ਸ਼ਗਨ ਕਟਾਰੀਆ
ਬਠਿੰਡਾ, 24 ਸਤੰਬਰ
ਪੰਜਾਬ ਅਤੇ ਗੁਆਂਢੀ ਸੂਬਿਆਂ ’ਚ ਅੱਜ ਭਾਵੇਂ ਕਈ ਥਾਈਂ ਮੀਂਹ ਪਿਆ ਪਰ ਬਠਿੰਡਾ ’ਚ ਘਨ-ਘੋਰ ਕਾਲੀਆਂ ਘਟਾਵਾਂ ਤਾਂ ਆਈਆਂ ਪਰ ਮੀਂਹ ਦੂਰ ਹੀ ਰਿਹਾ। ਉਂਜ ਅੱਜ ਮਾਲਵੇ ਦੇ ਕਈ ਹਿੱਸਿਆਂ ’ਚ ਹਲਕੀ ਤੋਂ ਦਰਮਿਆਨੀ ਵਰਖਾ ਹੋਈ। ਅਸਮਾਨੀਂ ਫ਼ੁਹਾਰਾਂ ਨਾਲ ਮੌਸਮ ਖ਼ੁਸ਼ਗਵਾਰ ਹੋ ਗਿਆ ਅਤੇ ਪਾਰਾ ਖਿਸਕ ਕੇ ਹੇਠਾਂ 31 ਡਿਗਰੀ ਸੈਲਸੀਅਸ ’ਤੇ ਆ ਗਿਆ। ਜਾਣਕਾਰੀ ਅਨੁਸਾਰ ਲਹਿੰਦੇ ਪੰਜਾਬ ਤਰਫ਼ੋਂ ਚੜ੍ਹ ਕੇ ਆਈਆਂ ਘਟਾਵਾਂ ਨੇ ਫ਼ਾਜ਼ਿਲਕਾ, ਮੁਕਤਸਰ, ਫ਼ਰੀਦਕੋਟ, ਮਾਨਸਾ, ਫ਼ਿਰੋਜ਼ਪੁਰ, ਮੋਗਾ, ਬਰਨਾਲਾ, ਲੁਧਿਆਣਾ ਆਦਿ ਖੇਤਰਾਂ ’ਚ ਟੁੱਟਵੇਂ ਰੂਪ ’ਚ ਵਰਖਾ ਕੀਤੀ। ਮਾਝੇ ਤੇ ਦੋਆਬੇ ਦੇ ਲਗਭਗ ਕਿਸੇ-ਕਿਸੇ ਖੇਤਰ ’ਚ ਅੱਜ ਮੀਂਹ ਪਹੁੰਚਿਆ ਜਦ ਕਿ ਮਾਲਵੇ ’ਚ ਖ਼ੁਸ਼ ਮਿਜ਼ਾਜੀ ਮੌਸਮ ਦੇ ਰੰਗ ਭਰਨ ਮਗਰੋਂ ਬੱਦਲ ਅੱਗੇ ਪੁਆਧ ਦੇ ਖੇਤਰ ਅਤੇ ਦੱਖਣੀ-ਕੇਂਦਰੀ ਹਰਿਆਣਾ ਵੱਲ ਰਵਾਨਗੀ ਪਾ ਗਏ। ਮੌਸਮ ਮਾਹਿਰਾਂ ਦਾ ਅਨੁਮਾਨ ਹੈ ਕਿ ਭਲਕੇ 25 ਸਤੰਬਰ ਨੂੰ ਪੰਜਾਬ ਵਿਚ ਮੁੜ ਕਾਲ਼ੇ ਬੱਦਲਾਂ ਛਾਏ ਰਹਿਣਗੇ ਪਰ ਇਹ ਕਿਸ ਖੇਤਰ ਵਿਚ ਵਰ੍ਹਨਗੇ, ਇਹ ਉਨ੍ਹਾਂ ਖੇਤਰਾਂ ਦੇ ਤਾਪਮਾਨ ’ਤੇ ਜ਼ਿਆਦਾ ਨਿਰਭਰ ਕਰੇਗਾ। ਕਿਆਸਰਾਈਆਂ ਇਹ ਵੀ ਹਨ ਕਿ ਗੁਆਂਢੀ ਜ਼ਿਲ੍ਹੇ ਰਾਜਸਥਾਨ ਦੇ ਸ੍ਰੀ ਗੰਗਾਨਗਰ, ਹਨੂੰਮਾਨਗੜ੍ਹ, ਚੁਰੂ ਆਦਿ ਖੇਤਰ ’ਚ ਵੀ ਮੀਂਹ ਪੈ ਸਕਦਾ ਹੈ।
