ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 25 ਜਨਵਰੀ
ਦਿੱਲੀ ਟਰੈਕਟਰ ਪਰੇਡ ਵਿੱਚ ਸ਼ਾਮਿਲ ਹੋਣ ਲਈ ਜ਼ੀਰਾ ਬਲਾਕ ਦੇ ਪਿੰਡ ਮਲਸੀਆਂ ਕਲਾਂ ਤੋਂ ਕਿਸਾਨਾਂ ਦਾ 9ਵਾਂ ਕਾਫ਼ਲਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਨਛੱਤਰ ਸਿੰਘ ਅਤੇ ਕਿਸਾਨ ਆਗੂ ਹਰਦੇਵ ਸਿੰਘ ਦੀ ਅਗਵਾਈ ਹੇਠ ਟਰੈਕਟਰ ਟਰਾਲੀਆਂ ਵਿਚ ਸਵਾਰ ਹੋ ਕੇ ਰਵਾਨਾ ਹੋਇਆ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਲਾਗੂ ਕੀਤੇ ਕਾਲੇ ਕਾਨੂੰਨ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹਨ। ਇਸ ਨਾਲ ਖੇਤੀਬਾੜੀ ਧੰਦੇ ਨਾਲ ਸਬੰਧਿਤ ਲੋਕਾਂ ਤੋਂ ਇਲਾਵਾ ਆੜ੍ਹਤੀ, ਮੁਨੀਮ, ਮੰਡੀ ਵਿੱਚ ਕੰਮ ਕਰਨ ਵਾਲੇ ਕਾਮੇ ਆਦਿ ਬਰਬਾਦ ਹੋ ਜਾਣਗੇ। ਇਸ ਮੌਕੇ ਕਾਫ਼ਲੇ ਵਿੱਚ ਕੁਲਵਿੰਦਰ ਸਿੰਘ, ਰਵਿੰਦਰ ਸਿੰਘ, ਹਰਮਨਦੀਪ ਸਿੰਘ ਸੋਨੂੰ, ਗੁਰਜਿੰਦਰ ਸਿੰਘ, ਸਵਰਨ ਸਿੰਘ, ਮਨਜੀਤ ਸਿੰਘ ਮੰਨਾ, ਗੁਰਚੇਤ ਸਿੰਘ, ਅੰਮ੍ਰਿਤਪਾਲ ਸਿੰਘ, ਜਸਵੀਰ ਸਿੰਘ, ਹਰਜਿੰਦਰ ਸਿੰਘ, ਦਲਜੀਤ ਸਿੰਘ ਆਦਿ ਸ਼ਾਮਲ ਸਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਕਿਸਾਨ ਜਥੇਬੰਦੀਆਂ ਦੇ ਰੇਲਵੇ ਪਾਰਕ ਵਿਚ ਲੱਗੇ ਪੱਕੇ ਮੋਰਚੇ ਦੇ 117ਵੇਂ ਦਿਨ ਅੱਜ ਧਰਨਾਕਾਰੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ 26 ਜਨਵਰੀ ਨੂੰ ਕਿਸਾਨਾਂ ਵੱਲੋਂ ਗਣਤੰਤਰ ਦਿਵਸ ਰੇਲਵੇ ਪਾਰਕ ਵਿੱਚ ਮਨਾਇਆ ਜਾਵੇਗਾ। ਜਥੇਬੰਦੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਜੇ ਵੀ 26 ਜਨਵਰੀ ਦੇ ਇਤਿਹਾਸਕ ਦਿਨ ਉੱਪਰ ਤਿੰਨ ਖੇਤੀ ਕਾਨੂੰਨ ਵਾਪਸ ਕਰ ਕੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਨ ਦਾ ਸੁਨਹਿਰੀ ਲਾਭ ਲੈ ਸਕਦੇ ਹਨ। ਇਸ ਮੌਕੇ ਬਲਵਿੰਦਰ ਸ਼ਰਮਾ ਖਿਆਲਾ, ਇਕਬਾਲ ਸਿੰਘ ਮਾਨਸਾ, ਮੇਜਰ ਸਿੰਘ ਦੂਲੋਵਾਲ, ਕ੍ਰਿਸ਼ਨ ਜੋਗਾ ਨੇ ਵੀ ਸੰਬੋਧਨ ਕੀਤਾ।
