਧਰੀ ਸਮਾਗਮ ਇਥੇ ਦਾਣਾ ਮੰਡੀ ’ਚ ਕੀਤਾ ਗਿਆ, ਜਿਸ ’ਚ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਵਿਭਾਗ ਤੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਰਾਸ਼ਟਰੀ ਤਿਰੰਗਾ ਚੜ੍ਹਾਉਣ ਦੀ ਰਸਮ ਨਿਭਾਈ।
ਭਦੌੜ (ਪੱਤਰ ਪ੍ਰੇਰਕ) ਨਗਰ ਕੌਂਸਲ ਭਦੌੜ ’ਚ ਝੰਡਾ ਲਹਿਰਾਉਣ ਦੀ ਰਸਮ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਨਿਭਾਈ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ। ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲ ਕੇ ਦੇਸ਼ ਸੇਵਾ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ।
ਜੌੜਾਮਾਜਰਾ ਨੇ ਬਰਨਾਲਾ ’ਚ ਚੜ੍ਹਾਇਆ ਕੌਮੀ ਝੰਡਾ
ਬਰਨਾਲਾ (ਨਿੱਜੀ ਪੱਤਰ ਪ੍ਰੇਰਕ) ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਜ਼ਿਲਾ ਪੱਧਰੀ ਸਮਾਗਮ ਇੱਥੇ ਬਾਬਾ ਕਾਲਾ ਮਹਿਰ ਸਟੇਡੀਅਮ ’ਚ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕੌਮੀ ਝੰਡਾ ਲਹਿਰਾਇਆ। ਮੁੱਖ ਮਹਿਮਾਨ ਨੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਪਰੇਡ ਦਾ ਨਿਰੀਖਣ ਕੀਤਾ ਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਵਿਧਾਇਕ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਤੇ ਜ਼ਿਲਾ ਪੁਲੀਸ ਮੁਖੀ ਸੰਦੀਪ ਕੁਮਾਰ ਮਲਿਕ ਵੀ ਹਾਜ਼ਰ ਸਨ। ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਅੱਜ ਪੰਜਾਬ ਬਿਜਲੀ, ਖੇਤੀਬਾੜੀ, ਸਿੱਖਿਆ, ਨਾਗਰਿਕ ਸੇਵਾਵਾਂ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਪੰਚਾਇਤੀ ਜ਼ਮੀਨਾਂ ’ਤੋਂ ਨਾਜਾਇਜ਼ ਕਬਜ਼ੇ ਛੁਡਾਉਣ, ਸਿਹਤ, ਨਿਵੇਸ਼ ਪੱਖੀ ਮਾਹੌਲ ਸਿਰਜਣ ਦੇ ਨਾਲ ਉਦਯੋਗ ਦੇ ਖੇਤਰ ਵਿੱਚ ਨਾਮਣਾ ਖੱਟ ਰਿਹਾ ਹੈ। ਸਰਕਾਰ ਨੇ ਇੱਕ ਵਿਧਾਇਕ ਇੱਕ ਪੈਨਸ਼ਨ ਸਕੀਮ ਲਾਗੂ ਕਰਕੇ ਸਰਕਾਰੀ ਪੈਸੇ ਨੂੰ ਬਚਾਇਆ ਹੈ।