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਲਵਾ ਖੇਤਰ ਵਿੱਚ ਪਏ ਮੀਂਹ ਨੇ ਕਿਸਾਨਾਂ ਨੇ ਸਾਹ ਸੂਤ ਕੇ ਰੱਖ ਦਿੱਤੇ ਹਨ। ਕਿਸਾਨਾਂ ਨੂੰ ਮੀਂਹ ਕਾਰਨ ਝੋਨੇ ਤੇ ਨਰਮੇ ਦੀ ਫ਼ਸਲ ਨੁਕਸਾਨੇ ਜਾਣ ਦਾ ਖ਼ਦਸ਼ਾ ਹੈ। ਇਸ ਖੇਤਰ ਦੇ ਕਿਸਾਨ ਅੱਸੂ ਦੇ ਮਹੀਨੇ ਵਿੱਚ ਪੈਂਦੇ ਮੀਂਹ ਨੂੰ ਮਾੜਾ ਮੰਨਦੇ ਹਨ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਅੱਸੂ ਵਿੱਚ ਝੜੀ ਲੱਗ ਜਾਵੇ ਤਾਂ ਉਹ ਛੇਤੀ ਕੀਤਿਆਂ ਹੱਟਦੀ ਨਹੀਂ ਹੈ। ਭਾਵੇਂ ਮੌਸਮ ਮਹਿਕਮੇ ਨੇ ਪੰਜਾਬ ਵਿੱਚ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਹੈ, ਪਰ ਇਸ ਦੇ ਬਾਵਜੂਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਵੱਲੋਂ ਅਗਲੇ 24 ਤੋਂ 36 ਘੰਟਿਆਂ ਦੌਰਾਨ ਹਲਕੇ ਅਤੇ ਦਰਮਿਆਨ ਮੀਂਹ ਪੈਣ ਦੀ ਪਸ਼ੀਨਗੋਈ ਕੀਤੀ ਹੈ, ਜਿਸ ਤੋਂ ਕਿਸਾਨਾਂ ਦਾ ਫ਼ਿਕਰ ਵੱਧ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਇਸ ਮਾੜੇ ਮੌਸਮ ਨੇ ਇਕੱਲੇ ਨਰਮੇ ਦੇ ਉਤਪਾਦਕਾਂ ਨੂੰ ਹੀ ਨਹੀਂ ਡਰਾਇਆ, ਸਗੋਂ ਇਸ ਨੇ ਝੋਨਾ ਉਤਪਾਦਕਾਂ ਲਈ ਵੀ ਫ਼ਿਕਰਾਂ ਵਿੱਚ ਪਾ ਧਰਿਆ ਹੈ। ਉਨ੍ਹਾਂ ਕਿਹਾ ਕਿ ਮੀਂਹ ਨਾਲ ਝੋਨੇ ਦਾ ਬੂਰ ਝੜ ਜਾਂਦਾ ਹੈ, ਜਿਸ ਨਾਲ ਝਾੜ ’ਤੇ ਮਾੜਾ ਅਸਰ ਪੈਣਾ ਖਦਸ਼ਾ ਖੜ੍ਹਾ ਹੋ ਜਾਂਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਦੱਸਿਆ ਕਿ ਮੀਂਹ ਨਾਲ ਫ਼ਸਲਾਂ ਦਾ ਝਾੜ ਘਟਣ ਦੀ ਸੰਭਾਵਨਾ ਹੈ।
ਭਰਵੇਂ ਮੀਂਹ ਨਾਲ ਏਲਨਾਬਾਦ ਦੇ ਬਾਜ਼ਾਰ ਜਲ-ਥਲ