ਸਮਾਲਸਰ (ਗੁਰਜੰਟ ਕਲਸੀ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਿੱਲੀ ਵਿਚ ਹੋ ਰਹੀ ਟਰੈਕਟਰ ਪਰੇਡ ’ਚ ਸ਼ਾਮਲ ਹੋਣ ਲਈ ਅੱਜ ਡੇਮਰੂ ਕਲਾਂ, ਲੰਡੇ, ਸੇਖਾ ਖੁਰਦ, ਸੇਖਾ ਕਲਾਂ, ਸਮਾਲਸਰ ਤੋਂ ਸੈਂਕੜੇ ਕਿਸਾਨਾਂ ਦਾ ਕਾਫ਼ਲਾ ਰਵਾਨਾ ਹੋਇਆ। ਭਾਰਤੀ ਕਿਸਾਨ ਯੂਨੀਅਨ ਬਲਾਕ ਬਾਘਾ ਪੁਰਾਣਾ ਦੇ ਜਨਰਲ ਸਕੱਤਰ ਹਰਮੰਦਰ ਸਿੰਘ ਡੇਮਰੂ ਕਲਾਂ, ਅਜੀਤ ਸਿੰਘ ਜੌਹਲ, ਗੁਰਦਾਸ ਸੇਖਾ, ਪੰਚ ਬੁਕਣ ਸਿੰਘ ਡੇਮਰੂ ਕਲਾਂ, ਸੁਖਦੀਪ ਲੰਡੇ, ਤੇਜ ਲੰਡੇ, ਕੁਲਵੰਤ ਸੰਘਾ, ਹਰਬੰਸ ਸਿੰਘ ਨੇ ਦੱਸਿਆ ਕਿ ਬੱਸਾਂ, ਟਰੈਕਟਰਾਂ ਅਤੇ ਹੋਰ ਸਾਧਨਾ ਰਾਹੀਂ ਸੈਂਕੜੇ ਲੋਕਾਂ ਨੇ ਦਿੱਲੀ ਵੱਲ ਕੂਚ ਕੀਤਾ। ਉਨ੍ਹਾਂ ਕਿਹਾ ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹ ਘਰਾਂ ਨੂੰ ਵਾਪਸ ਨਹੀਂ ਪਰਤਣਗੇ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਬਲੌਰ ਸਿੰਘ ਘਾਲੀ ਦੀ ਅਗਵਾਈ ਹੇਠ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ 92ਵੇਂ ਅਤੇ ਅਡਾਨੀ ਅਨਾਜ ਭੰਡਾਰ ਅੱਗੇ ਕਿਸਾਨਾਂ ਦਾ 117ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਇਸ ਮੌਕੇ ਜਥੇਬੰਦੀ ਵੱਲੋਂ ਦਿੱਲੀ ਟਿਕਰੀ ਬਾਰਡਰ ਤੋਂ ਪਰਤੇ ਨੌਜਵਾਨ ਗੁਰਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਖੋਸਾ ਪਾਂਡੋ ਦੀ ਨਮੂਨੀਆਂ ਨਾਲ ਮੌਤ ਹੋ ਹੋਣ ਉੱਤੇ ਪੀੜਤ ਪਰਿਵਾਰ ਲਈ ਸਰਕਾਰੀ ਨੌਕਰੀ ਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਜਥੇਬੰਦੀ ਆਗੂ ਲਖਬੀਰ ਸਿੰਘ ਤੇ ਹੋਰ ਪੀੜਤ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਜਥੇਬੰਦੀ ਉਨ੍ਹਾਂ ਨਾਲ ਖੜ੍ਹੀ ਹੈ।
