ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਫਰਵਰੀ
ਪਿੰਡ ਕੋਕਰੀ ਕਲਾਂ ਵਿੱਚ ਅਦਾਲਤੀ ਹੁਕਮਾਂ ਉੱਤੇ ਦੋ ਕਿਸਾਨਾਂ ਦੇ ਘਰਾਂ ਦਾ ਕਬਜ਼ਾ ਦਿਵਾਉਣ ਆਏ ਅਧਿਕਾਰੀਆਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੇ ਸੂਬਾ ਆਗੂ ਸੁਖਦੇਵ ਸਿੰਘ ਕੋਕਰੀ ਦੀ ਅਗਵਾਈ ਹੇਠ ਕਿਸਾਨਾਂ ਦੇ ਵਿਰੋਧ ਕਾਰਨ ਖਾਲੀ ਹੱਥ ਪਰਤਣਾ ਪਿਆ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਕਿਸਾਨਾਂ ਦੇ ਰੋਹ ਕਾਰਨ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਖਾਲੀ ਹੱਥ ਪਰਤਣਾ ਪਿਆ। ਜਾਣਕਾਰੀ ਅਨੁਸਾਰ ਅੱਜ ਨਾਇਬ ਤਹਿਸੀਲਦਾਰ, ਅਜੀਤਵਾਲ ਅਤੇ ਡੀਐੱਸਪੀ ਬੱਧਨੀ ਕਲਾਂ ਦੀ ਅਗਵਾਈ ਹੇਠ ਪੁਲੀਸ ਦੋ ਕਿਸਾਨਾਂ ਦੇ ਘਰਾਂ ਦਾ ਕਬਜ਼ਾ ਦਿਵਾਉਣ ਆਈ ਸੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨੋਂ ਉਜੜ ਕੇ ਪਿੰਡ ਕੋਕਰੀ ਕਲਾਂ ਆ ਕੇ ਵਸੇ ਭਗਵਾਨ ਸਿੰਘ ਅਤੇ ਗੁਰਦੇਵ ਸਿੰਘ ਦੇ ਘਰਾਂ ਦੇ ਫਰਜ਼ੀ ਦਸਤਾਵੇਜ਼ਾਂ ਜ਼ਰੀਏ ਇੱਕ ਪ੍ਰਭਾਵਸ਼ਾਲੀ ਵਿਅਕਤੀ ਵੱਲੋਂ ਅਧਿਕਾਰੀਆਂ ਨਾਲ ਕਬਜ਼ਾ ਕਰਨ ਦੇ ਸਾਲਾਂਬੱਧੀ ਵਾਰ-ਵਾਰ ਕੀਤੇ ਜਾ ਰਹੇ ਯਤਨਾਂ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਨਾਕਾਮ ਕੀਤਾ ਜਾ ਰਿਹਾ ਹੈ।
ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਾਅਵਾ ਕੀਤਾ ਕਿ ਜਿੱਥੇ ਵੀ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀਆਂ ਨਾਲ ਧੱਕੇਸ਼ਾਹੀ ਹੁੰਦੀ ਹੈ, ਉੱਥੇ ਜਥੇਬੰਦੀ ਡਟ ਕੇ ਪੀੜਤ ਲੋਕਾਂ ਨਾਲ ਖੜ੍ਹਦੀ ਹੈ।
ਸ਼ਾਮਲਾਟ ਜ਼ਮੀਨ ਦੀ ਮਿਣਤੀ ਕਰਨ ਆਏ ਅਧਿਕਾਰੀ ਬੇਰੰਗ ਪਰਤੇ
ਸਰਦੂਲਗੜ੍ਹ (ਬਲਜੀਤ ਸਿੰਘ): ਪਿੰਡ ਰਾਮਾਂਨੰਦੀ ਵਿੱਚ ਸ਼ਾਮਲਾਟ ਜ਼ਮੀਨ ਦੀ ਮਿਣਤੀ ਕਰਨ ਆਏ ਮਾਲ ਮਹਿਕਮੇ ਦੇ ਅਧਿਕਾਰੀਆਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਸਾਨਾਂ ਦੇ ਵਿਰੋਧ ਕਾਰਨ ਬੇਰੰਗ ਪਰਤਣਾ ਪਿਆ। ਉਗਰਾਹਾਂ ਦੇ ਜ਼ਿਲ੍ਹਾ ਆਗੂ ਉੱਤਮ ਸਿੰਘ ਰਾਮਾਂਨੰਦੀ ਦੀ ਅਗਵਾਈ ‘ਚ ਪਿੰਡ ਦੇ ਕਿਸਾਨਾਂ ਅਤੇ ਯੂਨੀਅਨ ਨੇ ਸ਼ਾਮਲਾਟ ਜ਼ਮੀਨ ਦੀ ਮਿਣਤੀ ਕਰਨ ਆਏ ਮਾਲ ਮਹਿਕਮੇ ਦੇ ਅਧਿਕਾਰੀਆਂ ਦਾ ਵਿਰੋਧ ਕਰਦਿਆਂ ਸੂਬਾ ਸਰਕਾਰ ਅਤੇ ਸਬੰਧਤ ਮਹਿਕਮੇ ਖਿਲਾਫ਼ ਨਾਆਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਸ਼ਾਮਲਾਟ ਅਤੇ ਦੇਹ ਸ਼ਾਮਲਾਟ ਆਦਿ ਜ਼ਮੀਨਾਂ ਦੀਆਂ ਪਿਛਲੇ 70 ਸਾਲ ਦੀਆਂ ਗਿਰਦਾਵਰੀਆਂ ਉਨ੍ਹਾਂ ਦੇ ਪਿਓ-ਦਾਦਿਆਂ ਦੇ ਨਾਂ ਹੁੰਦੀਆਂ ਸਨ ਪਰ ਹੁਣ ਸਰਕਾਰ ਨੇ ਇਨ੍ਹਾਂ ਦੀ ਮਿਣਤੀ ਕਰਕੇ ਜ਼ਮੀਨ ਨੂੰ ਹੜੱਪਣਾ ਚਾਹੁੰਦੀ ਹੈ ਤਾਂ ਕਿ ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਜਾ ਸਕਣ। ਬਲਾਰਿਆ ਦਾ ਕਹਿਣਾ ਹੈ ਕਿ ਕਿਸੇ ਵੀ ਹਾਲਤ ‘ਚ ਸ਼ਾਮਲਾਟ ਜ਼ਮੀਨਾਂ ਦੀ ਮਿਣਤੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਸੂਬਾ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਅਤੇ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸ਼ਾਮਲਾਟ ਦੀਆਂ ਜ਼ਮੀਨਾਂ ਦੀ ਕਬਜ਼ਾ ਮਾਲਕਾਂ ਦੇ ਨਾਮ ਰਜਿਸਟਰੀਆਂ ਕੀਤੀਆਂ ਜਾਣ।