ਜੋਗਿੰਦਰ ਸਿੰਘ ਮਾਨ
ਮਾਨਸਾ, 10 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਬਹਿਣੀਵਾਲ ਦੀ ਪੁਲੀਸ ਚੌਕੀ ਦਾ ਘਿਰਾਓ ਕਰਕੇ ਮਾਨਸਾ-ਦਮਦਮਾ ਸਾਹਿਬ ਮੁੱਖ ਸੜਕ ਜਾਮ ਕੀਤੀ ਗਈ। ਜਥੇਬੰਦੀ ਨੇ ਦੋਸ਼ ਲਾਇਆ ਕਿ ਇਲਾਕੇ ਵਿੱਚ ਲਗਾਤਾਰ ਘਰਾਂ ਅਤੇ ਖੇਤਾਂ ਵਿੱਚ ਚੋਰੀਆਂ ਹੋ ਰਹੀਆਂ ਹਨ, ਜਿਸ ਲਈ ਪੁਲੀਸ ਵੱਲੋਂ ਠੋਸ ਉਪਰਾਲੇ ਨਹੀਂ ਕੀਤੇ ਜਾ ਰਹੇ।
ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪਿੰਡ ਵਿਚ ਚੋਰੀ ਦੀਆਂ ਵਾਪਰੀਆਂ ਘਟਨਾਵਾਂ ’ਚ ਬਹਿਣੀਵਾਲ ਵਾਸੀ ਮਨਦੀਪ ਦੀਆਂ ਸੋਲਰ ਪਲੇਟਾਂ, ਸੁਖਵਿੰਦਰ ਤੇ ਬੱਬੀ ਦੇ ਸੋਲਰ ਵਾਲੀਆਂ ਮੋਟਰਾਂ ਦੇ ਸਟਾਟਰ, ਭੋਲਾ ਸਿੰਘ ਸਰਪੰਚ ਤੇ ਦੀਪ ਦੇ ਟਰਾਂਸਫਾਰਮਰ ਚੋਰੀ ਹੋਏ। ਇਸੇ ਤਰ੍ਹਾਂ ਹੋਰ ਵਸਤਾਂ ਵੀ ਚੋਰੀ ਹੋਈਆਂ ਜਿਨ੍ਹਾਂ ਸਬੰਧੀ ਚੌਕੀ ਇੰਚਾਰਜ ਤੇ ਮੁਨਸ਼ੀ ਨੇ ਇਨ੍ਹਾਂ ਚੋਰੀਆਂ ਦੀ ਕਥਿਤ ਤੌਰ ’ਤੇ ਸ਼ਿਕਾਇਤ ਦਰਜ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਚਿੱਟਾ ਸ਼ਰੇਆਮ ਵਿਕ ਰਿਹਾ ਹੈ ਪਰ ਪ੍ਰਸ਼ਾਸਨ ਸੁੱਤਾ ਪਿਆ ਹੈ।
ਆਗੂ ਕੁਲਦੀਪ ਸਿੰਘ ਚਹਿਲਾਂਵਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਚੋਰੀਆਂ ਦੀ ਮਾਮਲਾ ਨਾ ਦਰਜ ਕਰਕੇ ਸਮਾਜ ਵਿਰੋਧੀ ਅਨਸਰਾਂ ਦੀ ਪੁਸ਼ਤ-ਪਨਾਹੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਚੋਰੀਆਂ ਸਬੰਧੀ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸੇ ਦੌਰਾਨ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾਉਣਗੇ।
ਇਸ ਮੌਕੇ ਹਰਬੰਸ ਸਿੰਘ ਟਾਡੀਆਂ, ਦਰਸ਼ਨ ਸਿੰਘ ਗੁਰਨੇ ਕਲਾਂ, ਬਲਕਾਰ ਸਿੰਘ, ਗੋਰਾ ਸਿੰਘ ਮਾਖਾ, ਸੁਖਵਿੰਦਰ ਸਿੰਘ ਬੱਗੀ, ਬਲਵਿੰਦਰ ਸਿੰਘ, ਮੱਖਣ ਸਿੰਘ ਧਿੰਗੜ ਨੇ ਵੀ ਸੰਬੋਧਨ ਕੀਤਾ।