ਸ਼ਹਿਣਾ (ਪ੍ਰਮੋਦ ਸਿੰਗਲਾ): ਦਿੱਲੀ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਹਿੱਸਾ ਲੈਣ ਲਈ ਲਾਗਲੇ ਪਿੰਡ ਜੋਧਪੁਰ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦਾ ਸਾਂਝਾ ਜਥਾ ਰਵਾਨਾ ਹੋਇਆ। ਇਸ ਮੌਕੇ ਗੁਰਦੁਆਰਾ ਬਾਬਾ ਹਿੰਮਤ ਸਿੰਘ ਕਮੇਟੀ ਵੱਲੋਂ 10 ਹਜ਼ਾਰ, ਸ਼ਹੀਦ ਭਵਤ ਸਿੰਘ ਕਲੱਬ ਵੱਲੋਂ 6000 ਰੁਪਏ, ਬਾਬਾ ਮੂਲ ਚੰਦ ਪ੍ਰਬੰਧਕ ਕਮੇਟੀ ਵੱਲੋਂ 10 ਹਜ਼ਾਰ, ਸ਼ਮਸ਼ਾਨਘਾਟ ਕਮੇਟੀ ਵੱਲੋਂ 10 ਹਜ਼ਾਰ ਦੀ ਰਕਮ ਦਿੱਤੀ ਗਈ।
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਲਗਾਏ ਧਰਨੇ ’ਚ ਕਿਸਾਨਾਂ-ਮਜ਼ਦੂਰਾਂ ਤੇ ਵੱਡੀ ਗਿਣਤੀ ਵਿਚ ਔਰਤਾਂ ਨੇ ਸ਼ਮੂਲੀਅਤ ਕੀਤੀ। ਭਾਕਿਯੂ ਸਿੱਧੂਪੁਰ ਦੇ ਬਲਕਰਨ ਸਿੰਘ ਪਿੱਥੋ ਤੇ ਗੁਰਦੀਪ ਸਿੰਘ ਸੇਲਬਰਾਹ ਨੇ ਕਿਹਾ ਕਿ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਕੇਂਦਰ ਸਰਕਾਰ ਦੀਆਂ ਚੂਲਾਂ ਹਿਲਾ ਦੇਵੇਗੀ। ਕਾਮਰੇਡ ਮੱਖਣ ਸਿੰਘ ਤੇ ਇਨਕਲਾਬੀ ਕੇਂਦਰ ਜਗਦੀਪ ਸਿੰਘ ਰਾਮਪੁਰਾ ਨੇ ਸੰਬੋਧਨ ਕਰਦਿਆਂ ਦੋਸ਼ ਲਾਏ ਕਿਸਾਨ ਅੰਦੋਲਨ ਤੇ ਟਰੈਕਟਰ ਮਾਰਚ ਨੂੰ ਬਦਨਾਮ ਕਰਨ ਲਈ ਕੇਂਦਰ ਸਰਕਾਰ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ।
ਦੂਜੇ ਪਾਸੇ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਬਠਿੰਡਾ, ਚੰਡੀਗੜ੍ਹ ਹਾਈਵੇਅ ’ਤੇ ਰਿਲਾਇੰਸ ਪੰਪ ਦੇ ਅੱਗੇ ਪਿਛਲੇ ਲੰਬੇ ਸਮੇਂ ਤੋਂ ਲਗਾਇਆ ਧਰਨਾ ਨਿਰਵਿਘਨ ਚੱਲ ਰਿਹਾ ਹੈ। ਇਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ।