ਏਲਨਾਬਾਦ (ਜਗਤਾਰ ਸਮਾਲਸਰ): ਅੱਜ ਬਾਅਦ ਦੁਪਹਿਰ ਏਲਨਾਬਾਦ ਖੇਤਰ ਵਿੱਚ ਝੱਖੜ ਨਾਲ ਆਏ ਭਾਰੀ ਮੀਂਹ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਜਿਸ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਨਾਲ ਸ਼ਹਿਰ ਦੇ ਟਿੱਬੀ ਬੱਸ ਸਟੈਂਡ, ਪੁਰਾਣਾ ਬੀਡੀਪੀਓ ਦਫ਼ਤਰ, ਮੁਮੇਰਾ ਰੋਡ ਅਤੇ ਸਿਰਸਾ ਰੋਡ ਬੱਸ ਸਟੈਂਡ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਣੀ ਭਰ ਗਿਆ। ਸ਼ਹਿਰ ਦੇ ਹਨੂੰਮਾਨਗੜ੍ਹ ਰੋਡ ’ਤੇ ਸਥਿਤ ਅੰਡਰਬ੍ਰਜਿ ਵੀ ਪਾਣੀ ਨਾਲ ਭਰ ਗਿਆ, ਜਿਸ ਕਾਰਨ ਵਾਹਨਾਂ ਨੂੰ ਉੱਥੋਂ ਨਿਕਲਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਨੀਵੀਆਂ ਦੁਕਾਨਾਂ ਵਿੱਚ ਵੀ ਪਾਣੀ ਭਰ ਗਿਆ। ਜਿਸ ਕਾਰਨ ਕਈ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨੀਆਂ ਪਈਆਂ। ਇਸ ਤੋਂ ਇਲਾਵਾ ਕਈ ਪਿੰਡਾਂ ਵਿੱਚ ਬਜਿਲੀ ਦੀਆਂ ਤਾਰਾਂ ਟੁੱਟ ਗਈਆਂ ਜਿਸ ਨਾਲ ਬਜਿਲੀ ਸਪਲਾਈ ਲੰਬੇ ਸਮੇਂ ਤੱਕ ਬੰਦ ਰਹੀ। ਪਿੰਡ ਮਿਠੁਨਪੁਰਾ ਵਿੱਚ ਕਈ ਕੱਚੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ ਅਤੇ ਕਈ ਥਾਵਾਂ ’ਤੇ ਦਰੱਖਤ ਵੀ ਡਿੱਗ ਪਏ ਪਰ ਜਾਨੀ ਨੁਕਸਾਨ ਦਾ ਬਚਾਅ ਰਿਹਾ। ਕਿਸਾਨਾਂ ਮਹਾਵੀਰ, ਰਤਨ ਸਿੰਘ, ਅਮੀ ਲਾਲ, ਪੰਕਜ ਸਿਹਾਗ, ਸੁਰੇਸ਼ ਕੁਮਾਰ, ਅਮਰ ਸਿੰਘ ਆਦਿ ਨੇ ਦੱਸਿਆ ਕਿ ਇਸ ਬੇਮੌਸਮੀ ਬਰਸਾਤ ਕਾਰਨ ਝੋਨੇ ਅਤੇ ਨਰਮੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਝੋਨੇ ਦੀ ਫ਼ਸਲ ਵਿਛ ਗਈ ਹੈ ਅਤੇ ਨਰਮੇ ਦੀ ਫ਼ਸਲ ਵੀ ਕਈ ਥਾਵਾਂ ’ਤੇ ਡਿੱਗ ਪਈ ਹੈ। ਕਿਸਾਨਾਂ ਨੇ ਇਸ ਮੀਂਹ ਨਾਲ ਫ਼ਸਲਾਂ ਅਤੇ ਘਰਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।