ਪੱਤਰ ਪ੍ਰੇਰਕ
ਬਠਿੰਡਾ, 8 ਫ਼ਰਵਰੀ
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਰਾਮਪੁਰਾ ਫੂਲ ਤੋਂ ਇੱਕ ਬੱਚਾ ਘਰੋਂ ਚਲਾ ਗਿਆ ਸੀ ਅਤੇ ਉਸ ਦੇ ਮਾਪਿਆਂ ਵੱਲੋਂ ਉਸ ਦੀ ਭਾਲ ਕੀਤੀ ਗਈ ਪਰ ਕੋਈ ਵੀ ਜਾਣਕਾਰੀ ਨਾ ਮਿਲੀ। ਉਪਰੰਤ ਉਨ੍ਹਾਂ ਵਲੋਂ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਦੇ ਨਾਲ ਸੰਪਰਕ ਕੀਤਾ ਗਿਆ ਸੀ। ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਵੀ ਬੱਚੇ ਦੀ ਭਾਲ ਕੀਤੀ ਗਈ ਅਤੇ ਪਤਾ ਲੱਗਿਆ ਕਿ ਬੱਚਾ ਪਟਨਾ ਬਿਹਾਰ ਦੇ ਬਾਲ ਘਰ ਵਿੱਚ ਰਹਿ ਰਿਹਾ ਹੈ। ਇਸ ਦੇ ਸਬੰਧ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਤੇ ਜ਼ਿਲ੍ਹਾ ਬਾਲ ਭਲਾਈ ਕਮੇਟੀ ਪਟਨਾ ਬਿਹਾਰ ਦੇ ਨਾਲ ਤਾਲਮੇਲ ਕੀਤਾ ਗਿਆ। ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਬਾਲ ਘਰ ਪਟਨਾ, ਬਿਹਾਰ ਦੇ ਅਧਿਕਾਰੀ ਬੱਚੇ ਨੂੰ ਲੈ ਕੇ ਬਠਿੰਡਾ ਪੁੱਜੇ ਅਤੇ ਜ਼ਿਲ੍ਹਾ ਬਾਲ ਭਲਾਈ ਕਮੇਟੀ ਵੱਲੋਂ ਬੱਚੇ ਦੇ ਮਾਪਿਆਂ ਦੇ ਦਸ਼ਤਾਵੇਜ਼ ਦੀ ਪੜਤਾਲ ਕਰਨ ਤੋਂ ਬਾਅਦ ਬੱਚੇ ਨੂੰ ਉਸ ਦੇ ਮਾਪਿਆ ਦੇ ਹਵਾਲੇ ਕੀਤਾ ਗਿਆ।