ਬਰਨਾਲਾ (ਪਰਸ਼ੋਤਮ ਬੱਲੀ): ਇੱਥੇ ਰੇਲਵੇ ਸਟੇਸ਼ਨ ਵਿਚ ਸਾਂਝਾ ਕਿਸਾਨ ਮੋਰਚਾ 117ਵੇਂ ਦਿਨ ਵੀ ਪੂਰਨ ਉਤਸ਼ਾਹ ਤੇ ਜੋਸ਼ ਨਾਲ ਜਾਰੀ ਰਿਹਾ| ਅੱਜ ਦੀ ਭੁੱਖ ਹੜਤਾਲ ਦੌਰਾਨ ਪਿੰਡ ਉਪਲੀ ਦੇ ਮੇਜਰ ਸਿੰਘ, ਗੁਰਜੀਤ ਸਿੰਘ, ਹਰਜਿੰਦਰ ਸਿੰਘ, ਭਰਪੂਰ ਸਿੰਘ ਤੇ ਦਰਸ਼ਨ ਸਿੰਘ 24 ਘੰਟੇ ਦੀ ਭੁੱਖ ਹੜਤਾਲ ’ਤੇ ਬੈਠੇ| ਸ਼ਿੰਦਰ ਸਿੰਘ ਧੌਲਾ, ਲੱਖਵਿੰਦਰ ਸਿੰਘ ਠੀਕਰੀਵਾਲਾ ਤੇ ਮੁਨਸ਼ੀ ਖਾਨ ਰੂੜੇਕੇ ਨੇ ਇਨਕਲਾਬੀ ਗੀਤਾਂ ਨਾਲ ਮਾਹੌਲ ਵਿੱਚ ਜੋਸ਼ ਭਰਿਆ| ਧਰਨੇ ਨੂੰ ਹਰਚਰਨ ਸਿੰਘ ਚੰਨਾ, ਜਸਪਾਲ ਸਿੰਘ ਅਸਪਾਲ ਕਲਾਂ, ਪਰੇਮਪਾਲ ਕੌਰ, ਬਾਰਾ ਸਿੰਘ ਬਦਰਾ, ਸੁਖਜੀਤ ਸਿੰਘ ਛੀਨੀਵਾਲ, ਰਾਮ ਸਿੰਘ, ਗੋਰਾ ਸਿੰਘ ਢਿੱਲਵਾਂ, ਸਾਹਿਬ ਸਿੰਘ ਬਡਬਰ, ਬੇਅੰਤ ਸਿੰਘ ਗਹਿਲ, ਗੁਰਚਰਨ ਸਿੰਘ, ਬਾਬੂ ਸਿੰਘ ਖੁੱਡੀ ਕਲਾਂ, ਜਗਰਾਮ ਸਿੰਘ ਰਾਮਾ ਤੇ ਬਲਵੰਤ ਸਿੰਘ ਉਪਲੀ ਨੇ ਸੰਬੋਧਨ ਕੀਤਾ| ਬੱਚਿਆਂ ਨੇ ਜੋਸ਼ੀਲੇ ਨਾਅਰੇ ਲਾਏ|
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਨੂੰਨਾਂ ਖ਼ਿਲਾਫ਼ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਸ ਅੱਗੇ 117 ਦਿਨਾਂ ਤੋਂ ਚੱਲ ਰਹੇ ਮੋਰਚੇ ਜਾਰੀ ਹਨ। ਇਸ ਮੌਕੇ ਵੱਡੀ ਗਿਣਤੀ ਔਰਤਾਂ ਅਤੇ ਬੱਚਿਆਂ ਨੇ ਕਿਸਾਨ ਏਕਤਾ ਜਿੰਦਾਬਾਦ ਅਤੇ ਮੋਦੀ ਸਰਕਾਰ ਮੁਰਦਾਬਾਦ ਦੇ ਜੋਸ਼ੀਲੇ ਨਾਅਰੇ ਲਗਾਏ। ਟੌਲ ਪਲਾਜ਼ਾ ’ਤੇ ਚੰਗੀਗੜ੍ਹ ਸਕੂਲ ਆਫ ਥੀਏਟਰ ਦੇ ਰੰਗਕਰਮੀਆਂ ਨੇ ਨਾਟਕ ‘ਗਧਾ ਅਤੇ ਸ਼ੇਰ’ ਪੇਸ਼ ਕੀਤਾ।
ਇਸ ਮੌਕੇ ਆਗੂ ਮੋਠੂ ਸਿੰਘ, ਗੁਰਮੇਲ ਸਿੰਘ ਨਥਾਣਾ, ਅਜਮੇਰ ਸਿੰਘ, ਬਲਤੇਜ ਸਿੰਘ, ਗੁਰਮੇਲ ਸਿੰਘ, ਬਲਵੀਰ ਸਿੰਘ ਤੇ ਕੁਲਵੰਤ ਸਿੰਘ ਬੀਬੀਵਾਲਾ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੌਤਾਂ ਦੀ ਵੀ ਕੋਈ ਪ੍ਰਵਾਹ ਨਹੀਂ ਹੈ।
ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਦਿੱਲੀ ਲਈ ਰਵਾਨਾ