ਸੁਤੰਤਰਤਾ ਸੰਗਰਾਮੀ ਪਰਿਵਾਰਾਂ ਵੱਲੋਂ ਆਜ਼ਾਦੀ ਦਿਵਸ ਸਮਾਗਮ ਦਾ ਬਾਈਕਾਟ
ਨਿਹਾਲ ਸਿੰਘ ਵਾਲਾ/ ਮੋਗਾ (ਪੱਤਰ ਪ੍ਰੇਰਕ) ਮੋਗਾ ’ਚ ਕਰਾਏ ਆਜ਼ਾਦੀ ਦਿਵਸ ਸਮਾਗਮ ਦਾ ਪ੍ਰਸ਼ਾਸਨ ਵੱਲੋਂ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਨੂੰ ਸਨਮਾਨ ਨਾ ਦੇਣ ਦੇ ਰੋਸ ਵਜੋਂ ਉਨ੍ਹਾਂ ਵੱਲੋਂ ਸਮਾਗਮ ਦਾ ਬਾਈਕਾਟ ਕੀਤਾ ਗਿਆ। ਸੁਤੰਤਰਤਾ ਸੰਗਰਾਮੀ ਪਰਿਵਾਰਾਂ ਲਈ ਪ੍ਰਸ਼ਾਸਨ ਵੱਲੋਂ ਨਾ ਕੋਈ ਵੱਖਰਾ ਕੈਬਿਨ ਸੀ, ਨਾ ਹੀ ਉਨ੍ਹਾਂ ਨੂੰ ਕਿਸੇ ਨੇ ਪਾਣੀ ਤੱਕ ਪੁੱਛਿਆ, ਸਗੋਂ ਮੁੱਖ ਮਹਿਮਾਨ ਵੱਲੋਂ ਸਟੇਜ ਉੱਪਰ ਸੁਸ਼ੋਭਿਤ ਕੁਝ ਸੁਤੰਤਰਤਾ ਸੰਗਰਾਮੀਆਂ ਦਾ ਹੀ ਸਨਮਾਨ ਕੀਤਾ ਗਿਆ ਬਾਕੀ ਸੱਤਰ ਦੇ ਕਰੀਬ ਅਜ਼ਾਦੀ ਘੁਲਾਟੀਆਂ ਦੇ ਵਾਰਿਸ ਅਪਮਾਨ ਮਹਿਸੂਸ ਕਰਦਿਆਂ ਬਾਈਕਾਟ ਕਰ ਕੇ ਚਲੇ ਗਏ।ਅਖਿਲ ਭਾਰਤੀ ਫਰੀਡਮ ਫਾਈਟਰ ਤੇ ਉਤਰਾਧਿਕਾਰੀ ਸੰਯੁਕਤ ਸੰਗਠਨ ਇੰਡੀਆ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਸੰਘਾ ਨੇ ਰੋਸ ਕੀਤਾ ਕਿ ਸਾਨੂੰ ਅਜ਼ਾਦੀ ਦਿਵਸ ਸਮਾਗਮ ਦੇ ਕਾਰਡ ਵੀ ਆਮ, ਬੇਨਾਮ ਭੇਜੇ ਗਏ ਤੇ ਨਾ ਕੋਈ ਨੰਬਰ ਲਗਾਇਆ ਸੀ। ਸਾਨੂੰ ਪਹਿਲਾਂ ਆਪਣੀ ਜਗ੍ਹਾ, ਕੈਬਿਨ ਲੱਭਣ ਲਈ ਖੱਜਲ ਖੁਆਰ ਹੋਣਾ ਪਿਆ। ਜੋ ਪਹਿਲਾਂ ਹੀ ਭਰਿਆ ਪਿਆ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ’ਚ ਸੁਤੰਤਰਤਾ ਸੰਗਰਾਮੀਆਂ ਕੋਲ ਖੁਦ ਚੱਲ ਕੇ ਆਏ ਸਨਮਾਨਤ ਕੀਤਾ ਤੇ ਸਮੱਸਿਆਵਾਂ ਸੁਣੀਆਂ। ਮੋਗੇ ਵਾਲਿਆਂ ਨੇ ਨਾ ਬੈਠਣ ਲਈ ਥਾਂ ਤੇ ਨਾ ਪਾਣੀ ਪੁੱਛਿਆ। ਇਹ ਸਾਡਾ ਅਪਮਾਨ ਹੈ। ਪ੍ਰਧਾਨ ਗੁਰਚਰਨ ਸਿੰਘ ਸੰਘਾ, ਡਾ. ਹਰਿੰਦਰ ਪਾਲ ਸਿੰਘ, ਅਮਰਜੀਤ ਸਿੰਘ ਪ੍ਰਧਾਨ ਫਰੀਡਮ ਫਾਇਟਰ ਐਸੋਸੀਏਸ਼ਨ ਨੇ ਸਰਕਾਰੀ ਸਮਾਗਮਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।