ਮਾਨਸਾ (ਪੱਤਰ ਪ੍ਰੇਰਕ): 26 ਜਨਵਰੀ ਗਣਤੰਤਰ ਦਿਵਸ ਮੌਕੇ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਕੱਢੇ ਟਰੈਕਟਰ ਮਾਰਚ ਵਿੱਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਵੀ ਮਾਨਸਾ ਬਲਾਕ ਵਿੱਚੋਂ ਪਿੰਡ ਨੰਗਲ ਖੁਰਦ, ਦੂਲੋਵਾਲ ਦੇ ਆਗੂਆਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ। ਉਨ੍ਹਾਂ ਕਿਹਾ ਕਿ 26 ਜਨਵਰੀ ਗਣਤੰਤਰ ਦਿਵਸ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਪੂਰੇ ਪੰਜਾਬ ਵਿੱਚ ਮੋਦੀ ਸਰਕਾਰ ਦੀ ਅਰਥੀ ਫੂਕ ਮੁਜ਼ਾਹਰੇ ਕਰੇਗਾ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਸੇਵਕ ਸਿੰਘ ਮਾਨ ਨੇ ਕਿਹਾ ਕਿ ਇਹ ਤਿੰਨ ਖੇਤੀ ਕਾਨੂੰਨ ਦੇਸ਼ ਦੇ ਮਜ਼ਦੂਰਾਂ ਕਿਸਾਨਾਂ ਲਈ ਬੇਹੱਦ ਘਾਤਕ ਹਨ, ਜਿਸ ਲਈ ਇਨ੍ਹਾਂ ਨੂੰ ਤੁਰੰਤ ਰੱਦ ਕਰਨਾ ਚਾਹੀਦਾਂ ਹੈ। ਇਸ ਮੌਕੇ ਆਗੂ ਨਾਜਰ ਸਿੰਘ ਨੰਗਲ ਜਗਸੀਰ ਸਿੰਘ ਖ਼ਾਲਸਾ, ਬੂਟਾ ਸਿੰਘ ਦੂਲੋਵਾਲ ਭੋਲਾ ਸਿੰਘ ਦੂਲੋਵਾਲ ਨੇ ਵੀ ਸੰਬੋਧਨ ਕੀਤਾ।
ਕਿਸਾਨ ਆਗੂ ਮੰਦਰ ਸਿੰਘ ਰੱਲਾ ਨੂੰ ਸ਼ਰਧਾਂਜਲੀਆਂ
ਮਾਨਸਾ (ਪੱਤਰ ਪ੍ਰੇਰਕ): ਪਿੰਡ ਰੱਲਾ ਵਿਚ ਕਿਸਾਨੀ ਸੰਘਰਸ਼ ਦੇ ਆਗੂ ਮੰਦਰ ਸਿੰਘ ਰੱਲਾ ਨਮਿਤ ਰੱਖੇ ਸਹਿਜ ਪਾਠ ਦੇ ਭੋਗ ਪਾਏ ਗਏ। ਮੰਦਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਸਨ ਅਤੇ ਲਗਾਤਾਰ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈ ਰਹੇ ਸਨ। ਮੰਦਰ ਸਿੰਘ ਆਮ ਕਿਸਾਨ ਪਰਿਵਾਰ ਤੋਂ ਸੀ ਅਤੇ ਹਮੇਸ਼ਾ ਹੀ ਕਿਸਾਨੀ ਲਈ ਲੜਾਈ ਲੜਦਾ ਆ ਰਿਹਾ ਸੀ। ਕਿਸਾਨ ਸੰਘਰਸ਼ ਵਿੱਚ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਤੇ ਪਿੰਡ ਆ ਕੇ ਉਨ੍ਹਾਂ ਦੀ ਮੌਤ ਹੋ ਗਈ। ਮੰਦਰ ਸਿੰਘ ਰੱਲਾ ਖੇਤੀ ਕਾਨੂੰਨਾਂ ਦੀ ਲੜਾਈ ਆਖ਼ਰੀ ਸਾਹ ਤੱਕ ਲੜਦਾ ਰਿਹਾ।